ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਸਬੰਧਤ ਕਾਲਜਾਂ ਦੇ ਜ਼ੋਨਲ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਦੀਆਂ ਵੱਖ-ਵੱਖ ਰਚਨਾਤਮਕ, ਕਲਾਤਮਕ ਅਤੇ ਵਿਰਾਸਤੀ ਗਤੀਵਿਧੀਆਂ ਨਾਲ ਜੁੜੇ ਚਾਰ ਰੋਜ਼ਾ ਅੰਤਰ-ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੀ ਸ਼ੁਰੂਆਤ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਅੱਜ ਸ਼ਾਨੋ-ਸ਼ੌਕਤ ਨਾਲ ਹੋਈ।
ਉਦਘਾਟਨੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੁਲਵੰਤ ਸਿੰਘ, ਆਈਏਐਸ, ਡਾਇਰੈਕਟਰ ਡੀਪੀਆਈ (ਕਾਲਜ), ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਕਾਲਜ ਵਿਕਾਸ ਕੌਂਸਲ ਦੇ ਡੀਨ ਡਾ. ਰਵਿੰਦਰ ਸਿੰਘ ਹਾਜ਼ਰ ਰਹੇ। ਇਸ ਮੌਕੇ ਕੇਂਦਰੀ ਸਾਬਕਾ ਮੰਤਰੀ ਵਿਜੇ ਸਾਂਪਲਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਯੁਵਕ ਮੇਲੇ ਦੇ ਪ੍ਰਧਾਨਗੀ ਮੰਡਲ ਵਿੱਚ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸਕੱਤਰ ਪ੍ਰੋ. ਅਪਿੰਦਰ ਸਿੰਘ, ਖਜ਼ਾਨਚੀ ਵੀਰਿੰਦਰ ਸ਼ਰਮਾ ਸਮੇਤ ਹੋਰ ਅਹੁਦੇਦਾਰ ਸ਼ਾਮਲ ਸਨ।
ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ‘ਦੇਹ ਸ਼ਿਵਾ ਵਰ ਮੋਹਿ ਇਹੈ’ ਸ਼ਬਦ ਦੇ ਗਾਇਨ ਨਾਲ ਅੰਤਰ-ਜ਼ੋਨਲ ਯੁਵਕ ਮੇਲੇ ਦੀ ਸ਼ੁਰੂਆਤ ਹੋਈ। ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਹਾਜ਼ਰ ਮਹਿਮਾਨਾਂ ਅਤੇ ਵੱਖ-ਵੱਖ ਕਾਲਜਾਂ ਤੋਂ ਆਏ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਜ਼ੋਨਲ ਯੁਵਕ ਮੇਲੇ ਅਤੇ ਅੰਤਰ-ਜ਼ੋਨਲ ਯੁਵਕ ਮੇਲੇ, ਦੋਵਾਂ ਦੇ ਆਯੋਜਨ ਵਿੱਚ ਸਹਿਯੋਗ ਦੇਣ ਲਈ ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਅਤੇ ਡਾਇਰੈਕਟਰ (ਕਾਲਜ) ਕੁਲਵੰਤ ਸਿੰਘ ਧੂਰੀ ਨੇ ਵਿਦਿਆਰਥੀਆਂ ਨੂੰ ਅਜਿਹੇ ਯੁਵਕ ਮੇਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਅਤੇ ਕਾਲਜ ਵੱਲੋਂ ਕੀਤੇ ਗਏ ਬਿਹਤਰ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਵਿਸ਼ੇਸ਼ ਮਹਿਮਾਨ ਡੀਨ ਡਾ. ਰਵਿੰਦਰ ਸਿੰਘ ਨੇ ਯੂਨੀਵਰਸਿਟੀ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਕੇਂਦਰੀ ਸਾਬਕਾ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਅਜਿਹੇ ਯੁਵਕ ਮੇਲੇ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਪ੍ਰਤੀ ਜਾਗਰੂਕ ਰੱਖਦੇ ਹਨ। ਉਨ੍ਹਾਂ ਨੇ ਕਾਲਜ ਦੀ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਅਤੇ ਸਟਾਫ਼ ਨੂੰ ਵਧਾਈ ਦਿੱਤੀ।
ਅੰਤਰ-ਜ਼ੋਨਲ ਯੁਵਕ ਮੇਲੇ ਦੌਰਾਨ ਲੋਕ ਨਾਚ ਭੰਗੜੇ ਵਿੱਚ ਜੀਜੀਐਨ ਖਾਲਸਾ ਕਾਲਜ, ਲੁਧਿਆਣਾ ਨੇ ਪਹਿਲਾ ਸਥਾਨ ਹਾਸਲ ਕੀਤਾ। ਖਾਲਸਾ ਕਾਲਜ, ਚੰਡੀਗੜ੍ਹ ਅਤੇ ਸਰਕਾਰੀ ਕਾਲਜ, ਲੁਧਿਆਣਾ ਨੇ ਸਾਂਝੇ ਤੌਰ ’ਤੇ ਦੂਜਾ, ਜਦਕਿ ਜੀਜੀਡੀਐਸਡੀ ਕਾਲਜ, ਚੰਡੀਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੋਕ ਨਾਚ ਗਿੱਧੇ ਦੇ ਮੁਕਾਬਲੇ ਵਿੱਚ ਡੀਏਵੀ ਕਾਲਜ, ਚੰਡੀਗੜ੍ਹ ਨੇ ਪਹਿਲਾ ਅਤੇ ਜੀਜੀਡੀਐਸਡੀ ਕਾਲਜ, ਚੰਡੀਗੜ੍ਹ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਦੇਵ ਸਮਾਜ ਕਾਲਜ, ਫਿਰੋਜ਼ਪੁਰ, ਖਾਲਸਾ ਕਾਲਜ, ਮਾਹਿਲਪੁਰ ਅਤੇ ਗਰਲਜ਼ ਕਾਲਜ, ਬਾਦਲ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ, ਸੈਨੇਟ ਮੈਂਬਰ ਡਾ. ਜਗਤਾਰ ਸਿੰਘ, ਸੁਰਿੰਦਰ ਕੁਮਾਰ ਸ਼ਰਮਾ, ਕਪਿਲ ਕੁਮਾਰ ਸ਼ਰਮਾ, ਜਸਵੰਤ ਸਿੰਘ, ਲੋਕ ਗਾਇਕ ਜੱਗੀ ਅਮਰਗੜ੍ਹ, ਡਾ. ਜਸਵੰਤ ਸਿੰਘ ਥਿੰਦ, ਪ੍ਰਿੰਸੀਪਲ ਡਾ. ਰੋਹਤਾਂਸ਼, ਪ੍ਰਿੰਸੀਪਲ ਐਸ.ਐਸ. ਸੰਘਾ, ਜੀ.ਐਸ. ਕਾਲਕਟ, ਪ੍ਰਬੰਧਕੀ ਸਕੱਤਰ ਡਾ. ਵਿਕਰਾਂਤ ਸਿੰਘ ਰਾਣਾ, ਡਾ. ਆਰਤੀ ਸ਼ਰਮਾ, ਡਾ. ਰਾਕੇਸ਼ ਕੁਮਾਰ, ਡਾ. ਕੋਮਲ, ਪ੍ਰੋ. ਸੁਖਵਿੰਦਰ ਸਿੰਘ, ਰੁਪਿੰਦਰਜੋਤ ਬੱਬੂ, ਜਗਜੀਤ ਸਿੰਘ ਗਣੇਸ਼ਪੁਰ, ਗੁਰਵਿੰਦਰ ਕੈਂਦੋਵਾਲ ਸਮੇਤ ਵੱਖ-ਵੱਖ ਕਾਲਜਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
