ਲੁਧਿਆਣਾ, 10 ਨਵੰਬਰ, 2026:- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ‘ਭੋਜਨ ਸੁਰੱਖਿਆ ਅਤੇ ਵਾਤਾਵਰਣਕ ਸਥਿਰਤਾ ਲਈ ਜੀਨੋਮ ਐਡੀਟਿੰਗ (ਸੰਪਾਦਨ)’ ਵਿਸ਼ੇ ’ਤੇ ਚਾਰ ਰੋਜ਼ਾ ਅੰਤਰਰਾਸ਼ਟਰੀ ਗੋਸ਼ਠੀ ਸਮਾਪਤ ਹੋ ਗਈ। ਇਸ ਦੌਰਾਨ ਅੰਤਰਰਾਸ਼ਟਰੀ ਖੋਜ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਿਗਿਆਨਕ ਨਵੀਨਤਾਵਾਂ ਨੂੰ ਭੋਜਨ ਸੁਰੱਖਿਆ ਤੇ ਵਾਤਾਵਰਣਕ ਸਥਿਰਤਾ ਲਈ ਵਿਹਾਰਕ ਹੱਲਾਂ ਵਿੱਚ ਬਦਲਣ ਦੀ ਵਚਨਬੱਧਤਾ ਪ੍ਰਗਟਾਈ ਗਈ।

ਇਸ ਗੋਸ਼ਠੀ ਵਿੱਚ ਦੇਸ਼-ਵਿਦੇਸ਼ ਦੇ ਉੱਘੇ ਮਾਹਿਰਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਡਾ. ਸਟੈਨਫੋਰਡ ਬਲੇਡ, ਉਪ-ਮਹਾਨਿਰਦੇਸ਼ਕ, ਖੋਜ ਅਤੇ ਨਵੀਨਤਾ; ਡਾ. ਮਨੀਸ਼ ਕੇ. ਚਟਲੀ; ਡਾ. ਜੇ. ਵਿਲਸਨ, ਯੂਨੀਵਰਸਿਟੀ ਆਫ਼ ਸਸਕੈਚਵਨ, ਕੈਨੇਡਾ; ਡਾ. ਕੰਵਰਪਾਲ ਸਿੰਘ ਧੁੱਗਾ, ਮੈਕਸੀਕੋ; ਡਾ. ਸਿਮੋਨ ਸੁਜ਼ੈਨ ਲਿਪਿੰਸਕੀ, ਜਰਮਨੀ; ਡਾ. ਗਿਰਧਰ ਕੁਮਾਰ ਪਾਂਡੇ, ਦਿੱਲੀ ਯੂਨੀਵਰਸਿਟੀ ਅਤੇ ਮੈਕਗਿਲ ਯੂਨੀਵਰਸਿਟੀ ਦੇ ਮਾਹਿਰ ਡਾ. ਮਾਰਕ ਲੇਫਸਰੂਡ, ਡਾ. ਕਰੀਨਾ ਗੁਟੀਰੇਜ਼ ਅਤੇ ਡਾ. ਮਹਿਤਾਬ ਸਿੰਘ ਸ਼ਾਮਲ ਸਨ।

ਮਾਹਿਰਾਂ ਨੇ ਜੀਨੋਮ ਐਡੀਟਿੰਗ ਅਤੇ ਬਾਇਓਟੈਕਨਾਲੋਜੀ ਦੇ ਖੇਤਰ ਵਿੱਚ ਹੋ ਰਹੀਆਂ ਨਵੀਆਂ ਤਰੱਕੀਆਂ ਅਤੇ ਖੇਤੀਬਾੜੀ, ਪਸ਼ੂਧਨ ਵਿਕਾਸ ਤੇ ਟਿਕਾਊ ਭੋਜਨ ਉਤਪਾਦਨ ਵਿੱਚ ਇਨ੍ਹਾਂ ਦੀ ਵਰਤੋਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।

ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਮਨੁੱਖੀ ਭਲਾਈ, ਟਿਕਾਊ ਵਿਕਾਸ ਅਤੇ ਵਿਸ਼ਵਵਿਆਪੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਭੋਜਨ ਸੁਰੱਖਿਆ ਦੇ ਅਹਿਮ ਮਹੱਤਵ ’ਤੇ ਚਾਨਣਾ ਪਾਇਆ। ਇਸ ਸੰਦਰਭ ਵਿੱਚ ਪ੍ਰਤੀਭਾਗੀਆਂ, ਖਾਸ ਕਰਕੇ ਨੌਜਵਾਨਾਂ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਸਾਰਿਆਂ ਲਈ ਲੋੜੀਂਦਾ, ਸੁਰੱਖਿਅਤ ਅਤੇ ਟਿਕਾਊ ਭੋਜਨ ਯਕੀਨੀ ਬਣਾਉਣ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ‘ਰਨ ਫਾਰ ਫੂਡ ਸਕਿਓਰਿਟੀ’ ਦਾ ਆਯੋਜਨ ਵੀ ਕੀਤਾ ਗਿਆ।

ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੇ ਡੀਨ ਅਤੇ ਆਯੋਜਨ ਸਕੱਤਰ ਡਾ. ਰਾਮ ਸਰਨ ਸੇਠੀ ਨੇ ਦੱਸਿਆ ਕਿ ਇਸ ਗੋਸ਼ਠੀ ਨੇ ਭਾਰਤ ਅਤੇ ਵਿਦੇਸ਼ਾਂ ਦੇ ਵਿਗਿਆਨੀਆਂ, ਸਿੱਖਿਆ-ਸ਼ਾਸਤਰੀਆਂ ਅਤੇ ਨੌਜਵਾਨ ਖੋਜਕਰਤਾਵਾਂ ਵਿਚਕਾਰ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ।

ਇਸ ਤੋਂ ਇਲਾਵਾ ਤਿੰਨ-ਮਿੰਟ ਥੀਸਿਸ (3MT) ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਨਾਲ ਨੌਜਵਾਨ ਖੋਜਕਰਤਾਵਾਂ ਨੂੰ ਆਪਣੀ ਖੋਜ ਸੰਖੇਪ ਅਤੇ ਦਿਲਚਸਪ ਢੰਗ ਨਾਲ ਪੇਸ਼ ਕਰਨ ਦਾ ਮੌਕਾ ਮਿਲਿਆ। ਇਸ ਵਿੱਚ ਰਿਸ਼ਭ ਸ਼ੁਕਲਾ ਨੇ ਪਹਿਲਾ ਇਨਾਮ, ਨਵਦੀਪ ਕੌਰ ਧੀਮਾਨ ਨੇ ਦੂਜਾ, ਜਦੋਂਕਿ ਡਾ. ਤਰਨਦੀਪ ਕੌਰ ਅਤੇ ਪਿਆਲੀ ਦਾਸ ਨੇ ਤੀਜਾ ਇਨਾਮ ਪ੍ਰਾਪਤ ਕੀਤਾ।

ਮੈਕਗਿਲ ਯੂਨੀਵਰਸਿਟੀ, ਕੈਨੇਡਾ ਦੇ ਡਾਇਰੈਕਟਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਗੋਸ਼ਠੀ ਦੀ ਸਮਾਪਤੀ ਜੀਨੋਮ-ਸੰਪਾਦਨ ਖੋਜ ਨੂੰ ਅੱਗੇ ਵਧਾਉਣ ਅਤੇ ਵਿਗਿਆਨਕ ਖੋਜਾਂ ਨੂੰ ਟਿਕਾਊ ਤੇ ਭੋਜਨ-ਸੁਰੱਖਿਅਤ ਭਵਿੱਖ ਲਈ ਪ੍ਰਭਾਵਸ਼ਾਲੀ ਤਕਨਾਲੋਜੀਆਂ ਵਿੱਚ ਬਦਲਣ ਵਾਸਤੇ ਨਿਰੰਤਰ ਵਿਸ਼ਵਵਿਆਪੀ ਸਹਿਯੋਗ ਦੇ ਸੱਦੇ ਨਾਲ ਹੋਈ।

ਮੈਕਗਿਲ ਯੂਨੀਵਰਸਿਟੀ, ਕੈਨੇਡਾ ਦੇ ਐਨੀਮਲ ਸਾਇੰਸ ਵਿਭਾਗ ਦੇ ਚੇਅਰ ਡਾ. ਰਾਜ ਦੁੱਗਾਵਤੀ ਨੇ ਧੰਨਵਾਦ ਕੀਤਾ ਅਤੇ ਅੰਤਰਰਾਸ਼ਟਰੀ ਗੋਸ਼ਠੀ ਨੂੰ ਸਫਲ ਬਣਾਉਣ ਵਿੱਚ ਹਿੱਸਾ ਲੈਣ ਵਾਲੇ ਮਾਹਿਰਾਂ, ਸਹਿਭਾਗੀ ਸੰਸਥਾਵਾਂ, ਡੈਲੀਗੇਟਾਂ, ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦੇ ਯੋਗਦਾਨ ਦੀ ਸਰਾਹਨਾ ਕੀਤੀ।