ਹੁਸ਼ਿਆਰਪੁਰ:- ਜ਼ਿਲ੍ਹੇ ਦੇ ਭਵਿੱਖ ਨੂੰ ਊਰਜਾ, ਸਿੱਖਿਆ ਤੇ ਆਤਮ ਨਿਰਭਰਤਾ ਦੇ ਮਜ਼ਬੂਤ ਥੰਮਾਂ ‘ਤੇ ਖੜ੍ਹਾ ਕਰਨ ਦੀ ਦਿਸ਼ਾ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਚੜ੍ਹਦਾ ਸੂਰਜ ਮੁਹਿੰਮ ਦੇ ਤਹਿਤ ਇਕ ਪ੍ਰੇਰਿਕ ਅਤੇ ਦੂਰਦਰਸ਼ੀ ਪਹਿਲ ਕੀਤੀ ਹੈ। ਇਸ ਮੁਹਿੰਮ ਦੇ ਕੇਂਦਰ ਵਿਚ ਜਿਥੇ 600 ਟਾਪਰ ਵਿਦਿਆਰਥੀਆਂ ਦੇ ਘਰਾਂ ‘ਤੇ 1-1 ਕਿਲੋਵਾਟ ਦਾ ਮੁਫ਼ਤ ਰੂਫ ਟਾਪ ਸੋਲਰ ਸਿਸਟਮ ਹੈ, ਉਥੇ ਇਸ ਦੇ ਨਾਲ-ਨਾਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਰੋਜ਼ਗਾਰ ਅਤੇ ਪੇਂਡੂ ਮਹਿਲਾਵਾਂ ਲਈ ਰੋਜ਼ਗਾਰ ਨਾਲ ਜੁੜੇ ਦੋ ਹੋਰ ਪ੍ਰੋਜੈਕਟ ਵੀ ਸਮਾਜ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕਰ ਰਹੇ ਹਨ। 
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਪ੍ਰਧਾਨਗੀ ਵਿਚ ਜ਼ਿਲ੍ਹੇ ਵਿਚ ਕੰਮ ਕਰ ਰਹੀਆਂ ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਨਾਲ ਹੋਈ ਮੀਟਿੰਗ ਵਿਚ ਇਹ ਸਪੱਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਵਿਕਾਸ ਤਾਂ ਹੀ ਟਿਕਾਊ ਹੋਵੇਗਾ, ਜਦੋਂ ਪ੍ਰਸ਼ਾਸਨ ਅਤੇ ਸਮਾਜ ਮਿਲ ਕੇ ਅੱਗੇ ਵਧੇ।

**600 ਟਾਪਰ ਵਿਦਿਆਰਥੀਆਂ ਦੇ ਲਈ ਮੁਫ਼ਤ ਸੋਲਰ ਸਿਸਟਮ - ਸਨਮਾਨ ਵੀ, ਸੰਦੇਸ਼ ਵੀ
ਚੜ੍ਹਦਾ ਸੂਰਜ ਮੁਹਿੰਮ ਦੀ ਸਭ ਤੋਂ ਪ੍ਰਭਾਵਸ਼ਾਲੀ ਲੜੀ ‘ਗੋ ਸੋਲਰ ਮੁਹਿੰਮ’ ਹੈ। ਡਿਪਟੀ ਕਮਿਸ਼ਨਰ ਨੇ ਐਲਾਨ ਕੀਤਾ ਕਿ ਸੀ.ਐਸ.ਆਰ ਸਹਿਯੋਗ ਨਾਲ ਸਾਲ 2024-25 ਦੇ ਦਸਵੀਂ ਜਮਾਤ ਦੇ 600 ਟਾਪਰ ਵਿਦਿਆਰਥੀਆਂ ਦੇ ਘਰਾਂ ‘ਤੇ 1 ਕਿਲੋਵਾਟ ਤੱਕ ਦਾ ਰੂਫ ਟਾਪ ਸੋਲਰ ਸਿਸਟਮ ਪੂਰੀ ਤਰ੍ਹਾਂ ਮੁਫ਼ਤ ਲਗਾਇਆ ਜਾਵੇਗਾ। ਇਹ ਪਹਿਲ ਨਾ ਕੇਵਲ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਦਾ ਪ੍ਰਤੀਕ ਹੈ, ਬਲਕਿ ਉਨ੍ਹਾਂ ਦੇ ਪਰਿਵਾਰਾਂ ਦੇ ਰਾਹੀਂ ਪੂਰੇ ਸਮਾਜ ਨੂੰ ਸਵੱਛ ਅਤੇ ਸਸਤੀ ਸੂਰਜੀ ਊਰਜਾ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਮਜ਼ਬੂਤ ਸੰਦੇਸ਼ ਵੀ ਦਿੰਦੀ ਹੈ।

**ਵਿੰਗਜ਼ ਪ੍ਰੋਜੈਕਟ-ਵਿਸ਼ੇਸ਼ ਬੱਚਿਆਂ ਨੂੰ ਸਨਮਾਨਜਨਕ ਰੋਜ਼ਗਾਰ
ਚੜ੍ਹਦਾ ਸੂਰਜ ਮੁਹਿੰਮ ਦੇ ਤਹਿਤ ‘ਵਿੰਗਜ਼ ਪ੍ਰੋਜੈਕਟ’ ਸਮਾਜ ਦੇ ਉਸ ਵਰਗ ਦੇ ਲਈ ਆਸ਼ਾ ਦੀ ਕਿਰਨ ਬਣ ਕੇ ਉਭਰਿਆ ਹੈ, ਜਿਸ ਨੂੰ ਅਕਸਰ ਮੁੱਖ ਧਾਰਾ ਤੋਂ ਦੂਰ ਸਮਝਿਆ ਜਾਂਦਾ ਹੈ। ਇਸ ਪ੍ਰੋਜੈਕਟ ਦੇ ਤਹਿਤ ਹੁਸ਼ਿਆਰਪੁਰ ਵਿਚ 7 ਥਾਵਾਂ ‘ਤੇ ਕੰਟੀਨਾਂ ਸਥਾਪਿਤ ਕਰਕੇ 16 ਵਿਸ਼ੇਸ਼ ਬੱਚਿਆਂ ਨੂੰ ਸਨਮਾਨਜਨਕ ਰੋਜ਼ਗਾਰ ਉਪਲਬੱਧ ਕਰਵਾਇਆ ਗਿਆ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਐਨ.ਜੀ.ਓਜ਼ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਇਸ ਤਰ੍ਹਾਂ ਦੇ ਬੱਚਿਆਂ ਦੀ ਪਹਿਚਾਣ ਕਰਨ ਅਤੇ ਵਿੰਗਜ਼ ਪ੍ਰੋਜੈਕਟ ਦੇ ਵਿਸਥਾਰ ਵਿਚ ਭਾਗੀਦਾਰੀ ਬਣਨ।

**ਸੂਈ-ਧਾਗਾ ਪ੍ਰੋਜੈਕਟ-ਪੇਂਡੂ ਮਹਿਲਾਵਾਂ ਦੀ ਆਤਮ ਨਿਰਭਰਤਾ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਤੀਸਰੀ ਮਹੱਤਵਪੂਰਨ ਪਹਿਲ ‘ਸੂਈ-ਧਾਗਾ’ ਪ੍ਰੋਜੈਕਟ ਹੈ, ਜਿਸ ਦਾ ਉਦੇਸ਼ ਪੇਂਡੂ ਲੋੜਵੰਦ ਮਹਿਲਾਵਾਂ ਨੂੰ ਹੁਨਰ ਵਿਕਾਸ ਰਾਹੀਂ ਪੱਕੇ ਤੌਰ ‘ਤੇ ਰੋਜ਼ਗਾਰ ਮੁਹੱਈਆ ਕਰਵਾਉਣਾ ਹੈ। ਇਸ ਪ੍ਰੋਜੈਕਟ ਤਹਿਤ ਪਿੰਡਾਂ, ਤਹਿਸੀਲਾਂ ਅਤੇ ਬਲਾਕਾਂ ਵਿਚ ਸਿਲਾਈ ਕੇਂਦਰ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਮਸ਼ੀਨਰੀ ਅਤੇ ਸਾਜ਼ੋ-ਸਾਮਾਨ ਰੈਡ ਕਰਾਸ ਸੁਸਾਇਟੀ ਉਪਲਬੱਧ ਕਰਵਾਏਗੀ, ਜਦਕਿ ਸੰਚਾਲਨ ਮਗਨਰੇਗਾ ਫਰੇਮਵਰਕ ਤਹਿਤ ਕੀਤਾ ਜਾਵੇਗਾ।