ਅੰਬਾਲਾ, 31 ਦਸੰਬਰ:- ਰਾਸ਼ਟਰੀ ਪੰਜਾਬੀ ਮਹਾਂਸਭਾ ਦੇ ਕੌਮੀ ਪ੍ਰਧਾਨ ਅਸ਼ੋਕ ਮਹਿਤਾ ਨੇ ਕਿਹਾ ਕਿ ਜੇ ਪੰਜਾਬੀ ਆਪਣੀ ਮਾਂ ਬੋਲੀ ਦਾ ਤਿਆਗ ਕਰ ਦੇਣਗੇ ਤਾਂ ਉਹ ਆਪਣੇ ਅਮੀਰ ਪੰਜਾਬੀ ਵਿਰਸੇ ਤੋਂ ਵੀ ਖ਼ਾਲੀ ਹੋ ਜਾਣਗੇ। ਸ਼੍ਰੀ ਮਹਿਤਾ ਕੱਲ੍ਹ ਦੇਰ ਸ਼ਾਮ ਇਕ ਸਮਾਗਮ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ।
ਸ਼੍ਰੀ ਮਹਿਤਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੇ 2010 ਵਿਚ ਤਤਕਾਲੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਕੋਲੋਂ ਹਰਿਆਣਾ ਵਿਚ ਪੰਜਾਬੀ ਦੂਜੀ ਭਾਸ਼ਾ ਦਾ ਨੋਟੀਫ਼ਿਕੇਸ਼ਨ ਜਾਰੀ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਤੋਂ ਪਹਿਲਾਂ ਹਰਿਆਣਾ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇ ਦਿੱਤਾ ਗਿਆ ਸੀ ਪਰ ਇਸ ਬਾਰੇ ਕੋਈ ਨੋਟੀਫ਼ਿਕੇਸ਼ਨ ਜਾਰੀ ਨਹੀਂ ਸੀ ਹੋਇਆ ਜੋ ਹੁੱਡਾ ਸਰਕਾਰ ਸਮੇਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਨੋਟੀਫ਼ਿਕੇਸ਼ਨ ਤੋਂ ਬਾਅਦ ਹੁਣ ਕੋਈ ਵੀ ਕਿਸੇ ਵੀ ਦਫ਼ਤਰ ਜਾਂ ਹੋਰ ਸਰਕਾਰੀ ਕੰਮ ਲਈ ਆਪਣਾ ਪੱਤਰ ਪੰਜਾਬੀ ਵਿਚ ਲਿਖ ਕੇ ਦੇ ਸਕਦਾ ਹੈ ਅਤੇ ਉਸ ਦਾ ਜਵਾਬ ਵੀ ਪੰਜਾਬੀ ਵਿਚ ਦਿੱਤਾ ਜਾਵੇਗਾ। ਹਰਿਆਣਾ ਦੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਕੰਮ-ਕਾਜ ਲਈ ਆਪਣੇ ਪੱਤਰ ਪੰਜਾਬੀ ਵਿਚ ਲਿਖਣ। ਉਨ੍ਹਾਂ ਇਹ ਵੀ ਦੱਸਿਆ ਕਿ ਸਕੱਤਰੇਤ ਵਿਚ ਪਹਿਲਾਂ ਮੰਤਰੀਆਂ ਦੀਆਂ ਨੇਮ ਪਲੇਟਾਂ ਕੇਵਲ ਹਿੰਦੀ ਅਤੇ ਨੇ ਵਿਚ ਹੁੰਦੀਆਂ ਸਨ ਪਰ ਹੁਣ ਇਨ੍ਹਾਂ ਤਖ਼ਤੀਆਂ ਤੇ ਪੰਜਾਬੀ ਵੀ ਸੋਭਦੀ ਹੈ।
ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨਾਂ ਤੇ ਵੀ ਸਟੇਸ਼ਨਾਂ ਦੇ ਨਾਂ ਹਿੰਦੀ ਅਤੇ ਅੰਗਰੇਜ਼ੀ ਦੇ ਨਾਲ ਪੰਜਾਬੀ ਵਿਚ ਲਿਖੇ ਜਾਣੇ ਚਾਹੀਦੇ ਹਨ ਅਤੇ ਇਸ ਲਈ ਉਨ੍ਹਾਂ ਦੀ ਸੰਸਥਾ ਕੋਸ਼ਿਸ ਕਰ ਰਹੀ ਹੈ। ਜੇ ਹਰ ਥਾਂ ਪੰਜਾਬੀ (ਗੁਰਮੁਖੀ) ਲਿਖੀ ਨਜ਼ਰ ਆਵੇਗੀ ਤਾਂ ਇਸ ਨਾਲ ਪੰਜਾਬੀ ਮਾਂ ਬੋਲੀ ਦਾ ਵੱਕਾਰ ਤੇ ਪ੍ਰਚਾਰ ਵਧਣਗੇ। ਸ਼੍ਰੀ ਮਹਿਤਾ ਨੇ ਦੱਸਿਆ ਕਿ ਹਰਿਆਣਾ ਤੋਂ ਬਿਨਾ ਉਨ੍ਹਾਂ ਦੀ ਸੰਸਥਾ ਹੋਰ ਸੂਬਿਆਂ ਵਿਚ ਵੀ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦੇਣ ਲਈ ਯਤਨਸ਼ੀਲ ਹੈ।
ਸ਼੍ਰੀ ਮਹਿਤਾ ਨੇ ਕਿਹਾ ਕਿ ਸਹਿਜਧਾਰੀ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਸਭ ਤੋਂ ਵੱਡਾ ਵਿਰਸਾ ਹੈ। ਜੇ ਸਾਡੀ ਨਵੀਂ ਪੀੜ੍ਹੀ ਨੂੰ ਪੰਜਾਬੀ (ਗੁਰਮੁਖੀ) ਨਹੀਂ ਆਉਂਦੀ ਹੋਵੇਗੀ ਤਾਂ ਪੰਜਾਬੀਅਤ ਨੂੰ ਹੋਣ ਵਾਲੇ ਵੱਡੇ ਖ਼ਤਰੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਆਪਣੀਆਂ ਰਵਾਇਤਾਂ, ਸਭਿਆਚਾਰ, ਪਰੰਪਰਾਵਾਂ ਤੇ ਵਿਸ਼ੇਸ਼ ਕਰਕੇ ਪੰਜਾਬੀਅਤ ਨੂੰ ਜ਼ਿੰਦਾ ਰੱਖਣਾ ਹੈ ਤਾਂ ਹਰੇਕ ਪੰਜਾਬੀ ਨੂੰ ਘਰਾਂ ਤੇ ਵਿਸ਼ੇਸ਼ ਕਰਕੇ ਬੱਚਿਆਂ ਨਾਲ ਪੰਜਾਬੀ ਬੋਲਣੀ ਚਾਹੀਦੀ ਹੈ ਅਤੇ ਲਿਖਣੀ, ਪੜ੍ਹਨੀ ਆਉਣੀ ਚਾਹੀਦੀ ਹੈ।
ਕੌਮੀ ਪ੍ਰਧਾਨ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਲਈ ਜਿੰਨੀ ਕੁਰਬਾਨੀ ਪੰਜਾਬੀਆਂ ਨੇ ਦਿੱਤੀ ਹੈ ਅਤੇ ਦੁਖਾਂਤ ਭੋਗਿਆ ਹੈ ਇਸ ਦੀ ਮਿਸਾਲ ਦੁਨੀਆ ਵਿਚ ਨਹੀਂ ਮਿਲਦੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੱਡੇ ਵੰਡ ਸਮੇਂ ਪੱਛਮੀ ਪੰਜਾਬ (ਪਾਕਿਸਤਾਨ) ਤੋਂ ਪੂਰਬੀ ਪੰਜਾਬ (ਹਿੰਦੁਸਤਾਨ) ਵਿਚ ਲੁੱਟੇ ਪੁੱਟੇ ਇਸ ਲਈ ਆਏ ਸਨ ਕਿ ਉਨ੍ਹਾਂ ਸਾਹਮਣੇ ਦੇਸ਼ ਹਿੰਦੁਸਤਾਨ ਅਤੇ ਧਰਮ ਸੀ ਹੋਰ ਕੋਈ ਲਾਲਚ ਨਹੀਂ ਸੀ ਪਰ ਅਫ਼ਸੋਸ ਕਿ ਕਿਸੇ ਸਰਕਾਰ ਨੇ ਪੰਜਾਬੀਆਂ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਅਤੇ ਪੰਜਾਬੀਆਂ ਨੇ ਵੀ ਕਿਸੇ ਅੱਗੇ ਹੱਥ ਨਹੀਂ ਅੱਡਿਆ ਬਲਕਿ ਪੁਰਸ਼ਾਰਥ ਅਤੇ ਮਿਹਨਤ ਦੇ ਸਦਕਾ ਤਰੱਕੀ ਕੀਤੀ ਹੈ।
ਸ਼੍ਰੀ ਮਹਿਤਾ ਨੇ ਦੱਸਿਆ ਕਿ 9 ਜਨਵਰੀ ਨੂੰ ਉਹ ਅੰਬਾਲਾ ਸ਼ਹਿਰ ਵਿਚ ਇਕ ਵੱਡਾ ਸਮਾਗਮ ਕਰ ਰਹੇ ਹਨ ਅਤੇ 12 ਜਨਵਰੀ ਨੂੰ ਸ਼ਾਹਬਾਦ ਵਿਚ ਪ੍ਰਦੇਸ਼ ਪੱਧਰ ਤੇ ਕੁੜੀਆਂ ਦੀ ਲੋਹੜੀ ਮਨਾ ਰਹੇ ਹਨ।
