ਕਰਨਾਲ, 12 ਨਵੰਬਰ (ਪ੍ਰਵੀਣ ਵਾਲੀਆ):- ਨਗਰ ਨਿਗਮ ਦੀ ਮੇਅਰ ਰੇਣੂ ਬਾਲਾ ਗੁਪਤਾ ਅਤੇ ਨਗਰ ਨਿਗਮ ਕਮਿਸ਼ਨਰ ਸਲੋਨੀ ਸ਼ਰਮਾ ਨੇ ਵੀਰਵਾਰ ਨੂੰ ਨਿਗਮ ਦੇ ਸਭਾ ਘਰ ਵਿੱਚ ਹੋਈ ਮੀਟਿੰਗ ਦੌਰਾਨ ਸਵੱਛ ਸਰਵੇਖਣ 2025-26 ਵਿੱਚ ਕਰਨਾਲ ਸ਼ਹਿਰ ਨੂੰ ਮੁੜ ਰਾਸ਼ਟਰਪਤੀ ਪੁਰਸਕਾਰ ਮਿਲਣ ’ਤੇ ਸਮੂਹ ਕੌਂਸਲਰਾਂ ਅਤੇ ਨਾਗਰਿਕਾਂ ਨੂੰ ਵਧਾਈ ਦਿੱਤੀ। ਹਰਿਆਣਾ ਦਾ ਸਭ ਤੋਂ ਸਾਫ਼ ਸ਼ਹਿਰ ਬਣਨ ’ਤੇ ਕਰਨਾਲ ਨੂੰ ਇਹ ਵੱਕਾਰੀ ਪੁਰਸਕਾਰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਰਵਾਏ ਗਏ ਇੱਕ ਸ਼ਾਨਦਾਰ ਸਮਾਗਮ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਪ੍ਰਦਾਨ ਕੀਤਾ ਗਿਆ। ਮੀਟਿੰਗ ਵਿੱਚ ਨਗਰ ਨਿਗਮ ਦੇ ਸਾਰੇ ਕੌਂਸਲਰ, ਨਾਮਜ਼ਦ ਕੌਂਸਲਰ, ਵਧੀਕ ਨਗਰ ਨਿਗਮ ਕਮਿਸ਼ਨਰ ਅਸ਼ੋਕ ਕੁਮਾਰ, ਸੈਕਸ਼ਨ ਅਫ਼ਸਰ ਹਰੀਸ਼ ਕੁਮਾਰ ਅਤੇ ਸਫ਼ਾਈ ਟੀਮ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
ਮੇਅਰ ਰੇਣੂ ਬਾਲਾ ਗੁਪਤਾ ਨੇ ਸਫ਼ਾਈ ਲਈ ਮਿਲੇ ਵੱਕਾਰੀ ਰਾਸ਼ਟਰਪਤੀ ਪੁਰਸਕਾਰ ਨੂੰ ਕਰਨਾਲ ਦੇ ਲੋਕਾਂ ਦਾ ਮਾਣ ਦੱਸਿਆ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸਫ਼ਾਈ ਦਾ ਮੂਲ ਮੰਤਰ ਦਿੱਤਾ ਸੀ। ਅੱਜ ਹਾਲਾਤ ਇਹ ਹਨ ਕਿ ਜਿਸ ਭਾਰਤ ਨੂੰ ਕੁਝ ਸਾਲ ਪਹਿਲਾਂ ਵਿਦੇਸ਼ਾਂ ਵਿੱਚ ਗੰਦੇ ਦੇਸ਼ ਵਜੋਂ ਗਿਣਿਆ ਜਾਂਦਾ ਸੀ, ਅੱਜ ਦੁਨੀਆ ਦੇ ਕਈ ਦੇਸ਼ ਭਾਰਤ ਵਿੱਚ ਸਫ਼ਾਈ ਦੇ ਖੇਤਰ ਵਿੱਚ ਅਪਣਾਏ ਜਾ ਰਹੇ ਤਰੀਕਿਆਂ ਨੂੰ ਆਪਣੇ ਇੱਥੇ ਲਾਗੂ ਕਰ ਰਹੇ ਹਨ। ਉਨ੍ਹਾਂ ਯਾਦ ਕਰਵਾਇਆ ਕਿ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਸਫ਼ਾਈ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਸੀ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹਿੰਦਿਆਂ ਉਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਦੇ ਪੈਰ ਧੋ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਇੱਕ ਉੱਤਮ ਤੇ ਮਿਸਾਲੀ ਉਦਾਹਰਨ ਪੇਸ਼ ਕੀਤੀ ਸੀ। ਉਨ੍ਹਾਂ ਵੱਕਾਰੀ ਰਾਸ਼ਟਰਪਤੀ ਪੁਰਸਕਾਰ ਮਿਲਣ ’ਤੇ ਸ਼ਹਿਰ ਦੇ ਸਾਰੇ ਨਾਗਰਿਕਾਂ, ਕੌਂਸਲਰਾਂ, ਵਾਰਡ ਕਮੇਟੀ ਮੈਂਬਰਾਂ ਅਤੇ ਨਗਰ ਨਿਗਮ ਦੀ ਸਮੁੱਚੀ ਟੀਮ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਸਾਲ 2014 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਸੰਪੂਰਨ ਸਫ਼ਾਈ ਮੁਹਿੰਮ ਸ਼ੁਰੂ ਕਰਦਿਆਂ ਦੇਸ਼ ਵਾਸੀਆਂ ਨੂੰ ਆਪਣੇ-ਆਪਣੇ ਇਲਾਕਿਆਂ ਨੂੰ ਸਾਫ਼-ਸੁਥਰਾ ਰੱਖਣ ਦਾ ਸੱਦਾ ਦਿੱਤਾ ਸੀ। ਇਸ ਦੇ ਬੇਮਿਸਾਲ ਨਤੀਜੇ ਅੱਜ ਸਭ ਦੇ ਸਾਹਮਣੇ ਹਨ। ਪ੍ਰਧਾਨ ਮੰਤਰੀ ਦੇ ਸੱਦੇ ਤੋਂ ਪ੍ਰੇਰਿਤ ਹੋ ਕੇ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ ਅਤੇ ਮੌਜੂਦਾ ਕੇਂਦਰੀ ਸ਼ਹਿਰੀ ਵਿਕਾਸ ਅਤੇ ਆਵਾਸ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇ ਵਿੱਚ ਸਫ਼ਾਈ ਦੀ ਜਨਤਕ ਲਹਿਰ ਸ਼ੁਰੂ ਕੀਤੀ ਸੀ। ਇਸ ਦੇ ਨਤੀਜੇ ਵਜੋਂ ਸੂਬੇ ਨੂੰ ਹੁਣ ਤੱਕ ਕੌਮੀ ਪੱਧਰ ਦੇ ਕਈ ਪੁਰਸਕਾਰ ਮਿਲ ਚੁੱਕੇ ਹਨ। ਇਹ ਇੱਕ ਵੱਡੀ ਪ੍ਰਾਪਤੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸ਼ਹਿਰ ਵਿੱਚ ਕਈ ਵਿਕਾਸ ਅਤੇ ਸਫ਼ਾਈ ਕਾਰਜਾਂ ਨਾਲ ਕਰਨਾਲ ਦਾ ਨਾਮ ਰੌਸ਼ਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਫ਼ਾਈ ਦੇ ਯਤਨ ਸਿਰਫ਼ ਕੋਈ ਪੁਰਸਕਾਰ ਪ੍ਰਾਪਤ ਕਰਨ ਲਈ ਨਹੀਂ ਕੀਤੇ ਜਾਂਦੇ, ਸਗੋਂ ਇਹ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਉਨ੍ਹਾਂ ਨਗਰ ਨਿਗਮ ਦੇ ਕੌਂਸਲਰਾਂ, ਵਾਰਡ ਕਮੇਟੀ ਮੈਂਬਰਾਂ ਅਤੇ ਨਾਗਰਿਕਾਂ ਨੂੰ ਮਿਲ ਕੇ ਸ਼ਹਿਰ ਵਿੱਚ ਸਫ਼ਾਈ ਦੀ ਜਨਤਕ ਲਹਿਰ ਚਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਵੱਛ ਸਰਵੇਖਣ 2026-27 ਦੀ ਤਿਆਰੀ ਹੁਣੇ ਤੋਂ ਸ਼ੁਰੂ ਕੀਤੀ ਜਾਵੇ, ਤਾਂ ਜੋ ਦੇਸ਼ ਵਿੱਚ ਨੰਬਰ ਇੱਕ ਦਾ ਟੀਚਾ ਹਾਸਲ ਕੀਤਾ ਜਾ ਸਕੇ।
ਨਗਰ ਨਿਗਮ ਕਮਿਸ਼ਨਰ ਸਲੋਨੀ ਸ਼ਰਮਾ ਨੇ ਵੀ ਕਰਨਾਲ ਨੂੰ ਵੱਕਾਰੀ ਰਾਸ਼ਟਰਪਤੀ ਪੁਰਸਕਾਰ ਲਈ ਚੁਣੇ ਜਾਣ ’ਤੇ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਾਂਝੇ ਸਹਿਯੋਗ ਨਾਲ ਸੰਭਵ ਹੋਇਆ ਹੈ। ਉਨ੍ਹਾਂ ਸਫ਼ਾਈ ਅਧਿਕਾਰੀਆਂ, ਸਫ਼ਾਈ ਟੀਮ, ਮਾਹਿਰਾਂ, ਸਫ਼ਾਈ ਦਰੋਗਿਆਂ ਅਤੇ ਸਫ਼ਾਈ ਮਿੱਤਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਰ ਹਾਲਤ ਵਿੱਚ ਸਫ਼ਾਈ ਦੇ ਕੰਮ ਵਿੱਚ ਜੁਟੇ ਰਹਿੰਦੇ ਹਨ। ਇਸ ਨੂੰ ਦੇਖਦਿਆਂ ਉਨ੍ਹਾਂ ਦਾ ਯੋਗਦਾਨ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕਰਨਾਲ ਸਫ਼ਾਈ ਦੇ ਖੇਤਰ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਨ ਲਈ ਲਗਾਤਾਰ ਮਿਹਨਤ ਅਤੇ ਲਗਨ ਨਾਲ ਕੰਮ ਕਰਦਾ ਰਹੇਗਾ ਅਤੇ ਲੋਕਾਂ ਦੀ ਭਾਗੀਦਾਰੀ ਨਾਲ ਇਹ ਮੁਕਾਮ ਹਾਸਲ ਕਰੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਠੋਸ ਕੂੜਾ ਪ੍ਰਬੰਧਨ ਨਿਯਮ, 2026 ਦੀ ਪਾਲਣਾ ਕਰਨ ਅਤੇ ਹਰ ਘਰ ਵਿੱਚ ਚਾਰ ਕਿਸਮ ਦੇ ਕੂੜੇਦਾਨ ਵਰਤਣ ਦੀ ਅਪੀਲ ਵੀ ਕੀਤੀ।
ਇਹ ਕਿਵੇਂ ਸੰਭਵ ਹੋਇਆ?
ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਕਰਨਾਲ ਸ਼ਹਿਰ ਵਿੱਚ ਸਫ਼ਾਈ ਦੇ ਪ੍ਰੋਗਰਾਮ ਤੇਜ਼ੀ ਨਾਲ ਚੱਲ ਰਹੇ ਹਨ। ਘਰ-ਘਰ ਜਾ ਕੇ ਕੂੜਾ ਇਕੱਠਾ ਕਰਨਾ ਅਤੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਕੇ ਸੌਲਿਡ ਵੇਸਟ ਪਲਾਂਟ ਤੱਕ ਪਹੁੰਚਾਉਣਾ ਸਫ਼ਾਈ ਦੇ ਮਾਪਦੰਡ ਪੂਰੇ ਕਰਨ ਦੇ ਸਭ ਤੋਂ ਵੱਡੇ ਕਾਰਕ ਹਨ। ਇਨ੍ਹਾਂ ਯਤਨਾਂ ਨਾਲ ਨਾਗਰਿਕਾਂ ਵਿੱਚ ਜਾਗਰੂਕਤਾ ਵੀ ਵਧੀ ਹੈ ਅਤੇ ਹੁਣ ਸ਼ਹਿਰ ਵਿੱਚੋਂ ਰੋਜ਼ਾਨਾ ਇਕੱਠੇ ਹੋਣ ਵਾਲੇ ਕੁੱਲ ਕੂੜੇ ਦਾ 50 ਫ਼ੀਸਦੀ ਤੋਂ ਵੱਧ ਹਿੱਸਾ ਵੱਖਰਾ ਕੀਤਾ ਜਾ ਰਿਹਾ ਹੈ। ਕੂੜੇ ਦੀ ਛਾਂਟੀ ਨਾਲ ਸੌਲਿਡ ਵੇਸਟ ਪਲਾਂਟ ਦਾ ਮਕਸਦ ਵੀ ਪਹਿਲਾਂ ਨਾਲੋਂ ਕਿਤੇ ਬਿਹਤਰ ਢੰਗ ਨਾਲ ਪੂਰਾ ਹੋ ਰਿਹਾ ਹੈ।
