ਮੋਹਾਲੀ (ਗੁਰਜੀਤ ਬਿੱਲਾ):- ਪੰਜਾਬ ਦੀ ਹੋਣਹਾਰ ਅਥਲੀਟ ਜੁਆਏ ਬੈਦਵਾਣ ਨੇ ਮਦਰਾਸ ਵਿਖੇ ਕਰਵਾਈਆਂ ਜੂਨੀਅਰ ਨੈਸ਼ਨਲ ਖੇਡਾਂ ਦੇ ਅੰਡਰ-18 ਸ਼ਾਟਪੁੱਟ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਪੰਜਾਬ ਅਤੇ ਪੁਆਧ ਖੇਤਰ ਦਾ ਮਾਣ ਵਧਾਇਆ ਹੈ। ਇਸ ਪ੍ਰਾਪਤੀ ਦੇ ਨਾਲ ਹੀ ਉਸ ਨੇ 3 ਦਸੰਬਰ ਤੋਂ ਬ੍ਰਾਜ਼ੀਲ ਵਿੱਚ ਹੋਣ ਵਾਲੀਆਂ ਅੰਤਰਰਾਸ਼ਟਰੀ ਵਰਲਡ ਸਕੂਲ ਖੇਡਾਂ ਲਈ ਭਾਰਤੀ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

ਜੁਆਏ ਦੀ ਇਸ ਪ੍ਰਾਪਤੀ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਮੋਹਾਲੀ ਇਕਾਈ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਉਸ ਨੂੰ ਸਨਮਾਨਿਤ ਕਰਦਿਆਂ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਐੱਸਜੀਪੀਸੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਭੁਪਿੰਦਰ ਕੌਰ ਗੋਸਲ, ਬੀਬੀ ਬਲਜਿੰਦਰ ਕੌਰ ਅਤੇ ਬੀਬੀ ਹਰਜਿੰਦਰ ਕੌਰ ਸਮੇਤ ਹੋਰ ਮਹਿਲਾਵਾਂ ਮੌਜੂਦ ਸਨ।

ਜੁਆਏ ਇਸ ਤੋਂ ਪਹਿਲਾਂ ਵੀ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਸਬੂਤ ਦੇ ਚੁੱਕੀ ਹੈ। ਉਸ ਨੇ ਐੱਸਜੀਐੱਫਆਈ ਦੀਆਂ ਅੰਤਰਰਾਸ਼ਟਰੀ ਸਕੂਲ ਖੇਡਾਂ ਵਿੱਚ ਗੋਆ ਵਿਖੇ ਅੰਡਰ-17 ਵਰਗ ਵਿੱਚ ਸੋਨ ਤਮਗਾ ਜਿੱਤਿਆ ਸੀ। ਸਾਲ 2023 ਵਿੱਚ ਅੰਡਰ-14 ਵਰਗ ਵਿੱਚ ਰਿਕਾਰਡ ਬਣਾਉਂਦਿਆਂ ਸੋਨ ਤਮਗਾ ਹਾਸਲ ਕੀਤਾ। ਇਸ ਤੋਂ ਬਾਅਦ 2024 ਵਿੱਚ ਅੰਡਰ-17 ਅਤੇ 2025 ਵਿੱਚ ਯੂਥ ਖੇਡਾਂ ਦੌਰਾਨ ਵੀ ਸੋਨ ਤਮਗੇ ਜਿੱਤੇ। ਉਹ ਬਹਿਰੀਨ ਅਤੇ ਸਾਊਦੀ ਅਰਬ ਵਿੱਚ ਵੀ ਆਪਣੇ ਪ੍ਰਦਰਸ਼ਨ ਨਾਲ ਭਾਰਤ ਦਾ ਨਾਮ ਰੌਸ਼ਨ ਕਰ ਚੁੱਕੀ ਹੈ।

ਜੁਆਏ ਡੀਏਵੀ ਲਾਹੌਰ, ਸੈਕਟਰ-8 ਵਿੱਚ ਪੜ੍ਹਾਈ ਕਰ ਰਹੀ ਹੈ। ਉਸ ਦੇ ਪਿਤਾ ਪਰਮਦੀਪ ਸਿੰਘ ਬੈਦਵਾਣ ਸਮਾਜ ਸੇਵਾ ਦੇ ਨਾਲ ਕਿਸਾਨ ਜਥੇਬੰਦੀ ਵਿੱਚ ਵੀ ਸਰਗਰਮ ਹਨ। ਜੁਆਏ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਅਤੇ ਕੋਚਾਂ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹਰ ਕਦਮ ’ਤੇ ਪੂਰਾ ਸਹਿਯੋਗ ਮਿਲਿਆ ਹੈ। ਉਸ ਦੀ ਇਹ ਪ੍ਰਾਪਤੀ ਖੇਤਰ ਦੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਹੈ।