ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਪੰਜਾਬ ਸਟੇਟ ਸਪੈਸ਼ਲ ਓਲੰਪਿਕਸ-2026 ਅਧੀਨ 13 ਤੋਂ 15 ਨਵੰਬਰ, 2026 ਤੱਕ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ, ਲੁਧਿਆਣਾ ਵਿਖੇ ਕਰਵਾਈਆਂ ਜਾ ਰਹੀਆਂ ਵਿਸ਼ੇਸ਼ ਖੇਡਾਂ ਦਾ ਉਦਘਾਟਨ ਸਪੈਸ਼ਲ ਓਲੰਪਿਕਸ ਭਾਰਤ ਦੀ ਪ੍ਰਧਾਨ ਅਤੇ ਕੇਂਦਰੀ ਸਿਹਤ ਮੰਤਰੀ ਸ੍ਰੀ ਜੇ.ਪੀ. ਨੱਢਾ ਦੀ ਧਰਮਪਤਨੀ ਡਾ. ਮੱਲਿਕਾ ਨੱਢਾ ਨੇ ਮੁੱਖ ਮਹਿਮਾਨ ਵਜੋਂ ਕੀਤਾ।

ਇਸ ਮੌਕੇ ਉਨ੍ਹਾਂ ਨੇ ਆਤਮਸੁਖ ਆਤਮਦੇਵ ਆਸ਼ਰਮ (ਫਾਰ ਲਿਵਿੰਗ ਗੌਡਜ਼), ਪੁਰਾਣੀ ਕਣਕ ਮੰਡੀ, ਹੁਸ਼ਿਆਰਪੁਰ ਦੇ ਅੰਤਰਰਾਸ਼ਟਰੀ ਖਿਡਾਰੀਆਂ ਸਾਗਰ ਅਤੇ ਅਮਨਦੀਪ ਕੌਰ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਅੰਤਰਰਾਸ਼ਟਰੀ ਖੇਡ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਸਾਗਰ ਨੇ ਪੈਰਿਸ ਵਿਖੇ ਹੋਏ ਯੂਨੀਫਾਈਡ ਫੁੱਟਬਾਲ ਵਿਸ਼ਵ ਕੱਪ-2026 ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ, ਜਦਕਿ ਅਮਨਦੀਪ ਕੌਰ ਨੇ ਬੈਲਜੀਅਮ ਅਤੇ ਨੀਦਰਲੈਂਡ ਵਿਖੇ ਹੋਏ ਐੱਫ.ਆਈ.ਐੱਚ. ਪੈਰਾ ਹਾਕੀ ਵਿਸ਼ਵ ਕੱਪ-2026 ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।

ਪੰਜਾਬ ਸਟੇਟ ਸਪੈਸ਼ਲ ਓਲੰਪਿਕਸ ਦੇ ਅਹੁਦੇਦਾਰਾਂ ਨੇ ਦੋਵਾਂ ਖਿਡਾਰੀਆਂ ਨੂੰ ਵਿਸ਼ੇਸ਼ ਸਨਮਾਨ ਦਿੰਦਿਆਂ ਸਜੀ-ਸਜਾਈ ਬੱਘੀ ਵਿੱਚ ਸਵਾਰ ਕਰਵਾ ਕੇ ਲੁਧਿਆਣਾ ਸ਼ਹਿਰ ਦੇ ਪ੍ਰਮੁੱਖ ਮਾਰਗਾਂ ਤੋਂ ਇੱਕ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ। ਇਸ ਸ਼ੋਭਾ ਯਾਤਰਾ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਵਿਸ਼ੇਸ਼ ਖਿਡਾਰੀਆਂ, ਵਿਦਿਆਰਥੀਆਂ ਅਤੇ ਸਪੈਸ਼ਲ ਓਲੰਪਿਕਸ ਸੰਘ ਦੇ ਅਹੁਦੇਦਾਰਾਂ ਨੇ ਭਾਗ ਲਿਆ। ਇਹ ਸਨਮਾਨ ਸਮੁੱਚੇ ਹੁਸ਼ਿਆਰਪੁਰ ਲਈ ਮਾਣ ਵਾਲੀ ਗੱਲ ਹੈ।

ਆਸ਼ਰਮ ਦੇ ਪ੍ਰਧਾਨ ਨਵਦੀਪ ਸੂਦ ਨੇ ਕਿਹਾ ਕਿ ਸੰਸਦ ਵੱਲੋਂ ਪਾਸ ਕੀਤੇ ਗਏ ਦਿਵਿਆਂਗਜਨ ਅਧਿਕਾਰ ਐਕਟ, 2016 ਦੀ ਧਾਰਾ 25(1)(c) ਅਧੀਨ ਦਿਵਿਆਂਗਜਨਾਂ ਨੂੰ ਹਸਪਤਾਲਾਂ ਵਿੱਚ ਪਹਿਲ ਦੇ ਆਧਾਰ ’ਤੇ ਡਾਕਟਰੀ ਸੇਵਾਵਾਂ ਅਤੇ ਇਲਾਜ ਪ੍ਰਾਪਤ ਕਰਨ ਦਾ ਕਾਨੂੰਨੀ ਅਧਿਕਾਰ ਹੈ। ਲਗਭਗ 10 ਸਾਲ ਬੀਤ ਜਾਣ ਦੇ ਬਾਵਜੂਦ ਦੇਸ਼ ਭਰ ਵਿੱਚ ਇਸ ਕਾਨੂੰਨੀ ਵਿਵਸਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ।

ਇਸ ਮੌਕੇ ਆਤਮਸੁਖ ਆਤਮਦੇਵ ਆਸ਼ਰਮ ਵੱਲੋਂ ਡਾ. ਮੱਲਿਕਾ ਨੱਢਾ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ, ਜਿਸ ਵਿੱਚ ਬੇਨਤੀ ਕੀਤੀ ਗਈ ਕਿ ਉਹ ਕੇਂਦਰੀ ਸਿਹਤ ਮੰਤਰਾਲੇ ਨਾਲ ਪ੍ਰਭਾਵਸ਼ਾਲੀ ਪੈਰਵੀ ਕਰਕੇ ਮੰਤਰਾਲੇ ਦੇ ਪੱਤਰ ਨੰਬਰ F. No. A-14020/23/2026, ਮਿਤੀ 05-10-2026 ਰਾਹੀਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਦੇਸ਼ ਭਰ ਵਿੱਚ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਲਈ ਸਹਿਯੋਗ ਦੇਣ।

ਡਾ. ਮੱਲਿਕਾ ਨੱਢਾ ਦੀ ਸਰਗਰਮ ਪਹਿਲਕਦਮੀ ਦੇਸ਼ ਭਰ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਸ ਕਾਨੂੰਨੀ ਵਿਵਸਥਾ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਅਤੇ ਕਰੋੜਾਂ ਦਿਵਿਆਂਗਜਨਾਂ ਨੂੰ ਉਨ੍ਹਾਂ ਦਾ ਕਾਨੂੰਨੀ ਅਧਿਕਾਰ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।