ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ, ਗੜ੍ਹਸ਼ੰਕਰ ਵਿਖੇ ਕਾਲਜ ਦੇ ਅੰਗਰੇਜ਼ੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ “ਐੱਮ.ਐੱਲ.ਏ. 8: ਦ ਰਿਸਰਚਰਜ਼ ਗਾਈਡ ਟੂ ਅਕਾਦਮਿਕ ਰਾਈਟਿੰਗ” ਵਿਸ਼ੇ ’ਤੇ ਅਕਾਦਮਿਕ ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰੋ. ਨਵਦੀਪ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਹਵਾਲਿਆਂ ਦੀ ਸਹੀ ਵਰਤੋਂ, ਵਰਕਸ ਸਾਈਟਿਡ ਪੰਨੇ ਦੀ ਤਿਆਰੀ, ਸਰੋਤਾਂ ਦਾ ਉਚਿਤ ਜ਼ਿਕਰ ਕਰਨ ਅਤੇ ਵਿਦਵਤਾਪੂਰਨ ਸਮੱਗਰੀ ਦੀ ਨੈਤਿਕ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸਾਹਿਤਕ ਚੋਰੀ ਤੋਂ ਬਚਣ, ਅਕਾਦਮਿਕ ਇਮਾਨਦਾਰੀ ਬਣਾਈ ਰੱਖਣ ਅਤੇ ਖੋਜ-ਮੁਖੀ ਵਿਦਵਤਾਪੂਰਨ ਲੇਖਣ ਦੇ ਹੁਨਰ ਵਿਕਸਿਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਕਾਲਜ ਦੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਅੰਗਰੇਜ਼ੀ ਵਿਭਾਗ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਖੋਜ ਕਾਰਜ ਵਿੱਚ ਨੈਤਿਕ ਕਦਰਾਂ-ਕੀਮਤਾਂ, ਹਵਾਲਿਆਂ ਦੀ ਸਹੀ ਵਰਤੋਂ ਅਤੇ ਅਕਾਦਮਿਕ ਇਮਾਨਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਖੋਜ-ਮੁਖੀ ਦ੍ਰਿਸ਼ਟੀਕੋਣ ਅਪਣਾਉਣ ਅਤੇ ਅਕਾਦਮਿਕ ਲੇਖਣ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦਾ ਪ੍ਰਬੰਧ ਪ੍ਰੋ. ਪੂਨਮ ਵੱਲੋਂ ਕੀਤਾ ਗਿਆ ਅਤੇ ਪ੍ਰੋ. ਰਿਤੂ ਸਿੰਘ ਨੇ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ।