ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਬੀਸੀਸੀਆਈ ਵੱਲੋਂ ਕਰਵਾਏ ਜਾ ਰਹੇ ਕੌਮੀ ਮਹਿਲਾ ਅੰਡਰ-23 ਟੂਰਨਾਮੈਂਟ ਲਈ ਚੁਣੀ ਗਈ ਪੰਜਾਬ ਦੀ ਟੀਮ ਵਿੱਚ ਐਚਡੀਸੀਏ ਦੀ ਸੁਰਭੀ ਦੀ ਚੋਣ ਨਾਲ ਪੂਰੇ ਹੁਸ਼ਿਆਰਪੁਰ ਅਤੇ ਕ੍ਰਿਕਟ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚਡੀਸੀਏ ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਸੁਰਭੀ ਦੀ ਪੰਜਾਬ ਅੰਡਰ-23 ਟੀਮ ਵਿੱਚ ਚੋਣ ਹੋਣ ਨਾਲ ਜ਼ਿਲ੍ਹੇ ਦੀਆਂ ਹੋਰ ਮਹਿਲਾ ਕ੍ਰਿਕਟ ਖਿਡਾਰਨਾਂ ਦਾ ਮਨੋਬਲ ਵੀ ਵਧੇਗਾ।

ਡਾ. ਘਈ ਨੇ ਦੱਸਿਆ ਕਿ ਸੁਰਭੀ ਇਸੇ ਸੀਜ਼ਨ ਵਿੱਚ ਪੰਜਾਬ ਦੀ ਮਹਿਲਾ ਅੰਡਰ-19 ਟੀਮ ਦੀ ਕਪਤਾਨ ਵਜੋਂ ਵੀ ਅਗਵਾਈ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਐਚਡੀਸੀਏ ਵਿੱਚ ਮੁੱਖ ਕੋਚ ਦਵਿੰਦਰ ਕੌਰ ਕਲਿਆਣ ਅਤੇ ਸਹਾਇਕ ਕੋਚ ਨਿਕਿਤਾ ਕੁਮਾਰੀ ਦੀ ਦੇਖ-ਰੇਖ ਹੇਠ ਜ਼ਿਲ੍ਹੇ ਦੀਆਂ ਮਹਿਲਾ ਖਿਡਾਰਨਾਂ ਸਿਖਲਾਈ ਪ੍ਰਾਪਤ ਕਰਕੇ ਨਵੀਆਂ-ਨਵੀਆਂ ਪ੍ਰਾਪਤੀਆਂ ਕਰ ਰਹੀਆਂ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿੱਚ ਹੁਸ਼ਿਆਰਪੁਰ ਦੀ ਕੋਈ ਨਾ ਕੋਈ ਮਹਿਲਾ ਖਿਡਾਰਨ ਜਲਦੀ ਹੀ ਭਾਰਤੀ ਟੀਮ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੀ ਹੈ।

ਸੁਰਭੀ ਦੀ ਚੋਣ ’ਤੇ ਐਚਡੀਸੀਏ ਦੇ ਪ੍ਰਧਾਨ ਡਾ. ਦਲਜੀਤ ਖੇਲਾਂ, ਸੰਯੁਕਤ ਸਕੱਤਰ ਡਾ. ਵਿਵੇਕ ਸਾਹਨੀ, ਠਾਕੁਰ ਯੋਗਰਾਜ, ਡਾ. ਪੰਕਜ ਸ਼ਿਵ, ਸੁਭਾਸ਼ ਸ਼ਰਮਾ, ਜਤਿੰਦਰ ਸੂਦ ਤੋਂ ਇਲਾਵਾ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਸੁਰਭੀ ਅਤੇ ਹੋਰ ਖਿਡਾਰੀਆਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਸੁਰਭੀ ਦੀ ਚੋਣ ’ਤੇ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨਿਕਿਤਾ ਕੁਮਾਰ, ਜ਼ਿਲ੍ਹਾ ਮੁੱਖ ਕੋਚ ਦਲਜੀਤ ਸਿੰਘ, ਟ੍ਰੇਨਰ ਅਤੇ ਸਾਬਕਾ ਕੌਮੀ ਕੋਚ ਕੁਲਦੀਪ ਧਾਮੀ, ਜ਼ਿਲ੍ਹਾ ਸਹਾਇਕ ਕੋਚ ਅਸ਼ੋਕ ਸ਼ਰਮਾ, ਕਰਨ ਸੈਣੀ, ਪ੍ਰਵੀਨ ਕਪੂਰ, ਪੰਕਜ ਪਿੰਕਾ ਆਦਿ ਨੇ ਵੀ ਖੁਸ਼ੀ ਪ੍ਰਗਟ ਕਰਦਿਆਂ ਸੁਰਭੀ ਨੂੰ ਵਧਾਈ ਦਿੱਤੀ।

ਡਾ. ਘਈ ਨੇ ਦੱਸਿਆ ਕਿ ਬੀਸੀਸੀਆਈ ਦਾ ਇਹ ਮਹਿਲਾ ਅੰਡਰ-23 ਟੂਰਨਾਮੈਂਟ 13 ਤੋਂ 23 ਨਵੰਬਰ ਤੱਕ ਰੋਹਤਕ (ਹਰਿਆਣਾ) ਵਿੱਚ ਖੇਡਿਆ ਜਾਵੇਗਾ।