ਨਵਾਂਸ਼ਹਿਰ, 7 ਨਵੰਬਰ (ਗੁਰਬਖਸ਼ ਸਿੰਘ ਮਹੇ):- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵਿਕਾਸ ਦੇ ਰਾਹ ਵਿੱਚ ਰੋੜਾ ਬਣੇ ਗੈਰ-ਕਾਨੂੰਨੀ ਕਬਜ਼ਿਆਂ ਨੇ ਗਲੀਆਂ-ਮੁਹੱਲਿਆਂ ਤੋਂ ਲੈ ਕੇ ਰਾਹਾਂ ਤੱਕ ਨੂੰ ਨਹੀਂ ਬਖ਼ਸ਼ਿਆ। ਇਹ ਕਬਜ਼ੇ ਵਿਕਾਸ ਦੇ ਪਿੰਡੇ ਉੱਤੇ ਕੈਂਸਰ ਦੇ ਨਾਸੂਰ ਵਾਂਗ ਸਥਾਈ ਰੂਪ ਧਾਰਨ ਕਰ ਗਏ ਹਨ। ਸਰਕਾਰੀ ਜਾਇਦਾਦ ਨੂੰ ਲਾਵਾਰਸ ਸਮਝ ਕੇ ਉਸ ਉੱਤੇ ਕਬਜ਼ਾ ਕਰ ਲਿਆ ਜਾਂਦਾ ਹੈ। ਇਸ ਲਈ ਦੋਸ਼ੀ ਸਿਰਫ਼ ਕਬਜ਼ਾ ਕਰਨ ਵਾਲਾ ਵਿਅਕਤੀ ਹੀ ਨਹੀਂ, ਸਗੋਂ ਉਹ ਕਰਮਚਾਰੀ ਅਤੇ ਅਧਿਕਾਰੀ ਵੀ ਹਨ ਜੋ ਜਾਣਬੁੱਝ ਕੇ ਅੱਖਾਂ ਮੀਚ ਲੈਂਦੇ ਹਨ। ਜਨਤਕ ਪਾਰਕਾਂ, ਖੇਡ ਮੈਦਾਨਾਂ, ਪੰਚਾਇਤੀ ਜ਼ਮੀਨਾਂ ਅਤੇ ਨਗਰ ਕੌਂਸਲਾਂ ਦੀਆਂ ਜ਼ਮੀਨਾਂ ਉੱਤੇ ਵੀ ਪ੍ਰਭਾਵਸ਼ਾਲੀ ਲੋਕ ਕਬਜ਼ਾ ਕਰ ਲੈਂਦੇ ਹਨ। ਇੱਥੋਂ ਤੱਕ ਕਿ ਧਾਰਮਿਕ ਸਥਾਨਾਂ ਦੀ ਆੜ ਵਿੱਚ ਵੀ ਨਾਜਾਇਜ਼ ਕਬਜ਼ੇ ਕੀਤੇ ਜਾਣ ਦੀਆਂ ਚਰਚਾਵਾਂ ਹਨ। ਮਾਈਨਿੰਗ ਮਾਫ਼ੀਆ ਬੋਲੀ ਰਾਹੀਂ ਘੱਟ ਰਕਬਾ ਲੈਂਦਾ ਹੈ, ਪਰ ਮਾਈਨਿੰਗ ਵੱਧ ਰਕਬੇ ਵਿੱਚ ਕਰਦਾ ਹੈ। ਇਹ ਨਾਜਾਇਜ਼ ਕਬਜ਼ਿਆਂ ਦਾ ਇੱਕ ਨਵਾਂ ਰੂਪ ਹੈ।

ਨਵਾਂਸ਼ਹਿਰ ਸ਼ਹਿਰ ਦੇ ਕਈ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦਾ ਸਾਮਾਨ ਬਾਹਰ ਕੱਢ ਕੇ ਸੜਕਾਂ ਤੱਕ ਫੈਲਾ ਰੱਖਿਆ ਹੈ। ਦੁਕਾਨਾਂ ਦੇ ਬੋਰਡ ਵੀ ਸੜਕਾਂ ਦਾ ਸ਼ਿੰਗਾਰ ਬਣੇ ਹੋਏ ਹਨ। ਸ਼ਹਿਰੀ ਖੇਤਰ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਅਤੇ ਦੁਕਾਨਾਂ ਮੂਹਰੇ ਬਣਾਈਆਂ ਲੰਬੀਆਂ-ਲੰਬੀਆਂ ਥੜ੍ਹੀਆਂ ਕਾਰਨ ਟ੍ਰੈਫ਼ਿਕ ਦੀ ਸਮੱਸਿਆ ਲਗਾਤਾਰ ਬਣੀ ਹੋਈ ਹੈ, ਜਦਕਿ ਨਾਜਾਇਜ਼ ਕਬਜ਼ੇ ਹਟਾਉਣ ਲਈ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਲਗਾਤਾਰ ਚੁੱਪ ਧਾਰੀ ਹੋਈ ਹੈ। ਇੱਥੇ ਵਰਨਣਯੋਗ ਹੈ ਕਿ ਕੁਝ ਸਮੇਂ ਬਾਅਦ ਨਗਰ ਕੌਂਸਲ ਵੱਲੋਂ ਅਤੇ ਲੰਬਾ ਸਮਾਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਸਿਰਫ਼ ਖਾਨਾਪੂਰਤੀ ਕੀਤੀ ਜਾਂਦੀ ਰਹੀ ਹੈ। ਸਮਾਨ ਚੁੱਕਣ ਵਾਲੀ ਟਰਾਲੀ ਅਤੇ ਟਰੈਕਟਰ ਦੇ ਹਾਲੇ ਬਾਜ਼ਾਰ ਵਿੱਚੋਂ ਲੰਘਣ ਤੋਂ ਪਹਿਲਾਂ ਹੀ ਦੁਕਾਨਦਾਰ ਮੁੜ ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਦਿੰਦੇ ਹਨ।

ਨਵਾਂਸ਼ਹਿਰ ਦੇ ਮੁੱਖ ਮਾਰਗਾਂ ਚੰਡੀਗੜ੍ਹ ਰੋਡ, ਬੰਗਾ ਰੋਡ, ਰਾਹੋਂ ਰੋਡ, ਰੇਲਵੇ ਰੋਡ ਅਤੇ ਗੜ੍ਹਸ਼ੰਕਰ ਰੋਡ ਉੱਤੇ ਦੁਕਾਨਾਂ ਦੇ ਬਾਹਰ ਸਜਾਇਆ ਹੋਇਆ ਸਾਮਾਨ ਅਕਸਰ ਟ੍ਰੈਫ਼ਿਕ ਨਿਯਮ ਲਾਗੂ ਕਰਨ ਵਿੱਚ ਅੜਿੱਕਾ ਬਣਦਾ ਹੈ। ਇੱਥੇ ਹੀ ਬੱਸ ਨਹੀਂ, ਮਠਿਆਈ ਦੀਆਂ ਕੁਝ ਮਸ਼ਹੂਰ ਦੁਕਾਨਾਂ ਦੇ ਮਾਲਕ ਆਪਣੀਆਂ ਦੁਕਾਨਾਂ ਦੇ ਬਾਹਰ ਗੱਡੀਆਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲਗਵਾ ਕੇ ਮਾਨੋ ਇਹ ਸਾਬਤ ਕਰਦੇ ਹਨ ਕਿ ਐਨੀ ਜਗ੍ਹਾ ਤਾਂ ਉਨ੍ਹਾਂ ਦੀ ਹੀ ਹੈ ਅਤੇ ਉਨ੍ਹਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ।

ਇਸ ਤੋਂ ਇਲਾਵਾ ਕੋਠੀ ਰੋਡ, ਗੀਤਾ ਭਵਨ ਰੋਡ ਅਤੇ ਸੁਨਿਆਰਾ ਬਾਜ਼ਾਰ ਵਿੱਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਲੰਮੀਆਂ-ਲੰਮੀਆਂ ਥੜ੍ਹੀਆਂ ਬਣਾਈਆਂ ਹੋਈਆਂ ਹਨ। ਬਰਸਾਤ ਦੇ ਦਿਨਾਂ ਵਿੱਚ ਨਾਲੀਆਂ ਬੰਦ ਹੋਣ ਕਾਰਨ ਉਕਤ ਬਾਜ਼ਾਰਾਂ ਦੀਆਂ ਸੜਕਾਂ ਉੱਤੇ ਨਹਿਰ ਵਾਂਗ ਪਾਣੀ ਵਗਣ ਲੱਗ ਪੈਂਦਾ ਹੈ ਅਤੇ ਰਾਹਗੀਰਾਂ ਦਾ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਨਗਰ ਕੌਂਸਲ ਨਵਾਂਸ਼ਹਿਰ ਅਤੇ ਨਵਾਂਸ਼ਹਿਰ ਪ੍ਰਸ਼ਾਸਨ ਪੂਰੀ ਤਰ੍ਹਾਂ ਅਣਗੌਲਿਆ ਕਰਦਾ ਨਜ਼ਰ ਆ ਰਿਹਾ ਹੈ। ਲੰਬੇ ਸਮੇਂ ਤੋਂ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ਖਾਲੀ ਹੋਣ ਕਾਰਨ ਵੀ ਇਹ ਸਮੱਸਿਆ ਗੰਭੀਰ ਬਣੀ ਹੋਈ ਸੀ, ਪਰ ਹੁਣ ਇਸ ਅਹੁਦੇ 'ਤੇ ਨਿਯੁਕਤੀ ਹੋਣ ਦੇ ਬਾਵਜੂਦ ਕੋਈ ਠੋਸ ਫੈਸਲਾ ਨਹੀਂ ਲਿਆ ਜਾ ਰਿਹਾ। ਕੁਝ ਨਾਮਵਰ ਦੁਕਾਨਦਾਰਾਂ ਦੀਆਂ ਦੁਕਾਨਾਂ ਮੂਹਰੇ ਖੜ੍ਹੇ ਵਾਹਨ ਵੀ ਟ੍ਰੈਫ਼ਿਕ ਨਿਯਮਾਂ ਵਿੱਚ ਵਿਘਨ ਪਾਉਂਦੇ ਹਨ, ਪਰ ਉਨ੍ਹਾਂ ਵੱਲ ਟ੍ਰੈਫ਼ਿਕ ਪੁਲਿਸ ਦੀ ਨਜ਼ਰ ਹੀ ਨਹੀਂ ਜਾਂਦੀ।

ਇਸ ਸਬੰਧੀ ਏ.ਡੀ.ਸੀ. ਅਵਨੀਤ ਕੌਰ ਨਾਲ ਫ਼ੋਨ 'ਤੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਵੱਲੋਂ ਫ਼ੋਨ ਨਹੀਂ ਚੁੱਕਿਆ ਗਿਆ।