ਬਲਾਚੌਰ, 12 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਤਾਇਨਾਤ ਐੱਸ.ਡੀ.ਐੱਮ. ਸੁਨੀਲ ਫੋਗਾਟ ਦੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਤਰੱਕੀ ਹੋਣ ਕਾਰਨ ਬਦਲੀ ਹੋ ਚੁੱਕੀ ਹੈ। ਉਨ੍ਹਾਂ ਦੀ ਥਾਂ ’ਤੇ ਕਰਨ ਗੁਪਤਾ ਨੂੰ ਬਲਾਚੌਰ ਸਬ-ਡਵੀਜ਼ਨ ਦੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਸੌਂਪੀ ਗਈ ਹੈ। ਕਰਨ ਗੁਪਤਾ ਨਵੇਂ ਐੱਸ.ਡੀ.ਐੱਮ. ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ। ਇਸ ਤੋਂ ਪਹਿਲਾਂ ਉਹ ਫਤਿਹਗੜ੍ਹ ਸਾਹਿਬ ਵਿਖੇ ਐੱਸ.ਡੀ.ਐੱਮ. ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਚੌਰ ਵਿਖੇ ਐੱਸ.ਡੀ.ਐੱਮ. ਦੇ ਅਹੁਦੇ ’ਤੇ ਉਨ੍ਹਾਂ ਦੀ ਨਿਯੁਕਤੀ ਨਾਲ ਸਬ-ਡਵੀਜ਼ਨ ਦੇ ਪ੍ਰਸ਼ਾਸਨਿਕ ਕੰਮਕਾਜ ਦੀ ਜ਼ਿੰਮੇਵਾਰੀ ਹੁਣ ਉਨ੍ਹਾਂ ਦੇ ਹੱਥਾਂ ਵਿੱਚ ਹੋਵੇਗੀ।

ਬਲਾਚੌਰ ਦੇ ਲੋਕਾਂ ਨੂੰ ਨਵੇਂ ਐੱਸ.ਡੀ.ਐੱਮ. ਤੋਂ ਵੱਡੀਆਂ ਉਮੀਦਾਂ ਹਨ। ਲੋਕਾਂ ਦਾ ਕਹਿਣਾ ਹੈ ਕਿ ਨਹਿਰੀ ਪਾਣੀ, ਸੜਕਾਂ, ਨਾਜਾਇਜ਼ ਕਬਜ਼ਿਆਂ ਅਤੇ ਪ੍ਰਸ਼ਾਸਨਿਕ ਕੰਮਾਂ ਵਿੱਚ ਹੋ ਰਹੀ ਦੇਰੀ ਵਰਗੇ ਮਸਲਿਆਂ ’ਤੇ ਤੁਰੰਤ ਅਤੇ ਸਖ਼ਤ ਫੈਸਲੇ ਲੈਣ ਦੀ ਲੋੜ ਹੈ। ਫਤਿਹਗੜ੍ਹ ਸਾਹਿਬ ਵਿਖੇ ਆਪਣੀ ਸੇਵਾ ਦੌਰਾਨ ਕਰਨ ਗੁਪਤਾ ਦੀ ਕਾਰਜਸ਼ੈਲੀ ਨੂੰ ਲੋਕਾਂ ਨੇ ਸਾਫ਼-ਸੁਥਰੇ ਪ੍ਰਸ਼ਾਸਨ ਵਜੋਂ ਦੇਖਿਆ ਹੈ। ਇਸ ਲਈ ਬਲਾਚੌਰ ਵਿੱਚ ਵੀ ਉਨ੍ਹਾਂ ਤੋਂ ਇਸੇ ਤਰ੍ਹਾਂ ਦੇ ਨਤੀਜਿਆਂ ਦੀ ਆਸ ਕੀਤੀ ਜਾ ਰਹੀ ਹੈ।