ਪਟਿਆਲਾ (ਕਾਕਾ ਰਾਮ ਵਰਮਾ):- ਗੋਇਲ ਚੈਰੀਟੇਬਲ ਫਾਊਂਡੇਸ਼ਨ ਟਰੱਸਟ ਦੇ ਪ੍ਰਧਾਨ ਸ਼੍ਰੀ ਪਵਨ ਗੋਇਲ ਅਤੇ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵੱਲੋਂ ਡਾਇਰੈਕਟਰ ਸ਼੍ਰੀ ਰਾਕੇਸ਼ ਗੋਤਮ ਦੇ ਸਹਿਯੋਗ ਨਾਲ 24 ਅਕਤੂਬਰ ਨੂੰ ਸਵੇਰੇ 9:30 ਵਜੇ ਟੈਨੀ ਜੇਮਜ਼ ਪਬਲਿਕ ਹਾਈ ਸਕੂਲ ਵਿਖੇ ਅੰਤਰ-ਸਕੂਲ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ ਭਗਵਾਨ ਸ਼੍ਰੀ ਰਾਮ ਚੰਦਰ ਜੀ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ-ਆਦਰਸ਼ਾਂ ਅਤੇ ਕਾਰਜਾਂ ਦੇ ਨਾਲ-ਨਾਲ ਸ਼੍ਰੀ ਰਮਾਇਣ ਅਤੇ ਮਹਾਂਭਾਰਤ ਗ੍ਰੰਥਾਂ ਦੀਆਂ ਕਥਾਵਾਂ ਅਤੇ ਪ੍ਰਸੰਗਾਂ ਬਾਰੇ ਹੋਵੇਗਾ।

ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ 20 ਟੀਮਾਂ ਭਾਗ ਲੈਣਗੀਆਂ।

ਸ਼੍ਰੀ ਪਵਨ ਗੋਇਲ ਨੇ ਕਿਹਾ ਕਿ ਅੱਜ ਦੇ ਬੱਚਿਆਂ, ਨੌਜਵਾਨਾਂ ਅਤੇ ਨੌਜਵਾਨ ਮਾਪਿਆਂ ਵੱਲੋਂ ਅਵਤਾਰਾਂ ਅਤੇ ਗੁਰੂਆਂ ਦੀਆਂ ਤਸਵੀਰਾਂ ਤੇ ਮੂਰਤੀਆਂ ਦੀ ਪੂਜਾ-ਭਗਤੀ ਤਾਂ ਕੀਤੀ ਜਾਂਦੀ ਹੈ, ਪਰ ਉਨ੍ਹਾਂ ਦੇ ਮਹਾਨ ਮਾਨਵਤਾਵਾਦੀ ਸਿਧਾਂਤਾਂ, ਆਦਰਸ਼ਾਂ ਅਤੇ ਕਾਰਜਾਂ ਨੂੰ ਜੀਵਨ ਵਿੱਚ ਅਪਣਾਇਆ ਨਹੀਂ ਜਾਂਦਾ। ਇਸ ਕਾਰਨ ਦੁਨੀਆ ਅਤੇ ਪਰਿਵਾਰਾਂ ਵਿੱਚ ਹਿੰਸਾ, ਲੁੱਟਮਾਰ, ਨਫ਼ਰਤ ਅਤੇ ਬਦਲਾ ਲੈਣ ਦੀਆਂ ਭਾਵਨਾਵਾਂ ਕਾਰਨ ਜੰਗਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਲੰਕਾ ਅਤੇ ਇੰਦਰਪ੍ਰਸਥ ਨੂੰ ਬਚਾਉਣ ਲਈ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ, ਉਹ ਅੱਜ ਵੀ ਮੌਜੂਦ ਹਨ; ਲੰਕਾ, ਦਿੱਲੀ ਅਤੇ ਹੋਰ ਥਾਵਾਂ ਅੱਜ ਵੀ ਉੱਥੇ ਹੀ ਹਨ।

ਪਿਛਲੇ ਦੋ ਸਾਲਾਂ ਤੋਂ ਇਹ ਸੰਸਥਾਵਾਂ ਧਾਰਮਿਕ ਗਿਆਨ ਦਾ ਪ੍ਰਸਾਰ ਕਰਨ ਲਈ ਇਸ ਤਰ੍ਹਾਂ ਦੇ ਮੁਕਾਬਲੇ ਕਰਵਾ ਰਹੀਆਂ ਹਨ। ਇਨ੍ਹਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।