ਨਵੀਂ ਦਿੱਲੀ, 7 ਫਰਵਰੀ:- ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਇਤਿਹਾਸਕ ਵਪਾਰਕ ਸਮਝੌਤੇ ਦੀ ਸ਼ਲਾਘਾ ਕਰਦਿਆਂ ਇਸ ਨੂੰ 2047 ਤੱਕ ‘ਵਿਕਸਿਤ ਭਾਰਤ’ ਬਣਾਉਣ ਦੇ ਰਾਹ ਵਿੱਚ ਇੱਕ ਵੱਡਾ ਮੀਲ ਪੱਥਰ ਦੱਸਿਆ ਹੈ। ਇਸ ਸਮਝੌਤੇ ਤਹਿਤ ਭਾਰਤ ਹੁਣ ਅਮਰੀਕਾ ਤੋਂ 80 ਰੁਪਏ ਪ੍ਰਤੀ ਕਿੱਲੋ ਦੇ ਘੱਟੋ-ਘੱਟ ਦਰਾਮਦ ਮੁੱਲ ’ਤੇ ਸੇਬਾਂ ਦੀ ਖਰੀਦ ਕਰੇਗਾ।
ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਫੈਸਲੇ ਨਾਲ ਸਥਾਨਕ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਉਨ੍ਹਾਂ ਦੇ ਹਿੱਤਾਂ ਦੀ ਪੂਰੀ ਰਾਖੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਭਾਰਤ ਨੇ ਸੋਇਆਬੀਨ ਤੇਲ, ਸ਼ਰਾਬ, ਕਾਸਮੈਟਿਕਸ ਅਤੇ ਮੈਡੀਕਲ ਉਪਕਰਨਾਂ ਵਰਗੇ ਖੇਤਰਾਂ ਵਿੱਚ ਵੀ ਅਮਰੀਕਾ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਹਨ।
ਦੂਜੇ ਪਾਸੇ, ਇਸ ਡੀਲ ਰਾਹੀਂ ਭਾਰਤੀ ਬਰਾਮਦਕਾਰਾਂ ਲਈ ਅਮਰੀਕੀ ਬਾਜ਼ਾਰ ਦੇ ਵੱਡੇ ਬੂਹੇ ਖੁੱਲ੍ਹ ਗਏ ਹਨ। ਅਮਰੀਕਾ ਹੁਣ ਭਾਰਤੀ ਵਸਤਾਂ ’ਤੇ ਟੈਰਿਫ ਘਟਾ ਕੇ 18 ਫੀਸਦੀ ਕਰੇਗਾ, ਜਦੋਂਕਿ ਰਤਨ, ਹੀਰੇ, ਸਮਾਰਟਫੋਨ ਅਤੇ ਫਾਰਮਾਸਿਊਟੀਕਲ ਉਤਪਾਦਾਂ ’ਤੇ ਜ਼ੀਰੋ ਡਿਊਟੀ ਲੱਗੇਗੀ।
ਇਸ ਦੇ ਬਦਲੇ ਭਾਰਤ ਨੂੰ ਆਟੋ ਅਤੇ ਹਵਾਈ ਜਹਾਜ਼ਾਂ ਦੇ ਪੁਰਜ਼ਿਆਂ ਲਈ ਅਮਰੀਕੀ ਬਾਜ਼ਾਰ ਤੱਕ ਡਿਊਟੀ-ਮੁਕਤ ਪਹੁੰਚ ਮਿਲੇਗੀ, ਜਿਸ ਨਾਲ ਭਾਰਤ ਦੇ ਨਿਰਮਾਣ ਖੇਤਰ ਨੂੰ ਭਾਰੀ ਹੁਲਾਰਾ ਮਿਲਣ ਦੀ ਉਮੀਦ ਹੈ। ਪਿਊਸ਼ ਗੋਇਲ ਅਨੁਸਾਰ, ਇਹ ਸਮਝੌਤਾ ਖੇਤੀਬਾੜੀ, MSMEs ਅਤੇ ਫਾਰਮਾ ਉਦਯੋਗ ਲਈ ਨਵੇਂ ਮੌਕੇ ਪੈਦਾ ਕਰੇਗਾ।