ਪਟਿਆਲਾ, 17 ਅਗਸਤ:- ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵੱਲੋਂ ਵਿਦਿਆਰਥੀਆਂ ਨੂੰ ਸਿਹਤ, ਸੁਰੱਖਿਆ, ਸੁਚੇਤਤਾ, ਸਬਰ-ਸ਼ਾਂਤੀ, ਆਗਿਆ ਪਾਲਣ, ਨਿਮਰਤਾ ਅਤੇ ਪੀੜਤਾਂ ਦੀ ਸਹਾਇਤਾ ਲਈ ਲਗਾਤਾਰ ਜਾਗਰੂਕ ਅਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਦਿਆਨੰਦ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਵਿੱਚ ਖੁਸ਼ਹਾਲ ਵਾਤਾਵਰਨ, ਪੀਣ ਵਾਲੇ ਪਾਣੀ ਦੀ ਸੰਭਾਲ, ਅਨੁਸ਼ਾਸਨ, ਆਗਿਆ ਪਾਲਣ, ਸਾਦਗੀ, ਸੁਚੇਤਤਾ, ਲਗਨ, ਸਬਰ-ਸ਼ਾਂਤੀ ਅਤੇ ਨਿਮਰਤਾ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਭਾਰਦਵਾਜ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਦੇ ਪ੍ਰਧਾਨ ਡਾ. ਰਾਕੇਸ਼ ਵਰਮੀ, ਸਕੱਤਰ ਸ਼੍ਰੀ ਹਰਪ੍ਰੀਤ ਸੰਧੂ ਅਤੇ ਫਸਟ ਏਡ ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਬੱਚਿਆਂ ਨੂੰ ਸਿਹਤ ਅਤੇ ਸੁਰੱਖਿਆ ਦੇ ਨਾਲ-ਨਾਲ ਕੁਦਰਤ ਅਤੇ ਵਾਤਾਵਰਨ ਨਾਲ ਜੁੜੇ ਰਹਿਣ ਲਈ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਅਤੇ ਲੋਕ ਕੁਦਰਤੀ ਹਰਿਆਵਲ ਦੇ ਨੇੜੇ ਵੱਧ ਸਮਾਂ ਬਿਤਾਉਂਦੇ ਹਨ, ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ’ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਸ਼ੁੱਧ ਹਵਾ, ਪਾਣੀ, ਪੌਸ਼ਟਿਕ ਭੋਜਨ ਅਤੇ ਖੁੱਲ੍ਹਾ ਵਾਤਾਵਰਨ ਸਿਹਤਮੰਦ ਜੀਵਨ ਲਈ ਮਹੱਤਵਪੂਰਨ ਹਨ।
ਇਸ ਮੌਕੇ ਪੰਜਾਬ ਪੁਲਿਸ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਇੰਸਪੈਕਟਰ ਸਰਬਜੀਤ ਕੌਰ, ਏ.ਐੱਸ.ਆਈ. ਰਾਮ ਸਰਣ ਅਤੇ ਸੇਵਾ ਮੁਕਤ ਸਬ-ਇੰਸਪੈਕਟਰ ਲਲਿਤਾ ਸ਼ਰਮਾ ਤੇ ਸੁਭਾਸ਼ ਚੰਦਰ ਬਾਂਸਲ ਨੇ ਵਿਦਿਆਰਥੀਆਂ ਨੂੰ ਆਪਣੀ ਸੁਰੱਖਿਆ ਅਤੇ ਸਨਮਾਨ ਪ੍ਰਤੀ ਹਮੇਸ਼ਾ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਡਨੈਪਿੰਗ, ਘਰੋਂ ਭੱਜਣ ਅਤੇ ਮਨੁੱਖੀ ਤਸਕਰੀ ਵਰਗੀਆਂ ਗੰਭੀਰ ਸਮੱਸਿਆਵਾਂ ਤੋਂ ਸਾਵਧਾਨ ਰਹਿਣ ਲਈ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕਿਸੇ ਅਣਜਾਣ ਵਿਅਕਤੀ ’ਤੇ ਅੰਨ੍ਹਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਅਤੇ ਕਿਸੇ ਵੀ ਸ਼ੱਕੀ ਸਥਿਤੀ ਵਿੱਚ ਤੁਰੰਤ ਆਪਣੇ ਮਾਪਿਆਂ, ਅਧਿਆਪਕਾਂ ਜਾਂ ਪੁਲਿਸ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ।
ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਭਾਰਦਵਾਜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਸ਼ਾ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ, ਸਮੱਸਿਆਵਾਂ, ਗਲਤੀਆਂ ਅਤੇ ਲਾਪਰਵਾਹੀਆਂ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਜਾਗਰੂਕਤਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।