ਸਨੌਰ:- ਪੀ.ਐੱਮ. ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਨੌਰ ਵਿਖੇ ਹੀਟ ਵੇਵ, ਲੂ, ਅੱਗ, ਡੀਹਾਈਡ੍ਰੇਸ਼ਨ ਅਤੇ ਹੋਰ ਐਮਰਜੈਂਸੀ ਸਥਿਤੀਆਂ ਤੋਂ ਬਚਾਅ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ. ਕਰਮਜੀਤ ਕੌਰ ਨੇ ਕਿਹਾ ਕਿ ਸੇਫਟੀ, ਅਰੋਗਤਾ, ਫਸਟ ਏਡ ਅਤੇ ਪੀੜਤਾਂ ਦੀ ਸਹਾਇਤਾ ਸਬੰਧੀ ਜਾਣਕਾਰੀ ਅਤੇ ਸਿਖਲਾਈ ਜਾਨਾਂ ਬਚਾਉਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ।
ਉਨ੍ਹਾਂ ਕਿਹਾ ਕਿ ਦਿਨ-ਪ੍ਰਤੀਦਿਨ ਵੱਧ ਰਹੀਆਂ ਕੁਦਰਤੀ, ਮੌਸਮੀ ਅਤੇ ਮਨੁੱਖੀ ਆਫ਼ਤਾਂ ਜਿਵੇਂ ਅੱਗ, ਭੂਚਾਲ, ਹੜ੍ਹ, ਸੁਨਾਮੀ, ਬੱਦਲ ਫਟਣ ਅਤੇ ਹੋਰ ਹਾਦਸਿਆਂ ਕਾਰਨ ਹਰ ਰੋਜ਼ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦੌਰਾਨ ਗੈਸ, ਬਿਜਲੀ ਅਤੇ ਪੈਟਰੋਲੀਅਮ ਪਦਾਰਥਾਂ ਦੀ ਸਹੀ ਵਰਤੋਂ, ਸੁਰੱਖਿਆ ਉਪਾਵਾਂ ਅਤੇ ਐਮਰਜੈਂਸੀ ਸਥਿਤੀ ਵਿੱਚ ਬਚਾਅ ਕਾਰਜਾਂ ਬਾਰੇ ਜਾਣਕਾਰੀ ਦੀ ਘਾਟ ਵੀ ਵੱਡਾ ਕਾਰਨ ਬਣਦੀ ਹੈ।
ਡਾ. ਕਰਮਜੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਮਾਪਿਆਂ ਨੂੰ ਰਸਾਇਣਕ, ਪ੍ਰਮਾਣੂ, ਬਿਜਲੀ ਅਤੇ ਪੈਟਰੋਲੀਅਮ ਨਾਲ ਸਬੰਧਤ ਸੰਭਾਵਿਤ ਖਤਰਿਆਂ, ਆਫ਼ਤ ਪ੍ਰਬੰਧਨ, ਸੁਰੱਖਿਆ ਅਤੇ ਫਸਟ ਏਡ ਦੀ ਨਿਯਮਿਤ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੀ ਇਸ ਦਿਸ਼ਾ ਵਿੱਚ ਲਗਾਤਾਰ ਯਤਨ ਕਰ ਰਹੇ ਹਨ।
ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਸੇਵਾਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਅਤੇ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈੱਲ ਦੇ ਏ.ਐੱਸ.ਆਈ. ਰਾਮ ਸਰਨ ਨੇ ਵਿਦਿਆਰਥੀਆਂ ਨੂੰ ਹੀਟ ਵੇਵ, ਲੂ, ਡੀਹਾਈਡ੍ਰੇਸ਼ਨ, ਹੈਜ਼ਾ, ਤੇਜ਼ ਬੁਖ਼ਾਰ, ਉਲਟੀਆਂ, ਦਸਤ, ਬੇਹੋਸ਼ੀ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ ਅਤੇ ਹੋਰ ਐਮਰਜੈਂਸੀ ਸਥਿਤੀਆਂ ਤੋਂ ਬਚਾਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਗਰਮੀ ਦੌਰਾਨ ਸਰੀਰ ਵਿੱਚ ਪਾਣੀ ਅਤੇ ਲੂਣ ਦੀ ਕਮੀ ਨੂੰ ਪੂਰਾ ਕਰਨ ਲਈ ਓ.ਆਰ.ਐੱਸ., ਮਿੱਠੇ ਨਿੰਬੂ ਪਾਣੀ, ਲੱਸੀ, ਸੱਤੂ ਅਤੇ ਹੋਰ ਤਰਲ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਨਾਲ ਹੀ ਗਰਮੀ ਅਤੇ ਲੂ ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਵੀ ਅਪਣਾਉਣੀਆਂ ਚਾਹੀਦੀਆਂ ਹਨ।
ਪ੍ਰੋਗਰਾਮ ਦੇ ਅੰਤ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਡਾ. ਕਰਮਜੀਤ ਕੌਰ, ਸ਼੍ਰੀ ਕਾਕਾ ਰਾਮ ਵਰਮਾ ਅਤੇ ਏ.ਐੱਸ.ਆਈ. ਰਾਮ ਸਰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਸਟ ਏਡ, ਸੀ.ਪੀ.ਆਰ., ਫਾਇਰ ਸੇਫਟੀ, ਗੈਸ ਸਿਲੰਡਰਾਂ ਦੀ ਸੁਰੱਖਿਅਤ ਵਰਤੋਂ ਅਤੇ ਆਫ਼ਤ ਪ੍ਰਬੰਧਨ ਸਬੰਧੀ ਅਜਿਹੀਆਂ ਟ੍ਰੇਨਿੰਗਾਂ ਅਤੇ ਅਭਿਆਸ ਸਕੂਲਾਂ, ਕਾਲੋਨੀਆਂ ਅਤੇ ਪਿੰਡਾਂ ਵਿੱਚ ਨਿਯਮਿਤ ਤੌਰ ’ਤੇ ਕਰਵਾਏ ਜਾਣੇ ਚਾਹੀਦੇ ਹਨ, ਤਾਂ ਜੋ ਲੋਕ ਜਾਗਰੂਕ ਹੋਣ ਅਤੇ ਅਣਗਹਿਲੀ ਕਾਰਨ ਹੋਣ ਵਾਲੇ ਹਾਦਸਿਆਂ ਅਤੇ ਬੇਵਕਤੀ ਮੌਤਾਂ ਨੂੰ ਘਟਾਇਆ ਜਾ ਸਕੇ।
ਸੇਫਟੀ ਫਸਟ ਏਡ ਅਤੇ ਆਫ਼ਤ ਪ੍ਰਬੰਧਨ ਦਾ ਗਿਆਨ ਜਾਨਾਂ ਬਚਾਉਣ ਲਈ ਬੇਹੱਦ ਜ਼ਰੂਰੀ ਡਾ ਕਰਮਜੀਤ ਕੌਰ
