ਨਵੀਂ ਦਿੱਲੀ:- ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਲੀ ਵਾਲਸ਼ ਨੇ ਕਿਹਾ ਹੈ ਕਿ ਹਵਾਈ ਬਾਲਣ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਕਾਰਨ ਕੰਪਨੀ ਨੂੰ ਹਵਾਈ ਕਿਰਾਏ ਵਧਾਉਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਇੰਡੀਗੋ ਦੀ ਵਿੱਤੀ ਸਥਿਤੀ ਮਜ਼ਬੂਤ ਹੈ ਅਤੇ ਕੰਪਨੀ ਕੋਲ ਵਧਦੇ ਖ਼ਰਚਿਆਂ ਨਾਲ ਨਜਿੱਠਣ ਲਈ ਕਈ ਬਦਲ ਹਨ। ਹਾਲਾਂਕਿ, ਕੰਪਨੀ ਨੇ ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ ਵਿੱਚ 1,879.1 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਹੈ।

ਅਗਸਤ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਮੀਡੀਆ ਗੱਲਬਾਤ ਦੌਰਾਨ ਵਾਲਸ਼ ਨੇ ਕਿਹਾ ਕਿ ਕੰਪਨੀ ਦੀ ਮਜ਼ਬੂਤ ਵਿੱਤੀ ਸਥਿਤੀ ਉਸ ਨੂੰ ਹੋਰ ਹਵਾਈ ਕੰਪਨੀਆਂ ਦੇ ਮੁਕਾਬਲੇ ਵਧੇਰੇ ਬਦਲ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਕੁਝ ਖ਼ਰਚੇ ਘਟਾ ਸਕਦੀ ਹੈ, ਪਰ ਇਸ ਦਾ ਖ਼ਰਚਾ ਢਾਂਚਾ ਪਹਿਲਾਂ ਹੀ ਕਾਫ਼ੀ ਕੁਸ਼ਲ ਹੈ।


ਸਤੰਬਰ ਤਿਮਾਹੀ ਵਿੱਚ 1,879 ਕਰੋੜ ਦਾ ਘਾਟਾ

ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬ ਏਵੀਏਸ਼ਨ ਨੂੰ ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ ਵਿੱਚ 1,879.1 ਕਰੋੜ ਰੁਪਏ ਦਾ ਘਾਟਾ ਪਿਆ ਹੈ। ਕੰਪਨੀ ਦੀ ਕੁੱਲ ਆਮਦਨ ਪਿਛਲੇ ਸਾਲ ਦੀ ਇਸੇ ਮਿਆਦ ਦੇ 19,599.5 ਕਰੋੜ ਰੁਪਏ ਤੋਂ ਵਧ ਕੇ 24,311.9 ਕਰੋੜ ਰੁਪਏ ਹੋ ਗਈ। ਇਸ ਦੇ ਬਾਵਜੂਦ ਵਧੇ ਹੋਏ ਖ਼ਰਚਿਆਂ ਕਾਰਨ ਮੁਨਾਫ਼ੇ ਦੀ ਥਾਂ ਘਾਟਾ ਦਰਜ ਹੋਇਆ।

ਤਿਮਾਹੀ ਦੌਰਾਨ ਕੰਪਨੀ ਦੇ ਕੁੱਲ ਖ਼ਰਚੇ ਵਧ ਕੇ 26,188.4 ਕਰੋੜ ਰੁਪਏ ਹੋ ਗਏ। ਹਵਾਈ ਬਾਲਣ 'ਤੇ ਖ਼ਰਚਾ 67.2 ਫ਼ੀਸਦੀ ਵਧ ਕੇ 9,966.8 ਕਰੋੜ ਰੁਪਏ ਤੱਕ ਪਹੁੰਚ ਗਿਆ। ਕੰਪਨੀ ਨੇ ਇਸ ਲਈ ਬਾਲਣ ਦੀਆਂ ਬੇਹੱਦ ਉੱਚੀਆਂ ਕੀਮਤਾਂ ਅਤੇ ਰੁਪਏ ਦੀ ਕਮਜ਼ੋਰੀ ਨੂੰ ਜ਼ਿੰਮੇਵਾਰ ਦੱਸਿਆ।