ਮੋਹਾਲੀ (ਹਰਮਿੰਦਰ ਨਾਗਪਾਲ):- ਲਾਇਨਜ਼ ਕਲੱਬ ਮੋਹਾਲੀ ਐੱਸ.ਏ.ਐੱਸ. ਨਗਰ (ਰਜਿ.) ਵੱਲੋਂ ਆਪਣੀ 32ਵੀਂ ਚਾਰਟਰ ਨਾਈਟ ਅਤੇ ਸਥਾਪਨਾ ਸਮਾਰੋਹ ਹੋਟਲ ਅਰਿਸਟਾ, ਸਨੀ ਐਨਕਲੇਵ, ਸੈਕਟਰ-125, ਮੋਹਾਲੀ ਵਿਖੇ ਕਰਵਾਇਆ ਗਿਆ। ਇਹ ਸਮਾਗਮ ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਅਤੇ ਲੀਓ ਕਲੱਬ ਮੋਹਾਲੀ ਸਮਾਈਲਿੰਗ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਰੋਹ ਦੌਰਾਨ ਨਵੇਂ ਕਾਰਜਕਾਲ ਲਈ ਤਿੰਨਾਂ ਕਲੱਬਾਂ ਦੀਆਂ ਲੀਡਰਸ਼ਿਪ ਟੀਮਾਂ ਦਾ ਰਸਮੀ ਐਲਾਨ ਕੀਤਾ ਗਿਆ।

ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਜ਼ਿਲ੍ਹਾ ਅੰਬੈਸਡਰ (ਕੁਐਸਟ) ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਲੀਓ ਈਸ਼ਾਨ ਪ੍ਰਤਾਪ ਸਿੰਘ ਵੱਲੋਂ ਸੰਵਿਧਾਨਕ ਇਨਵੋਕੇਸ਼ਨ ਨਾਲ ਕੀਤੀ ਗਈ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ। ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਅਮਰੀਕ ਸਿੰਘ ਮੋਹਾਲੀ ਨੇ ਮਹਿਮਾਨਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ। ਕਲੱਬ ਸਕੱਤਰ ਲਾਇਨ ਜਤਿੰਦਰ ਪਾਲ ਸਿੰਘ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਭਵਿੱਖ ਵਿੱਚ ਵੀ ਸਮਾਜ ਸੇਵਾ ਦੇ ਕੰਮ ਜਾਰੀ ਰੱਖਣ ਦਾ ਭਰੋਸਾ ਦਿੱਤਾ।

ਜ਼ਿਲ੍ਹਾ 321-F ਦੇ ਦੂਜੇ ਉਪ ਜ਼ਿਲ੍ਹਾ ਗਵਰਨਰ ਪੀਐੱਮਜੇਐੱਫ ਲਾਇਨ ਐੱਸ.ਕੇ. ਰਾਣਾ ਨੇ ਨਵੇਂ ਲਾਇਨਜ਼ ਅਤੇ ਲੀਓ ਮੈਂਬਰਾਂ ਨੂੰ ਕਲੱਬ ਵਿੱਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਨੂੰ ਲਾਇਨਿਜ਼ਮ ਦੇ ਸੰਵਿਧਾਨ ਪ੍ਰਤੀ ਨਿਸ਼ਠਾ ਦੀ ਸਹੁੰ ਚੁਕਾਈ। ਸਾਬਕਾ ਪਹਿਲੇ ਉਪ ਜ਼ਿਲ੍ਹਾ ਗਵਰਨਰ ਪੀਐੱਮਜੇਐੱਫ ਲਾਇਨ ਨਰੇਸ਼ ਗੋਇਲ ਨੇ ਨਵੇਂ ਪ੍ਰਸ਼ਾਸਨ ਦੀ ਸਥਾਪਨਾ ਕਰਵਾਈ।

ਮੁੱਖ ਮਹਿਮਾਨ ਜ਼ਿਲ੍ਹਾ ਗਵਰਨਰ ਪੀਐੱਮਜੇਐੱਫ ਲਾਇਨ ਅਜੈ ਗੋਇਲ ਨੇ ਕਲੱਬ ਦੀ 32 ਸਾਲਾਂ ਦੀ ਸਮਾਜ ਸੇਵਾ ਦੀ ਵਿਰਾਸਤ ਦੀ ਸ਼ਲਾਘਾ ਕੀਤੀ ਅਤੇ ਮੈਂਬਰਾਂ ਨੂੰ ਸਰਟੀਫਿਕੇਟ ਤੇ ਲੈਪਲ ਪਿੰਨ ਲਗਾਏ। ਪੀਐੱਮਜੇਐੱਫ ਲਾਇਨ ਯੋਗੇਸ਼ ਸੋਨੀ ਨੇ ਆਪਣੇ ਸੰਬੋਧਨ ਵਿੱਚ ਭਾਈਚਾਰਕ ਸੇਵਾ ਸੰਸਥਾਵਾਂ ਦੀ ਭੂਮਿਕਾ ਬਾਰੇ ਚਾਨਣਾ ਪਾਇਆ।

ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨਾਂ ਲਾਇਨ ਅਮਿਤ ਮਰਵਾਹਾ, ਲਾਇਨ ਜਸਵਿੰਦਰ ਕੌਰ ਅਤੇ ਲੀਓ ਗਗਨਦੀਪ ਸਿੰਘ ਨੇ ਸਮਾਜ ਸੇਵਾ ਲਈ ਸਰਗਰਮੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਪੀਐੱਮਜੇਐੱਫ ਲਾਇਨ ਪ੍ਰੀਤ ਕੰਵਲ ਸਿੰਘ ਅਤੇ ਲਾਇਨ ਸ਼ਾਮ ਗੌਤਮ ਨੇ ਵੀ ਵਧਾਈ ਦਿੱਤੀ। ਸਮਾਗਮ ਦੀ ਪ੍ਰਧਾਨਗੀ ਲਾਇਨ ਅਮਰੀਕ ਸਿੰਘ ਮੋਹਾਲੀ ਨੇ ਕੀਤੀ ਅਤੇ ਐੱਮਜੇਐੱਫ ਲਾਇਨ ਜੇ.ਐੱਸ. ਰਾਹੀ ਤੇ ਐੱਮਜੇਐੱਫ ਲਾਇਨ ਜਸਵਿੰਦਰ ਸਿੰਘ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਐੱਮਜੇਐੱਫ ਲਾਇਨ ਅਮਨਦੀਪ ਸਿੰਘ ਗੁਲਾਟੀ ਅਤੇ ਲਾਇਨ ਤੇਜਿੰਦਰ ਕੌਰ ਸਮੇਤ ਤਿੰਨਾਂ ਕਲੱਬਾਂ ਦੇ ਮੈਂਬਰ ਹਾਜ਼ਰ ਸਨ।