ਚੰਡੀਗੜ੍ਹ, 22 ਨਵੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਅੰਤਰਰਾਸ਼ਟਰੀ ਵਪਾਰ ਮੇਲੇ ਦੌਰਾਨ ਮਨਾਏ ਗਏ ਹਰਿਆਣਾ ਸਟੇਟ-ਡੇਅ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹਰਿਆਣਾ ਪੈਵੇਲੀਅਨ ਦਾ ਵੀ ਦੌਰਾ ਕੀਤਾ ਅਤੇ ਇੱਥੇ ਪਹੁੰਚੇ ਉੱਦਮੀਆਂ, ਵਪਾਰੀਆਂ, ਨਿਵੇਸ਼ਕਾਂ ਅਤੇ ਕਲਾਕਾਰਾਂ ਦਾ ਉਤਸ਼ਾਹ ਵਧਾਇਆ।
ਭਾਰਤ ਮੰਡਪਮ ਦੇ ਐਂਫੀਥੀਏਟਰ ਵਿੱਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਮੇਲੇ ਦਾ ਥੀਮ “ਵਿਕਾਸ ਅਤੇ ਵਿਰਾਸਤ” ਹਰਿਆਣਾ ਦੇ ਸੁਭਾਅ ਦੇ ਅਨੁਕੂਲ ਹੈ ਅਤੇ ਇਹ ਸਾਡੀ ਤਰਜੀਹ ਵੀ ਹੈ। ਹਰਿਆਣਾ ਵੇਦਾਂ-ਉਪਨਿਸ਼ਦਾਂ ਦੀ ਰਚਨਾ ਭੂਮੀ ਹੈ, ਰਾਖੀਗੜ੍ਹੀ ਦੀ ਪ੍ਰਾਚੀਨ ਸਭਿਅਤਾ ਦੀ ਧਰਤੀ ਹੈ ਅਤੇ ਕੁਰੂਕਸ਼ੇਤਰ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਦੇ ਕਰਮਯੋਗ ਦੇ ਸੰਦੇਸ਼ ਦੀ ਧਰਤੀ ਹੈ। ਇਹੀ ਭਾਵਨਾ ਇਸ ਪੈਵੇਲੀਅਨ ਵਿੱਚ ਦਿਖਾਈ ਦਿੰਦੀ ਹੈ। ਇੱਕ ਪਾਸੇ ਹਰਿਆਣਵੀ ਚੌਪਾਲ ਹੈ ਅਤੇ ਦੂਜੇ ਪਾਸੇ ਐਲਈਡੀ ਕੰਧਾਂ ਅਤੇ ਏਆਈ-ਏਆਰ ਸੈਲਫੀ ਬੂਥ ਹਨ। ਇੱਥੇ ਹਰਿਆਣਾ ਦੀ ਮਿੱਟੀ ਦੀ ਮਹਿਕ ਵੀ ਹੈ ਅਤੇ ਸਾਡੇ ਲੋਕਾਂ ਦੀ ਮਿਹਨਤ ਦਾ ਮਾਣ ਵੀ। ਉਨ੍ਹਾਂ ਕਿਹਾ ਕਿ ਇੱਥੇ ਸਜਾਇਆ ਗਿਆ ਹਰਿਆਣਾ ਪੈਵੇਲੀਅਨ ਸੂਬੇ ਦੀ ਵਿਰਾਸਤ, ਸਮਰੱਥਾ ਅਤੇ ਸੰਭਾਵਨਾਵਾਂ ਨੂੰ ਦੇਸ਼-ਦੁਨੀਆ ਦੇ ਸਾਹਮਣੇ ਪੇਸ਼ ਕਰ ਰਿਹਾ ਹੈ। ਇੱਥੇ 10 ਕਾਰੀਗਰਾਂ ਅਤੇ ਸਵੈ-ਸਹਾਇਤਾ ਸਮੂਹਾਂ ਦੇ ਨਾਲ-ਨਾਲ 22 ਐਮਐਸਐਮਈ ਨੇ ਆਪਣੇ ਸਟਾਲ ਲਗਾਏ ਹਨ। ਉਨ੍ਹਾਂ ਨੇ ਆਮ ਲੋਕਾਂ ਨੂੰ ਹਰਿਆਣਾ ਦੇ ਉਤਪਾਦ ਖਰੀਦ ਕੇ ਕਾਰੀਗਰਾਂ ਦੇ ਹੁਨਰ ਨੂੰ ਪਛਾਣ ਦਿਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਸਾਡੀ ਸਰਵਉੱਚ ਤਰਜੀਹ ਹੈ।
ਪਹਿਲੀ ਵਾਰ ਬਣਾਇਆ ਗਿਆ ਐਕਸਪੋਰਟ ਕਾਰਨਰ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਸਾਲ ਹਰਿਆਣਾ ਪੈਵੇਲੀਅਨ ਵਿੱਚ ਪਹਿਲੀ ਵਾਰ ਐਕਸਪੋਰਟ ਕਾਰਨਰ ਸਥਾਪਤ ਕੀਤਾ ਗਿਆ ਹੈ। ਇਹ ਕਾਰਨਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਿਰਯਾਤ ਵਧਾਉਣ ਦੇ ਵਿਜ਼ਨ ਅਤੇ ਸੂਬਾ ਸਰਕਾਰ ਦੇ ਸੰਕਲਪ ਦਾ ਜੀਵੰਤ ਪ੍ਰਤੀਕ ਹੈ। ਇੱਥੇ ਹਰਿਆਣਾ ਦੇ ਉੱਦਮੀਆਂ ਦੇ ਉਤਪਾਦਾਂ ਦੇ ਨਾਲ-ਨਾਲ ਨਿਰਮਾਤਾ ਦਾ ਵੇਰਵਾ ਅਤੇ ਉਤਪਾਦ ਦੀ ਉਪਲਬਧਤਾ ਵਾਲੀ ਥਾਂ ਵੀ ਦਿੱਤੀ ਗਈ ਹੈ, ਤਾਂ ਜੋ ਦੇਸ਼-ਵਿਦੇਸ਼ ਦੇ ਖਰੀਦਦਾਰ ਬਿਨਾਂ ਕਿਸੇ ਵਿਚੋਲੇ ਦੇ ਸਿੱਧੇ ਉਤਪਾਦਕ ਨਾਲ ਆਸਾਨੀ ਨਾਲ ਸੰਪਰਕ ਕਰ ਸਕਣ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਭਾਰਤ ਦੇ ਸੰਕਲਪ ਨਾਲ ਅਸੀਂ ਅੱਗੇ ਵਧ ਰਹੇ ਹਾਂ। ਸਾਡਾ ਸੰਕਲਪ ਹੈ ਕਿ ਗੁਰੂਗ੍ਰਾਮ, ਫਰੀਦਾਬਾਦ ਅਤੇ ਐਨਸੀਆਰ ਦੇ ਨਾਲ-ਨਾਲ ਸੂਬੇ ਦਾ ਹਰ ਜ਼ਿਲ੍ਹਾ ਵਿਕਾਸ ਯਾਤਰਾ ਦਾ ਬਰਾਬਰ ਦਾ ਭਾਗੀਦਾਰ ਬਣੇ। ਗੁਰੂਗ੍ਰਾਮ ਆਈਟੀ ਅਤੇ ਗਲੋਬਲ ਕੈਪੇਬਿਲਟੀ ਸੈਂਟਰਾਂ ਦਾ ਕੇਂਦਰ ਹੈ, ਫਰੀਦਾਬਾਦ ਇੰਜੀਨੀਅਰਿੰਗ ਦਾ, ਮਾਨੇਸਰ ਆਟੋਮੋਬਾਈਲ ਦਾ, ਪਾਣੀਪਤ ਟੈਕਸਟਾਈਲ ਦਾ, ਯਮੁਨਾਨਗਰ ਪਲਾਈਵੁੱਡ ਦਾ ਅਤੇ ਅੰਬਾਲਾ ਵਿਗਿਆਨਕ ਉਪਕਰਨਾਂ ਦਾ ਕੇਂਦਰ ਹੈ। ਸੋਨੀਪਤ-ਖਰਖੌਦਾ ਉਦਯੋਗਿਕ ਵਿਕਾਸ ਨੂੰ ਨਵੀਂ ਗਤੀ ਦੇ ਰਹੇ ਹਨ। ਅਪ੍ਰੈਲ 2027 ਵਿੱਚ ਗੁਰੂਗ੍ਰਾਮ ਵਿਖੇ ‘ਹੈਪਨਿੰਗ ਹਰਿਆਣਾ’ ਗਲੋਬਲ ਇਨਵੈਸਟਰ ਸਮਿਟ ਦਾ ਆਯੋਜਨ ਕੀਤਾ ਜਾਵੇਗਾ।
ਵਿਕਸਿਤ ਭਾਰਤ 2047 ਦੇ ਸੰਕਲਪ ਨੂੰ ਕਰਾਂਗੇ ਪੂਰਾ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਨੇ ਇਸੇ ਮਹੀਨੇ ਆਪਣੇ ਗਠਨ ਦੇ 60 ਸਾਲ ਪੂਰੇ ਕੀਤੇ ਹਨ। ਇਹ ਹੀਰਕ ਜਯੰਤੀ ਸਾਡੇ ਕਿਸਾਨਾਂ, ਮਜ਼ਦੂਰਾਂ, ਉੱਦਮੀਆਂ ਅਤੇ ਉਦਯੋਗ ਜਗਤ ਦੀ ਮਿਹਨਤ ਨੂੰ ਨਮਨ ਕਰਨ ਦਾ ਮੌਕਾ ਹੈ। ਹੁਣ ਇਸ ਤਰੱਕੀ ਨੂੰ ਅਗਲੀ ਪੀੜ੍ਹੀ ਲਈ ਹੋਰ ਵੱਡੇ ਮੌਕਿਆਂ ਵਿੱਚ ਬਦਲਣਾ ਸਾਡੀ ਜ਼ਿੰਮੇਵਾਰੀ ਹੈ। ਉਦਯੋਗ ਜਗਤ ਸਾਫ਼-ਸੁਥਰੀ ਤਕਨਾਲੋਜੀ, ਜਲ ਸੰਭਾਲ ਅਤੇ ਮਜ਼ਦੂਰਾਂ ਦੀ ਸੁਰੱਖਿਆ ਨੂੰ ਤਰਜੀਹ ਦੇਵੇ ਅਤੇ ਨੌਜਵਾਨਾਂ ਦੇ ਹੁਨਰ ਸਿਖਲਾਈ ਪ੍ਰੋਗਰਾਮਾਂ ਵਿੱਚ ਭਾਈਵਾਲ ਬਣੇ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ “ਵਿਕਸਿਤ ਭਾਰਤ-2047” ਦੇ ਸੰਕਲਪ ਵਿੱਚ ਹਰਿਆਣਾ ਪੂਰੀ ਤਾਕਤ ਨਾਲ ਯੋਗਦਾਨ ਦੇਵੇਗਾ।
ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਸਰਵਉੱਚ ਤਰਜੀਹ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਸਾਡੀ ਸਰਵਉੱਚ ਤਰਜੀਹ ਰਹੀ ਹੈ। ਬਿਹਤਰ ਬੁਨਿਆਦੀ ਢਾਂਚੇ, ਪਾਰਦਰਸ਼ੀ ਪ੍ਰਸ਼ਾਸਨ ਅਤੇ ‘ਮੇਕ ਇਨ ਹਰਿਆਣਾ’ ਉਦਯੋਗਿਕ ਨੀਤੀ ਦੇ ਬਲ ’ਤੇ ਅਕਤੂਬਰ 2024 ਤੋਂ ਹੁਣ ਤੱਕ ਸੂਬੇ ਨੂੰ ਲਗਭਗ 2.91 ਲੱਖ ਕਰੋੜ ਰੁਪਏ ਦੇ 205 ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚੋਂ 1 ਲੱਖ ਕਰੋੜ ਰੁਪਏ ਤੋਂ ਵੱਧ ਦੀਆਂ 97 ਯੋਜਨਾਵਾਂ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੇ ਵੱਖ-ਵੱਖ ਪੜਾਵਾਂ ਵਿੱਚ ਹਨ। ਨਿਵੇਸ਼ਕਾਂ ਦੀਆਂ ਲੋੜਾਂ ਨੂੰ ਸਮਝਣ ਲਈ ਅਸੀਂ ਵਿਸ਼ਵ ਪੱਧਰ ’ਤੇ ਸਿੱਧਾ ਸੰਵਾਦ ਕੀਤਾ। ਸਾਡੀ ਜਾਪਾਨ ਯਾਤਰਾ ਬੇਹੱਦ ਸਫਲ ਰਹੀ, ਜਿੱਥੇ ਉਦਯੋਗਿਕ ਨੁਮਾਇੰਦਿਆਂ ਨਾਲ ਹੋਈਆਂ 30 ਤੋਂ ਵੱਧ ਮੀਟਿੰਗਾਂ ਦੇ ਨਤੀਜੇ ਵਜੋਂ 4,433 ਕਰੋੜ ਰੁਪਏ ਦੇ 8 ਸਮਝੌਤਾ ਪੱਤਰ (MoU) ਹੋਏ, ਜਿਨ੍ਹਾਂ ਵਿੱਚੋਂ 6 ਪ੍ਰਾਜੈਕਟਾਂ ’ਤੇ ਕੰਮ ਅੱਗੇ ਵਧ ਚੁੱਕਾ ਹੈ। ਇਸੇ ਲੜੀ ਵਿੱਚ ਸਿੰਗਾਪੁਰ ਯਾਤਰਾ ਦੌਰਾਨ ਵੀ ਵੱਖ-ਵੱਖ ਖੇਤਰਾਂ ਵਿੱਚ 5,500 ਕਰੋੜ ਰੁਪਏ ਦੇ 4 ਮਹੱਤਵਪੂਰਨ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ। ਮੁੰਬਈ ਅਤੇ ਗੁਜਰਾਤ ਤੋਂ ਮਿਲੇ ਭਾਰੀ ਨਿਵੇਸ਼ ਦੇ ਨਾਲ ਹਰਿਆਣਾ ਨੂੰ ਵਿਸ਼ਵ ਪੱਧਰੀ ਨਿਵੇਸ਼ ਕੇਂਦਰ ਬਣਾਉਣ ਲਈ ਅਸੀਂ ਅਪ੍ਰੈਲ 2027 ਵਿੱਚ ‘ਹੈਪਨਿੰਗ ਹਰਿਆਣਾ ਗਲੋਬਲ ਇਨਵੈਸਟਰਜ਼ ਸਮਿਟ’ ਦਾ ਆਯੋਜਨ ਕਰਨ ਜਾ ਰਹੇ ਹਾਂ।
ਨਿਵੇਸ਼ ਪ੍ਰਸਤਾਵ ਕਾਗਜ਼ਾਂ ਤੱਕ ਸੀਮਤ ਨਾ ਰਹਿਣ, ਜ਼ਮੀਨੀ ਪੱਧਰ ’ਤੇ ਲਾਗੂ ਹੋਣ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡਾ ਯਤਨ ਹੈ ਕਿ ਨਿਵੇਸ਼ ਪ੍ਰਸਤਾਵ ਸਿਰਫ਼ ਕਾਗਜ਼ਾਂ ਤੱਕ ਸੀਮਤ ਨਾ ਰਹਿਣ, ਸਗੋਂ ਜ਼ਮੀਨੀ ਪੱਧਰ ’ਤੇ ਲਾਗੂ ਹੋਣ। ਇਸੇ ਸੋਚ ਤਹਿਤ ਅਸੀਂ “ਮੇਕ ਇਨ ਹਰਿਆਣਾ ਉਦਯੋਗਿਕ ਨੀਤੀ-2026” ਲਾਗੂ ਕੀਤੀ ਹੈ, ਜਿਸ ਦਾ ਟੀਚਾ ਅਗਲੇ ਪੰਜ ਸਾਲਾਂ ਵਿੱਚ 5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਅਤੇ 10 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਇਨਵੈਸਟ ਹਰਿਆਣਾ ਸਿੰਗਲ ਵਿੰਡੋ ਪੋਰਟਲ ਰਾਹੀਂ ਪ੍ਰਕਿਰਿਆਵਾਂ ਸਰਲ ਅਤੇ ਪਾਰਦਰਸ਼ੀ ਬਣੀਆਂ ਹਨ। ਸੂਬੇ ਦੇ 14 ਲੱਖ ਤੋਂ ਵੱਧ ਐਮਐਸਐਮਈ ਸਾਡੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਅੱਜ ਸੂਬੇ ਵਿੱਚ 12 ਹਜ਼ਾਰ ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅੱਪ ਹਨ ਅਤੇ ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਵਿੱਚ ਘੱਟੋ-ਘੱਟ ਇੱਕ ਮਹਿਲਾ ਡਾਇਰੈਕਟਰ ਹੈ। ਦੋ ਹਜ਼ਾਰ ਕਰੋੜ ਰੁਪਏ ਦਾ ਸਟਾਰਟਅੱਪ ਫੰਡ ਆਫ ਫੰਡਜ਼, ਗੁਰੂਗ੍ਰਾਮ ਅਤੇ ਪੰਚਕੂਲਾ ਵਿੱਚ ਏਆਈ ਹੱਬ ਅਤੇ ਸਟਾਰਟਅੱਪ ਹਰਿਆਣਾ ਸੇਵਾ ਸੰਕਲਪ ਤੋਂ ਲੈ ਕੇ ਵਿਸਥਾਰ ਤੱਕ ਹਰ ਜ਼ਿਲ੍ਹੇ ਦੀ ਪ੍ਰਤਿਭਾ ਨੂੰ ਅੱਗੇ ਵਧਣ ਦਾ ਮੌਕਾ ਦੇਣਗੇ।
ਹਰਿਆਣਾ ਨੇ ਕਦੇ ਹਾਰ ਨਹੀਂ ਮੰਨੀ, ਹਰ ਚੁਣੌਤੀ ਨੂੰ ਸਵੀਕਾਰ ਕੀਤਾ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਯਾਦ ਦਿਵਾਇਆ ਕਿ 1 ਨਵੰਬਰ 1966 ਨੂੰ ਜਦੋਂ ਹਰਿਆਣਾ ਬਣਿਆ ਸੀ ਤਾਂ ਬਹੁਤ ਸਾਰੇ ਲੋਕ ਕਹਿੰਦੇ ਸਨ ਕਿ ਇਹ ਛੋਟਾ ਸੂਬਾ ਚੱਲ ਨਹੀਂ ਸਕੇਗਾ। ਉਸ ਸਮੇਂ ਨਾ ਲੋੜੀਂਦੀ ਬਿਜਲੀ ਸੀ, ਨਾ ਪੱਕੀਆਂ ਸੜਕਾਂ ਅਤੇ ਨਾ ਹੀ ਉਦਯੋਗਾਂ ਦਾ ਕੋਈ ਆਧਾਰ ਸੀ। ਪਰ ਹਰਿਆਣਾ ਦੇ ਲੋਕਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਇਸ ਨੂੰ ਚੁਣੌਤੀ ਵਜੋਂ ਸਵੀਕਾਰ ਕੀਤਾ ਅਤੇ ਆਪਣੀ ਮਿਹਨਤ ਨਾਲ ਹਰ ਖਦਸ਼ੇ ਨੂੰ ਗਲਤ ਸਾਬਤ ਕਰ ਦਿੱਤਾ। ਉਨ੍ਹਾਂ ਨੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਅਸੀਂ ਕਿੱਥੋਂ ਚੱਲੇ ਸੀ ਅਤੇ ਅੱਜ ਕਿੱਥੇ ਪਹੁੰਚ ਗਏ ਹਾਂ। ਜਦੋਂ ਹਰਿਆਣਾ ਬਣਿਆ ਸੀ ਤਾਂ ਇਸ ਦੇ 7 ਜ਼ਿਲ੍ਹੇ ਸਨ, ਅੱਜ 23 ਹਨ। ਉਸ ਸਮੇਂ ਸਾਡੀ ਅਰਥਵਿਵਸਥਾ 540 ਕਰੋੜ ਰੁਪਏ ਦੀ ਸੀ, ਅੱਜ 13 ਲੱਖ 67 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਹੈ। ਸਾਡੀ ਪ੍ਰਤੀ ਵਿਅਕਤੀ ਆਮਦਨ ਉਸ ਸਮੇਂ 608 ਰੁਪਏ ਸੀ, ਜੋ ਅੱਜ ਲਗਭਗ 3 ਲੱਖ 96 ਹਜ਼ਾਰ ਰੁਪਏ ਹੈ ਅਤੇ ਇਹ ਰਾਸ਼ਟਰੀ ਔਸਤ ਨਾਲੋਂ ਪੌਣੇ ਦੋ ਗੁਣਾ ਵੱਧ ਹੈ। ਉਸ ਸਮੇਂ ਨਿਰਯਾਤ ਲਗਭਗ ਸਾਢੇ ਚਾਰ ਕਰੋੜ ਰੁਪਏ ਦਾ ਸੀ, ਜੋ ਅੱਜ 2 ਲੱਖ 75 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਹੋ ਗਿਆ ਹੈ।
ਜਿਸ ਨੂੰ ਛੋਟਾ ਸਮਝਿਆ ਗਿਆ, ਉਸੇ ਨੇ ਸਭ ਤੋਂ ਲੰਬੀ ਛਾਲ ਮਾਰੀ
ਪੰਜਾਬ ਨਾਲ ਤੁਲਨਾ ਕਰਦਿਆਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੋਵਾਂ ਸੂਬਿਆਂ ਨੇ ਇੱਕੋ ਜਿਹੇ ਪਿਛੋਕੜ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। 1970-71 ਦੇ ਆਸ-ਪਾਸ ਦੇਸ਼ ਦੀ ਜੀਡੀਪੀ ਵਿੱਚ ਪੰਜਾਬ ਦਾ ਹਿੱਸਾ 4.4 ਫ਼ੀਸਦੀ ਅਤੇ ਹਰਿਆਣਾ ਦਾ 2.7 ਫ਼ੀਸਦੀ ਸੀ। ਅੱਜ ਇੱਕ ਛੋਟਾ ਸੂਬਾ ਹੋਣ ਦੇ ਬਾਵਜੂਦ ਹਰਿਆਣਾ ਦਾ ਹਿੱਸਾ 3.6 ਫ਼ੀਸਦੀ ਹੈ, ਜਦਕਿ ਪੰਜਾਬ ਦਾ 2.4 ਫ਼ੀਸਦੀ ਹੈ। ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਵੀ ਹਰਿਆਣਾ ਪੰਜਾਬ ਤੋਂ ਲਗਭਗ 1 ਲੱਖ 65 ਹਜ਼ਾਰ ਰੁਪਏ ਅੱਗੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਦਾ ਵੱਡਾ ਭਰਾ ਹੈ, ਕਿਉਂਕਿ ਪੂਰਾ ਖੇਤਰ ਕਦੇ ਪੰਜਾਬੀ ਸੀ ਅਤੇ ਦੋਵਾਂ ਸੂਬਿਆਂ ਦਾ ਅਟੁੱਟ ਰਿਸ਼ਤਾ ਹੈ। ਤਿਉਹਾਰ ਵੀ ਸਾਂਝੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 24 ਤਾਰੀਖ ਨੂੰ ਆਉਣ ਵਾਲਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਦਿਨ ਪਹਿਲਾਂ ਤੀਰਥ ਸਥਾਨ ਕਪਾਲ ਮੋਚਨ ਮੇਲੇ ਦਾ ਉਦਘਾਟਨ ਕੀਤਾ ਸੀ, ਜਿਸ ਵਿੱਚ ਕੇਂਦਰੀ ਸੱਭਿਆਚਾਰ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਹ ਅੰਕੜੇ ਹਰਿਆਣਾ ਦੇ ਲੋਕਾਂ ਦੀ ਮਿਹਨਤ, ਦੂਰਅੰਦੇਸ਼ੀ ਅਤੇ ਦ੍ਰਿੜ੍ਹ ਸੰਕਲਪ ਦਾ ਨਤੀਜਾ ਹਨ ਅਤੇ ਸੂਬੇ ਲਈ ਮਾਣ ਵਾਲੀ ਗੱਲ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੈਰਾ ਐਥਲੀਟ ਪ੍ਰਣਵ ਸੂਰਮਾ, ਪੈਰਾ ਐਥਲੀਟ ਰਿੰਕੂ, ਪੈਰਾ ਐਥਲੀਟ ਦੇਵੇਂਦਰ ਅਤੇ ਪੈਰਾ ਐਥਲੀਟ ਸੁਚਿਕਾ ਹੁੱਡਾ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਹਰਿਆਣਾ ਟਰੇਡ ਫੇਅਰ ਅਥਾਰਟੀ ਦੀ ਮੁੱਖ ਪ੍ਰਸ਼ਾਸਕ ਸ੍ਰੀਮਤੀ ਏ. ਮੋਨਾ ਸ੍ਰੀਨਿਵਾਸ, ਪ੍ਰਸ਼ਾਸਕ ਵਿਨੈ ਪ੍ਰਤਾਪ ਸਿੰਘ, ਹਰਿਆਣਾ ਪੈਵੇਲੀਅਨ ਦੇ ਡਾਇਰੈਕਟਰ ਅਨਿਲ ਚੌਧਰੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
