ਚੰਡੀਗੜ੍ਹ, 21 ਅਕਤੂਬਰ: ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੀ ਸਿਹਤ ਵਿਭਾਗ ਵਿੱਚ ਕੰਮ ਕਰਦੇ ਚੌਥਾ ਦਰਜਾ, ਆਊਟਸੋਰਸ ਅਤੇ ਯੂਜ਼ਰ ਚਾਰਜਿਜ਼ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ, ਆਈ.ਏ.ਐੱਸ. ਨਾਲ ਚੰਡੀਗੜ੍ਹ ਵਿਖੇ ਮੀਟਿੰਗ ਹੋਈ।

ਮੀਟਿੰਗ ਵਿੱਚ ਹੈਲਥ ਸਿਸਟਮ ਕਾਰਪੋਰੇਸ਼ਨ, ਸਿਹਤ ਵਿਭਾਗ ਅਤੇ ਆਯੁਰਵੈਦਿਕ ਵਿਭਾਗ ਦੇ ਡਾਇਰੈਕਟਰਾਂ ਸਮੇਤ ਹੋਰ ਅਧਿਕਾਰੀ ਸ਼ਾਮਲ ਹੋਏ। ਯੂਨੀਅਨ ਵੱਲੋਂ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਰਾਜੇਸ਼ ਗੋਲੂ, ਅਜੇ ਕੁਮਾਰ, ਰਾਜੇਸ਼ ਕੁਮਾਰ ਅਤੇ ਧਰਮਿੰਦਰ ਕੁਮਾਰ ਨੇ ਸ਼ਮੂਲੀਅਤ ਕੀਤੀ।

ਮੀਟਿੰਗ ਵਿੱਚ ਆਊਟਸੋਰਸ ਕਰਮਚਾਰੀਆਂ ਨੂੰ ਵਿਭਾਗ ਵਿੱਚ ਸ਼ਾਮਲ ਕਰਨ ਲਈ ਜ਼ਿਲ੍ਹਾ ਪੱਧਰ ’ਤੇ ਡੀ.ਐੱਮ.ਸੀ. ਨੂੰ ਨੋਡਲ ਅਫ਼ਸਰ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਗਿਆ। ਸਾਰੇ ਕੱਚੇ ਕਰਮਚਾਰੀਆਂ, ਜਿਨ੍ਹਾਂ ਵਿੱਚ ਯੂਜ਼ਰ ਚਾਰਜਿਜ਼ ਕਰਮਚਾਰੀ ਵੀ ਸ਼ਾਮਲ ਹਨ, ਨੂੰ ਘੱਟੋ-ਘੱਟ ਉਜਰਤਾਂ ਦੇਣ ’ਤੇ ਸਹਿਮਤੀ ਬਣੀ।

ਕਰਮਚਾਰੀਆਂ ਦੇ ਈ.ਐੱਸ.ਆਈ. ਕਾਰਡ, ਪਛਾਣ ਪੱਤਰ, ਈ.ਪੀ.ਐੱਫ., ਵਰਦੀਆਂ ਅਤੇ 8.33 ਫ਼ੀਸਦੀ ਬੋਨਸ ਸਬੰਧੀ ਵੀ ਫ਼ੈਸਲੇ ਲਏ ਗਏ। ਯੂਜ਼ਰ ਚਾਰਜਿਜ਼ ਕਰਮਚਾਰੀਆਂ ਦੇ ਕੰਮ ਦੇ ਘੰਟੇ ਨਿਯਮਾਂ ਅਨੁਸਾਰ ਤੈਅ ਕਰਨ ਅਤੇ ਉਨ੍ਹਾਂ ਨੂੰ ਹਫ਼ਤਾਵਾਰੀ ਤੇ ਤਿਉਹਾਰੀ ਛੁੱਟੀਆਂ ਦੇਣ ’ਤੇ ਵੀ ਸਹਿਮਤੀ ਬਣੀ। ਘੱਟੋ-ਘੱਟ ਉਜਰਤਾਂ ਦੇ ਬਕਾਏ ਦੀ ਅਦਾਇਗੀ ਲਈ ਸਾਰੇ ਸਿਵਲ ਸਰਜਨਾਂ ਨੂੰ ਵੱਖਰੇ ਤੌਰ ’ਤੇ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।

ਫ਼ੈਸਲਿਆਂ ਦੀ ਸਮੀਖਿਆ ਲਈ ਅਗਲੀ ਮੀਟਿੰਗ ਅਗਲੇ ਮਹੀਨੇ ਕਰਨ ਦਾ ਫ਼ੈਸਲਾ ਵੀ ਲਿਆ ਗਿਆ।