ਨਵਾਂਸ਼ਹਿਰ - ਅੱਜ ਕਿਰਤੀ ਕਿਸਾਨ ਯੂਨੀਅਨ ਜਿਲਾ ਨਵਾਂਸ਼ਹਿਰ ਵਲੋਂ ਡੀ.ਸੀ ਦਫਤਰ ਅੱਗੇ ਦਿੱਤੇ ਗਏ ਧਰਨੇ ਵਿਚ ਆਕੇ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਵਲੋਂ ਅਵਾਰਾ ਸਾਹਨ ਦੁਆਰਾ ਮਾਰੇ ਗਏ ਪਿੰਡ ਅਸਮਾਨ ਪੁਰ ਦੇ ਕਿਸਾਨ ਬਹਾਦਰ ਸਿੰਘ ਦੇ ਵਾਰਸਾਂ ਦੇ ਬੈਂਕ ਖਾਤੇ ਵਿੱਚ ਦੋ ਤਿੰਨ ਦਿਨ ਵਿੱਚ ਮੁਆਵਜ਼ੇ ਦੇ ਪੰਜ ਲੱਖ ਰੁਪਏ ਪਾਉਣ ਦੇ ਕੀਤੇ ਐਲਾਨ ਉਪਰੰਤ ਕਿਸਾਨਾਂ ਵਲੋਂ ਇਹ ਧਰਨਾ ਚੁੱਕ ਲਿਆ ਗਿਆ। 
ਇੱਥੇ ਵਰਨਣਯੋਗ ਹੈ ਕਿ 24 ਅਕਤੂਬਰ ਨੂੰ ਬਹਾਦਰ ਸਿੰਘ ਅਸਮਾਨ ਪੁਰ ਨੂੰ ਉਸਦੇ ਖੇਤਾਂ ਵਿੱਚ ਅਵਾਰਾ ਸਾਹਨ ਨੇ ਟੱਕਰਾਂ ਮਾਰ ਮਾਰਕੇ ਮਾਰ ਦਿੱਤਾ ਸੀ। ਉਦੋਂ ਤੋਂ ਹੀ ਕਿਰਤੀ ਕਿਸਾਨ ਯੂਨੀਅਨ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜਾ ਦੇਣ ਦੀ ਮੰਗ ਕਰ ਰਹੀ ਸੀ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਆਵਜੇ ਦਾ ਕਾਗਜ਼ਾਂ ਪੱਤਰਾਂ ਦਾ ਕੰਮ ਲੱਗਭੱਗ ਮੁਕੰਮਲ ਹੋ ਗਿਆ ਹੈ ਅਤੇ ਛੇਤੀਂ ਹੀ ਮੁਆਵਜੇ ਦੀ ਰਾਸ਼ੀ ਮ੍ਰਿਤਕ ਦੇ ਵਾਰਸਾਂ ਦੇ ਬੈਂਕ ਖਾਤੇ ਵਿੱਚ ਚਲੀ ਜਾਵੇਗੀ।
       ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜਿਲਾ ਸਕੱਤਰ ਤਰਸੇਮ ਸਿੰਘ ਬੈਂਸ, ਜਿਲਾ ਖਜਾਨਚੀ ਸੋਹਣ ਸਿੰਘ ਅਟਵਾਲ ਨੇ ਕਿਹਾ ਕਿ ਇਹ ਜਿੱਤ ਯੂਨੀਅਨ ਦੇ ਏਕੇ ਅਤੇ ਸੰਘਰਸ਼ ਦੀ ਜਿੱਤ ਹੈ। ਸੰਘਰਸ਼ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ ਹੁੰਦੀ। ਇਸ ਲਈ ਕਿਸਾਨਾਂ ਨੂੰ ਆਪਣਾ ਏਕਾ ਹੋਰ ਵੀ ਮਜਬੂਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਵਾਰਾ ਪਸ਼ੂ ਜਿੱਥੇ ਫਸਲਾਂ ਦਾ ਉਜਾੜਾ ਕਰਦੇ ਹਨ ਉੱਥੇ ਕੀਮਤੀ ਮਨੁੱਖੀ ਜਾਨਾਂ ਵੀ ਲੈ ਰਹੇ ਹਨ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕਰ ਰਹੀ।ਸਰਕਾਰ ਵੱਡੀ ਪੱਧਰ ਉੱਤੇ ਗਊ ਸੈੱਸ ਲੈ ਰਹੀ ਹੈ, ਪਰ ਅਵਾਰਾ ਪਸ਼ੂਆਂ ਦਾ ਪ੍ਰਬੰਧ ਨਹੀਂ ਕਰ ਰਹੀ। ਜਰਨੈਲ ਸਿੰਘ ਕਾਹਮਾ, ਗੁਰਬਖਸ਼ ਕੌਰ ਸੰਘਾ, ਸਿਮਰਨ ਸਿੰਮੀ, ਬਿੱਕਰ ਸਿੰਘ ਸ਼ੇਖੂਪੁਰ, ਪਰਮਜੀਤ ਸਿੰਘ ਸ਼ਹਾਬ ਪੁਰ, ਪਰਵੀਨ ਕੁਮਾਰ ਨਿਰਾਲਾ, ਰਘਵੀਰ ਸਿੰਘ ਅਸਮਾਨ ਪੁਰ, ਪਾਖਰ ਸਿੰਘ ਅਸਮਾਨ ਪੁਰ, ਸੁਰਿੰਦਰ ਸਿੰਘ ਮਹਿਰਮ ਪੁਰ, ਮੋਹਨ ਸਿੰਘ ਲੰਗੜੋਆ, ਕਰਨੈਲ ਸਿੰਘ ਮੌਲਾ ਉੜਾਪੜ ਆਗੂਆਂ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਹਰ ਸਮੇਂ ਕਿਸਾਨਾਂ ਦੇ ਨਾਲ ਖੜੀ ਹੈ। ਇਸ ਮੌਕੇ ਸਾਧੂ ਸਿੰਘ ਚੂਹੜ ਪੁਰ,ਸੁਰਿੰਦਰ ਸਿੰਘ ਸੋਇਤਾ, ਮਾਸਟਰ ਕੇਵਲ ਸਿੰਘ, ਮੱਖਣ ਸਿੰਘ ਭਾਨਮਜਾਰਾ ਅਤੇ ਮੇਜਰ ਸਿੰਘ ਨੇ ਵੀ ਸੰਬੋਧਨ ਕੀਤਾ।