ਹੁਸ਼ਿਆਰਪੁਰ/ਦਲਜੀਤ ਅਜਨੋਹਾ":- ਪੰਜਾਬ ਸਰਕਾਰ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਜਸਵੰਤ ਸਿੰਘ ਜ਼ਫ਼ਰ ਹੁਰਾਂ ਦੇ ਦਿਸ਼ਾ ਨਿਰਦੇਸ਼ ਹੇਠ "ਬੱਬਰ ਅਕਾਲੀ ਲਹਿਰ ਅਤੇ ਆਦਿ ਧਰਮ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ" ਵਿਸ਼ੇ 'ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਸੂਰਾ ਸਿੰਘ ਵਿਖੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਦੇ ਓ.ਐੱਸ. ਡੀ. ਸ. ਚਰਨਜੀਤ ਸਿੰਘ ਚੰਨੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਆਏ ਹੋਏ ਮਹਿਮਾਨਾਂ ਅਤੇ ਸਾਹਿਤਕਾਰਾਂ ਨੂੰ ਜੀ ਆਇਆਂ ਆਖਦਿਆਂ ਅਤੇ ਸਮਾਗਮ ਦੀ ਰੂਪ ਰੇਖਾ ਸਾਂਝੀ ਕਰਦਿਆਂ ਡਾ. ਜਸਵੰਤ ਰਾਏ ਖੋਜ ਅਫ਼ਸਰ ਭਾਸ਼ਾ ਵਿਭਾਗ ਨੇ ਭਾਸ਼ਾ ਵਿਭਾਗ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਸਮਾਗਮ ਦੀ ਮਹੱਤਤਾ ਅਤੇ ਵਿਭਾਗ ਦੀਆਂ ਗਤੀਵਿਧੀਆਂ ਹਾਜ਼ਰੀਨ ਨਾਲ਼ ਸਾਂਝੀਆਂ ਕੀਤੀਆਂ। ਆਦਿ ਧਰਮ ਲਹਿਰ 'ਤੇ ਖੋਜ ਪੱਤਰ ਪੇਸ਼ ਕਰਦਿਆਂ ਡਾ. ਹਰਪ੍ਰੀਤ ਸਿੰਘ ਅਸਿਸਟੈਂਟ ਪ੍ਰੋਫੈਸਰ ਸਰਕਾਰੀ ਕਾਲਜ ਛਛਰੌਲੀ ਯਮੁਨਾਨਗਰ ਨੇ ਕਿਹਾ ਕਿ ਇਸੇ ਨਗਰ ਵਿੱਚੋਂ ਉੱਠੀ ਇਸ ਲਹਿਰ ਨੇ ਇਤਿਹਾਸ ਵਿੱਚ ਪਹਿਲੀ ਵਾਰ ਹਾਸ਼ੀਆਗਤ ਲੋਕਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ।ਇਸ ਲਹਿਰ ਦੇ ਨਾਇਕ ਬਾਬੂ ਮੰਗੂ ਰਾਮ ਮੰਗੋਵਾਲੀਆ ਨੂੰ ਪੰਜਾਬ ਦਾ ਅੰਬੇਡਕਰ ਵੀ ਕਿਹਾ ਜਾਂਦਾ ਹੈ।ਬੱਬਰ ਅਕਾਲੀ ਲਹਿਰ ਬਾਰੇ ਆਪਣਾ ਖੋਜ ਪੱਤਰ ਪੇਸ਼ ਕਰਦਿਆਂ ਸੀਤਾ ਰਾਮ ਬਾਂਸਲ ਨੇ ਕਿਹਾ ਪੂਰੀ ਦੁਨੀਆ 'ਤੇ ਸਾਮਰਾਜਵਾਦੀ ਤਾਕਤ ਦਾ ਝੰਡਾ ਝੁਲਾਉਣ ਵਾਲੀ ਅੰਗਰੇਜ਼ੀ ਹਕੂਮਤ ਨੂੰ ਬੱਬਰਾਂ ਨੇ ਅਜਿਹੀ ਭੁਆਂਟਣੀ ਦੁਆਈ ਕਿ ਦੋ ਸਾਲ ਇਨ੍ਹਾਂ ਦੇ ਪੈਰ ਨਾ ਲੱਗੇ। ਅੰਗਰੇਜ਼ਾਂ ਨਾਲ਼ ਲੋਹਾ ਲੈਂਦਿਆਂ ਤੇ ਦੇਸ਼ ਧਰੋਹੀਆਂ ਨੂੰ ਸੋਧਾ ਲਾਉਂਦਿਆਂ ਬੱਬਰਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ, ਫ਼ਾਂਸੀਆਂ ਤੇ ਚੜ੍ਹੇ ਤੇ ਦੇਸ਼ ਲਈ ਕੁਰਬਾਨ ਹੋ ਗਏ। ਦੋਹਾਂ ਪਰਚਿਆਂ ਨੂੰ ਰੂਹ ਨਾਲ਼ ਸੁਣ ਕੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਦੇ ਐ.ਐੱਸ.ਡੀ. ਚਰਨਜੀਤ ਸਿੰਘ ਚੰਨੀ ਨੇ ਭਾਸ਼ਾ ਵਿਭਾਗ ਨੂੰ ਦੁਆਬੇ ਦੀਆਂ ਇਸ ਆਹਲਾ ਦਰਜੇ ਦੀਆਂ ਲਹਿਰਾਂ ਦੀ ਵਿਦਿਆਰਥੀਆਂ ਨਾਲ਼ ਸਾਂਝ ਪੁਆਉਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਦੇ ਬੱਬਰਾਂ ਅਤੇ ਆਦਿ ਧਰਮ ਲਹਿਰ ਦੇ ਬਾਨੀ ਬਾਬੂ ਮੰਗੂ ਰਾਮ ਮੰਗੋਵਾਲੀਆ ਦਾ ਦੇਸ਼ ਦੀ ਅਜ਼ਾਦੀ ਵਿੱਚ ਉੱਘਾ ਯੋਗਦਾਨ ਹੈ।ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਸ. ਚਰਨਜੀਤ ਸਿੰਘ ਚੰਨੀ, ਡਾ. ਹਰਪ੍ਰੀਤ ਸਿੰਘ, ਸੀਤਾ ਰਾਮ ਬਾਂਸਲ, ਪ੍ਰਿੰਸੀਪਲ ਹਰਬਲਾਸ ਬੰਗਾ, ਬਾਬੂ ਮੰਗੂ ਰਾਮ ਮੰਗੋਵਾਲੀਆ ਦੇ ਪੜਪੋਤੇ ਸੁਭਾਸ਼ ਗੰਗੜ, ਮਾਸਟਰ ਅਰਵਿੰਦਰ ਸਿੰਘ ਹਵੇਲੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਰਮਜੀਤ ਕੌਰ, ਸੁਖਦੇਵ ਸਿੰਘ ਕਾਜਲ, ਬਲਜਿੰਦਰ ਮਾਨ, ਦਾ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਅਤੇ ਲੋਈਆਂ ਨਾਲ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਦੇ ਸਾਹਿਤਕ ਰੁਚੀਆਂ ਰੱਖਣ ਵਾਲੇ ਵਿਦਿਆਰਥੀ ਵੀ ਸਨਮਾਨਿਤ ਕੀਤੇ ਗਏ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਆਏ ਹੋਏ ਮਹਿਮਾਨਾਂ ਅਤੇ ਭਾਸ਼ਾ ਵਿਭਾਗ ਦੇ ਇਸ ਸਾਰਥਕ ਉਪਰਾਲੇ ਲਈ ਧੰਨਵਾਦੀ ਸ਼ਬਦ ਪ੍ਰਿੰਸੀਪਲ ਹਰਬਲਾਸ ਬੰਗਾ ਨੇ ਆਖੇ।ਸਟੇਜ ਦੀ ਕਾਰਵਾਈ ਲੈਕਚਰਾਰ ਪਰਮਜੀਤ ਕੌਰ ਨੇ ਬਾਖ਼ੂਬੀ ਨਿਭਾਈ।ਇਸ ਮੌਕੇ ਭਾਸ਼ਾ ਵਿਭਾਗ ਤੋਂ ਰਾਹੁਲ, ਲਾਲ ਸਿੰਘ, ਲੇਖਕ ਸੋਹਣ ਸਿੰਘ ਸੁੰਨੀ, ਸ਼ਾਮ ਸੁੰਦਰ ਪੋਸੀ, ਸਤਨਾਮ ਸਾਜਨ, ਗੁਰਿੰਦਰ ਸਿੰਘ, ਮਨੋਜ ਕੁਮਾਰ ਬੰਗਾ, ਰਾਜ ਕੁਮਾਰ, ਗੁਰਵਿੰਦਰ ਕੌਰ, ਮੀਨਾ, ਸੰਦੀਪ ਕੌਰ, ਨੀਨਾ ਕੁਮਾਰੀ, ਰੁਪਿੰਦਰ ਕੌਰ ਸਮੇਤ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।