ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਸਿੱਖਿਆ ਡਾਇਰੈਕਟੋਰੇਟ ਦੇ ਸਕੱਤਰ ਇੰਜ. ਸੁਖਮਿੰਦਰ ਸਿੰਘ ਦੇ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਲੜਕੀਆਂ ਲਈ ਛੇ ਰੋਜ਼ਾ ਰੁਜ਼ਗਾਰ ਯੋਗਤਾ ਅਤੇ ਹੁਨਰ ਵਿਕਾਸ ਸਿਖਲਾਈ ਵਰਕਸ਼ਾਪ ਲਗਾਈ ਗਈ।
ਕਾਲਜ ਦੇ ਕੈਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈੱਲ ਵੱਲੋਂ ਆਈ.ਕਿਊ.ਏ.ਸੀ., ਮਹਿੰਦਰਾ ਪ੍ਰਾਈਡ ਕਲਾਸਰੂਮ ਅਤੇ ਨੰਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਲਗਾਈ ਇਸ ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਸ਼ਖ਼ਸੀਅਤ ਵਿਕਾਸ, ਸਾਫ਼ਟ ਸਕਿੱਲਜ਼, ਫ਼ੈਸਲੇ ਲੈਣ ਦੀ ਸਮਰੱਥਾ, ਲੀਡਰਸ਼ਿਪ, ਸਮੱਸਿਆਵਾਂ ਹੱਲ ਕਰਨ ਦੀ ਕਲਾ ਅਤੇ ਇੰਟਰਵਿਊ ਸਕਿੱਲਜ਼ ਬਾਰੇ ਵਿਹਾਰਕ ਸਿਖਲਾਈ ਦਿੱਤੀ ਗਈ।
ਵਰਕਸ਼ਾਪ ਦੌਰਾਨ ਨੰਦੀ ਫਾਊਂਡੇਸ਼ਨ ਤੋਂ ਰਿਸੋਰਸ ਪਰਸਨ ਰਿਤਿਕਾ ਨੇ ਵਿਦਿਆਰਥਣਾਂ ਨੂੰ ਇੰਟਰਵਿਊ ਦੀ ਤਿਆਰੀ, ਢੁਕਵੇਂ ਪਹਿਰਾਵੇ, ਪੇਸ਼ੇਵਰ ਗਰੂਮਿੰਗ, ਆਪਣੀ ਜਾਣ-ਪਛਾਣ ਕਰਵਾਉਣ, ਪ੍ਰਭਾਵਸ਼ਾਲੀ ਸੰਚਾਰ ਅਤੇ ਆਤਮ-ਵਿਸ਼ਵਾਸ ਨਾਲ ਜਵਾਬ ਦੇਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥਣਾਂ ਦੇ ਮੌਕ ਇੰਟਰਵਿਊ ਵੀ ਕਰਵਾਏ ਗਏ, ਜਿਸ ਨਾਲ ਉਨ੍ਹਾਂ ਨੂੰ ਅਸਲ ਇੰਟਰਵਿਊ ਦਾ ਵਿਹਾਰਕ ਤਜਰਬਾ ਮਿਲਿਆ।
ਇਸੇ ਤਰ੍ਹਾਂ ਵਿਦਿਆਰਥਣਾਂ ਨੂੰ ਆਪਣੀ ਸਮਰੱਥਾ ਪਛਾਣਨ, ਹੁਨਰਾਂ ਵਿੱਚ ਸੁਧਾਰ ਕਰਨ ਅਤੇ ਬਿਹਤਰ ਕਰੀਅਰ ਫ਼ੈਸਲੇ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਸਮਾਪਤੀ ਮੌਕੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਕਿਹਾ ਕਿ ਲੜਕੀਆਂ ਦੀ ਬਿਹਤਰੀ ਅਤੇ ਸਸ਼ਕਤੀਕਰਨ ਲਈ ਅਜਿਹੀਆਂ ਵਰਕਸ਼ਾਪਾਂ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਵਿੱਚ ਆਤਮ-ਵਿਸ਼ਵਾਸ, ਹੁਨਰ ਅਤੇ ਆਤਮ-ਨਿਰਭਰਤਾ ਪੈਦਾ ਕਰਨ ਵਿੱਚ ਸਹਾਇਕ ਹੁੰਦੇ ਹਨ ਅਤੇ ਉਨ੍ਹਾਂ ਨੂੰ ਨਿੱਜੀ ਤੇ ਪੇਸ਼ੇਵਰ ਜੀਵਨ ਵਿੱਚ ਅੱਗੇ ਵਧਣ ਲਈ ਤਿਆਰ ਕਰਦੇ ਹਨ।
ਕੈਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈੱਲ ਦੇ ਕੋਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਾਲਜ ਵੱਲੋਂ ਅਜਿਹੀਆਂ ਵਰਕਸ਼ਾਪਾਂ ਲਗਾਉਣਾ ਇੱਕ ਨਿਰੰਤਰ ਪ੍ਰਕਿਰਿਆ ਬਣ ਚੁੱਕੀ ਹੈ। ਪ੍ਰੋ. ਕਿਰਨਜੋਤ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ।
ਇਸ ਮੌਕੇ ਆਈ.ਕਿਊ.ਏ.ਸੀ. ਸੈੱਲ ਦੀ ਕੋਆਰਡੀਨੇਟਰ ਡਾ. ਕੁਲਦੀਪ ਕੌਰ, ਡਾ. ਮੁਕੇਸ਼ ਸ਼ਰਮਾ, ਪ੍ਰੋ. ਮਨਵੀਰ ਕੁਮਾਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
