ਹੁਸ਼ਿਆਰਪੁਰ- ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ ਫਾਰਮਾਸਿਊਟਿਕਲ ਸਾਇੰਸਜ਼ ਵੱਲੋਂ ‘ਹੋਪਸ-2025’ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ।
ਕਾਨਫਰੰਸ ਦੀ ਸ਼ੁਰੂਆਤ ਡਾ. ਮਨਿੰਦਰ ਪਾਲ ਸਿੰਘ , ਡਾਇਰੈਕਟਰ-ਪ੍ਰਿੰਸੀਪਲ ਅਤੇ ਕਨਵੀਨਰ  ਦੇ ਸਵਾਗਤੀ ਸੰਬੋਧਨ ਨਾਲ ਹੋਈ। ਉਨ੍ਹਾਂ  ਦੱਸਿਆ ਕਿ  ਇਹ ਸਮਾਗਮ ਇੰਡਿਅਨ ਫਾਰਮੇਸੀ ਗ੍ਰੈਜੂਏਟਸ ਐਸੋਸੀਏਸ਼ਨ (ਆਈਪੀਜੀਏ), ਪੰਜਾਬ ਸਟੇਟ ਬ੍ਰਾਂਚ ਦੇ ਸਹਿਯੋਗ ਨਾਲ ਹੋਇਆ।  ਇਸ ਮੌਕੇ  ਮੁੱਖ ਮਹਿਮਾਨ  ਵਜੋਂ ਪ੍ਰੋ. (ਡਾ.) ਰਾਜੀਵ ਸੂਦ, ਵਾਈਸ ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ, ਮੌਜੂਦ ਸਨ, ਜਦਕਿ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ ਚਾਂਸਲਰ ਡਾ. ਚੰਦਰ ਮੋਹਨ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਗੁਰਵਿੰਦਰ ਸਿੰਘ ਬਾਹਰਾ ਨੇ ਆਪਣੇ ਸੰਬੋਧਨ ਵਿੱਚ ਅਨੁਸੰਧਾਨ, ਨਵਚੇਤਨਾ ਅਤੇ ਵਿਭਾਗੀ ਸਹਿਯੋਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਫਾਰਮਾਸਿਊਟਿਕਲ ਸਿੱਖਿਆ ਅਤੇ ਹੈਲਥ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਗਲੋਬਲ ਐਕਸੀਲੈਂਸ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ।
ਡਾ. ਚੰਦਰ ਮੋਹਨ ਨੇ ਆਯੋਜਕ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੰਚ ਵਿਗਿਆਨਕ ਅਦਾਨ-ਪ੍ਰਦਾਨ ਅਤੇ ਨਵੇਂ ਵਿਚਾਰਾਂ ਦੇ ਵਿਕਾਸ ਲਈ ਪ੍ਰਭਾਵਸ਼ਾਲੀ ਮੌਕਾ ਪ੍ਰਦਾਨ ਕਰਦੇ ਹਨ।
ਸਮਾਗਮ ਵਿੱਚ ਆਈਪੀਜੀਏ ਪੰਜਾਬ ਸਟੇਟ ਬ੍ਰਾਂਚ ਦੇ ਪ੍ਰਧਾਨ ਪ੍ਰੋ. (ਡਾ.) ਸੁਰੇਸ਼ ਕੁਮਾਰ ਅਤੇ ਜਨਰਲ ਸਕੱਤਰ ਪ੍ਰੋ. (ਡਾ.) ਬਲਜੀਤ ਸਿੰਘ ਖੁਰਾਨਾ ਆਪਣੀ ਪੂਰੀ ਟੀਮ ਸਮੇਤ ਮੌਜੂਦ ਸਨ।
ਪਲੇਨਰੀ ਸੈਸ਼ਨਾਂ ਵਿੱਚ ਦੇਸ਼ ਤੇ ਵਿਦੇਸ਼ ਦੇ ਪ੍ਰਸਿੱਧ ਵਿਦਵਾਨਾਂ ਨੇ ਵਿਚਾਰ ਸਾਂਝੇ ਕੀਤੇ, ਜਿਨ੍ਹਾਂ ਵਿੱਚ ਪ੍ਰੋ. (ਡਾ.) ਜ਼ੇਲੀਹਾ ਸੇਲਾਮੋਗਲੂ (ਨਿਗਦੇ ਓਮਰ ਹਾਲਿਸਦੇਮੀਰ ਯੂਨੀਵਰਸਿਟੀ, ਤੁਰਕੀ), ਡਾ. ਐਲਨ ਤਨ ਸੇਂਗ ਲੂਨ (ਸਨਵੇ ਬਾਇਓਫੰਕਸ਼ਨਲ ਮਾਲਿਕਿਊਲਜ਼ ਡਿਸਕਵਰੀ ਸੈਂਟਰ, ਮਲੇਸ਼ੀਆ), ਡਾ. ਰਾਜਿੰਦਰ ਖਨਾਲ (ਮਰਕ ਕੇ.ਜੀ.ਏ.ਏ., ਜਰਮਨੀ), ਡਾ. ਰਾਜੀਵ ਕੁਮਾਰ ਸਿੰਗਲਾ (ਵੈਸਟ ਚਾਈਨਾ ਹਸਪਤਾਲ, ਸਿਚੁਆਨ ਯੂਨੀਵਰਸਿਟੀ, ਚੀਨ), ਡਾ. ਹਰੀਸ਼ ਚੰਦਰ (ਨੈਸ਼ਨਲ ਇੰਸਟੀਚਿਊਟ ਆਫ ਬਾਇਓਲੌਜਿਕਲਸ, ਨੋਇਡਾ), ਪ੍ਰੋ. (ਡਾ.) ਅਮਿਤ ਭਾਟੀਆ (ਐਮ.ਆਰ.ਐਸ.ਪੀ.ਟੀ.ਯੂ., ਬਠਿੰਡਾ), ਪ੍ਰੋ. (ਡਾ.) ਰਿਚਾ ਸ਼੍ਰੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਅਤੇ ਪ੍ਰੋ. (ਡਾ.) ਅੰਜੂ ਗੋਇਲ   (ਰਿਆਤ ਬਾਹਰਾ ਯੂਨੀਵਰਸਿਟੀ, ਮੋਹਾਲੀ) ਸ਼ਾਮਲ ਸਨ।
ਭਾਰਤ ਅਤੇ ਵਿਦੇਸ਼ ਤੋਂ 800 ਤੋਂ ਵੱਧ ਭਾਗੀਦਾਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ। 295 ਖੋਜ ਪ੍ਰਸਤੁਤੀਆਂ ਵਿੱਚੋਂ 220 ਚੁਣੀਆਂ ਗਈਆਂ। ਕਾਨਫਰੰਸ ਦੌਰਾਨ ਜਰਨਲ ਆਫ ਐਪਲਾਇਡ ਮੈਡੀਕਲ ਸਾਇੰਸਜ਼ (JAPS) ਵਿੱਚ ਵਿਸ਼ੇਸ਼ ਅੰਕ ਪ੍ਰਕਾਸ਼ਨ ਦੀ ਘੋਸ਼ਣਾ ਵੀ ਕੀਤੀ ਗਈ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ, ਨਾਚ ਅਤੇ ਗੀਤ ਪ੍ਰਸਤੁਤ ਕੀਤੇ ਗਏ। ਸਮਾਪਨ ਸਮਾਰੋਹ ਵਿੱਚ ਸ੍ਰੇਸ਼ਠ ਖੋਜ ਪੇਪਰ ਅਤੇ ਪੋਸਟਰ ਐਵਾਰਡ ਵੰਡੇ ਗਏ। ਅੰਤ ਵਿੱਚ ਡਾ. ਚੰਦਰ ਮੋਹਨ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਡਾ. ਪ੍ਰਦੀਪ ਮੱਟੂ (ਸਾਬਕਾ ਜੌਇੰਟ ਕਮਿਸ਼ਨਰ, ਐਫ.ਡੀ.ਏ. ਪੰਜਾਬ) ਅਤੇ ਸਮੀਰ ਕਾਂਤ ਅਹੂਜਾ (ਬਾਬਾ ਫਰੀਦ ਯੂਨੀਵਰਸਿਟੀ) ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।