ਪਟਿਆਲਾ, 10 ਨਵੰਬਰ (ਪਰਮਜੀਤ ਸਿੰਘ ਪਰਵਾਨਾ):- ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਤ ਕਈ ਹੋਰ ਅਹਿਮ ਮੁੱਦਿਆਂ ’ਤੇ ਗੰਭੀਰ ਵਿਚਾਰ-ਵਟਾਂਦਰਾ ਕਰਨ ਲਈ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਅੰਤਰਰਾਜੀ ਤਾਲਮੇਲ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਦੋਵਾਂ ਸੂਬਿਆਂ ਵਿਚਕਾਰ ਆਪਸੀ ਤਾਲਮੇਲ ਮਜ਼ਬੂਤ ਕਰਦਿਆਂ ਸਾਂਝੀ ਰਣਨੀਤੀ ਤਿਆਰ ਕੀਤੀ ਗਈ।

ਡੀਆਈਜੀ ਪਟਿਆਲਾ ਰੇਂਜ ਨੇ ਹਰਿਆਣਾ ਦੇ ਐਸਐਸਪੀਜ਼ ਅਤੇ ਐਸਪੀਜ਼ ਨੂੰ ਸਮਾਜ ਵਿਰੋਧੀ ਅਨਸਰਾਂ ਬਾਰੇ ਜਾਣਕਾਰੀ ਸਾਂਝੀ ਕਰਨ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਨਾਜਾਇਜ਼ ਸ਼ਰਾਬ ਅਤੇ ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਸਾਂਝੀ ਮੁਹਿੰਮ ਚਲਾਉਣ ਅਤੇ ਭਗੌੜਿਆਂ ਤੇ ਲੋੜੀਂਦੇ ਅਪਰਾਧੀਆਂ ’ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ।

ਇਸ ਤੋਂ ਇਲਾਵਾ, ਅੰਤਰਰਾਜੀ ਸਰਹੱਦੀ ਚੌਕੀਆਂ ’ਤੇ ਗਸ਼ਤ ਅਤੇ ਨਿਗਰਾਨੀ ਵਧਾਉਣ, ਅੰਤਰਰਾਜੀ ਅਪਰਾਧੀਆਂ ਦੇ ਗੈਰ-ਜ਼ਮਾਨਤੀ ਵਾਰੰਟਾਂ ਦੀ ਤਾਮੀਲ ਕਰਨ ਅਤੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਢੁਕਵੇਂ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਤਾਲਮੇਲ ਵਧਾਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਵਿਸ਼ੇਸ਼ ਮੀਟਿੰਗ ਵਿੱਚ ਹਰਮਨਦੀਪ ਸਿੰਘ ਹੰਸ, ਐਸਐਸਪੀ ਪਟਿਆਲਾ; ਡਾ. ਰਵਜੋਤ ਕੌਰ ਗਰੇਵਾਲ, ਐਸਐਸਪੀ ਸੰਗਰੂਰ; ਅਜੀਤ ਸਿੰਘ ਸ਼ੇਖਾਵਤ, ਐਸਪੀ ਅੰਬਾਲਾ; ਨਿਕਿਤਾ ਖੱਟਰ, ਐਸਪੀ ਫਤਿਹਾਬਾਦ; ਸ਼੍ਰੀਮਤੀ ਉਪਾਸਨਾ, ਐਸਪੀ ਜੀਂਦ; ਮਨਪ੍ਰੀਤ ਸਿੰਘ ਸੂਦਨ, ਐਸਪੀ ਕੈਥਲ; ਸੁਖਅੰਮ੍ਰਿਤ ਸਿੰਘ ਰੰਧਾਵਾ, ਐਸਪੀ (ਐਚ) ਸੰਗਰੂਰ ਅਤੇ ਰਣਧੀਰ ਸਿੰਘ, ਐਸਪੀ ਪਿਹੋਵਾ (ਕੁਰੂਕਸ਼ੇਤਰ) ਨੇ ਸ਼ਮੂਲੀਅਤ ਕੀਤੀ।