ਚੰਡੀਗੜ੍ਹ, 15 ਨਵੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ-2047 ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਦ੍ਰਿੜ੍ਹਤਾ ਨਾਲ ਕੰਮ ਕਰ ਰਹੀ ਹੈ। ਸਰਕਾਰ ਦਾ ਟੀਚਾ ਹੈ ਕਿ ਵਿਕਸਿਤ ਭਾਰਤ-2047 ਦੇ ਵਿਜ਼ਨ ਅਨੁਸਾਰ ਹਰਿਆਣਾ ਦੇਸ਼ ਦਾ ਸਭ ਤੋਂ ਪਹਿਲਾਂ ਵਿਕਸਿਤ ਰਾਜ ਬਣੇ। ਉਨ੍ਹਾਂ ਕਿਹਾ ਕਿ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਵੀ ਦਿਖਾ ਰਹੀ ਹੈ। ਵਿਧਾਨ ਸਭਾ ਚੋਣਾਂ ਦੇ ਸੰਕਲਪ-ਪੱਤਰ ਦੇ 217 ਸੰਕਲਪਾਂ ਵਿੱਚੋਂ 76 ਸੰਕਲਪ ਸਿਰਫ਼ ਦੋ ਸਾਲਾਂ ਵਿੱਚ ਹੀ ਪੂਰੇ ਕਰ ਦਿੱਤੇ ਗਏ ਹਨ, ਜਦਕਿ ਬਾਕੀ 141 ਸੰਕਲਪਾਂ ’ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਕਿਸੇ ਵੀ ਸੂਬੇ ਜਾਂ ਖੇਤਰ ਦਾ ਵਿਕਾਸ ਆਮ ਆਦਮੀ ਦੇ ਰੋਜ਼ਮਰ੍ਹਾ ਦੇ ਜੀਵਨ ਵਿੱਚ ਆਈਆਂ ਸਹੂਲਤਾਂ ਤੋਂ ਮਾਪਿਆ ਜਾਂਦਾ ਹੈ। ਜਦੋਂ ਘਰ-ਅੰਗਣ ਤੋਂ ਲੈ ਕੇ ਪਿੰਡ ਦੀ ਚੌਪਾਲ ਤੱਕ ਬਦਲਾਅ ਦਿਖਾਈ ਦੇਵੇ, ਤਦ ਹੀ ਵਿਕਾਸ ਦਾ ਵਾਅਦਾ ਜ਼ਮੀਨੀ ਪੱਧਰ ’ਤੇ ਸਾਕਾਰ ਹੁੰਦਾ ਹੈ। ਜਨਸੇਵਾ ਸਾਡੇ ਲਈ ਕੇਵਲ ਪ੍ਰਸ਼ਾਸਨਿਕ ਰਸਮ ਨਹੀਂ, ਸਗੋਂ ਜਨਤਾ ਪ੍ਰਤੀ ਸਾਡਾ ਧਰਮ ਹੈ।

ਮੁੱਖ ਮੰਤਰੀ ਐਤਵਾਰ ਨੂੰ ਜ਼ਿਲ੍ਹਾ ਕੁਰੂਕਸ਼ੇਤਰ ਵਿੱਚ ਨੀਲਧਾਰੀ ਗੁਰਦੁਆਰਾ ਪਿਪਲੀ ਸਾਹਿਬ ਦੇ ਪਰਿਸਰ ਵਿੱਚ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪਿਪਲੀ, ਲਾਡਵਾ ਅਤੇ ਥਾਨੇਸਰ ਖੇਤਰਾਂ ਨੂੰ 44 ਕਰੋੜ 83 ਲੱਖ ਰੁਪਏ ਦੀਆਂ ਛੇ ਪ੍ਰੋਜੈਕਟਾਂ ਦੀ ਸੌਗਾਤ ਦਿੱਤੀ। ਉਨ੍ਹਾਂ 13 ਕਰੋੜ 36 ਲੱਖ ਰੁਪਏ ਦੀਆਂ ਚਾਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ 31 ਕਰੋੜ 47.40 ਲੱਖ ਰੁਪਏ ਦੀਆਂ ਦੋ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਛਠ ਪੂਜਾ ਦੀ ਵਧਾਈ ਵੀ ਦਿੱਤੀ। ਇਸ ਮੌਕੇ ਸੰਸਦ ਮੈਂਬਰ ਨਵੀਨ ਜਿੰਦਲ ਅਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਵੀ ਮੌਜੂਦ ਸਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਧਰਮਕਸ਼ੇਤਰ-ਕੁਰੂਕਸ਼ੇਤਰ ਸਾਡੀ ਸੰਸਕ੍ਰਿਤੀ, ਆਸਥਾ ਅਤੇ ਜੀਵਨ-ਦਰਸ਼ਨ ਦਾ ਕੇਂਦਰ ਹੈ। ਇਸੇ ਧਰਤੀ ਤੋਂ ਭਗਵਾਨ ਸ੍ਰੀ ਕ੍ਰਿਸ਼ਨ ਨੇ ਕਰਮ, ਕਰਤੱਵ ਅਤੇ ਲੋਕ-ਕਲਿਆਣ ਦਾ ਸੰਦੇਸ਼ ਪੂਰੀ ਦੁਨੀਆ ਨੂੰ ਦਿੱਤਾ ਸੀ। ਅੱਜ ਦੇ ਇਹ ਪ੍ਰੋਜੈਕਟ ਉਸੇ ਕਰਮ-ਸੰਕਲਪ ਨੂੰ ਸਾਕਾਰ ਕਰਨ ਦਾ ਯਤਨ ਹਨ। ਮੁੱਖ ਮੰਤਰੀ ਨੇ ਕਿਹਾ ਕਿ ਲਾਡਵਾ ਵਿਧਾਨ ਸਭਾ ਹਲਕੇ ਦੇ ਪਿਪਲੀ, ਬੀੜ ਪਿਪਲੀ ਅਤੇ ਪਿਪਲੀ-ਲਾਡਵਾ ਰੋਡ ਦੀਆਂ ਕਲੋਨੀਆਂ ਲਈ 22 ਕਰੋੜ 47 ਲੱਖ ਰੁਪਏ ਦੀ ਸੀਵਰੇਜ ਵਿਵਸਥਾ ਅਤੇ 6.50 ਐੱਮ.ਐੱਲ.ਡੀ. ਪੰਪਿੰਗ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਨਾਲ ਸਾਲਾਂ ਪੁਰਾਣੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਸਥਾਈ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਸੈਕਟਰ-28 ਅਤੇ ਜੋਗਨਾ ਖੇੜਾ ਵਿੱਚ 12 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਬਣੇ 33 ਕੇ.ਵੀ. ਦੇ ਦੋ ਸਬ-ਸਟੇਸ਼ਨ ਸ਼ੁਰੂ ਹੋ ਗਏ ਹਨ। ਇਨ੍ਹਾਂ ਨਾਲ ਬਿਜਲੀ ਦੀ ਸਪਲਾਈ ਹੋਰ ਮਜ਼ਬੂਤ ਹੋਵੇਗੀ। ਮਿਰਜ਼ਾਪੁਰ ਅਤੇ ਦਿਆਲਪੁਰ ਵਿੱਚ ਉਪ-ਸਿਹਤ ਕੇਂਦਰ ਵੀ ਖੋਲ੍ਹੇ ਗਏ ਹਨ। ਹੁਣ ਇਲਾਜ ਲਈ ਦੂਰ ਨਹੀਂ ਜਾਣਾ ਪਵੇਗਾ ਅਤੇ ਸਿਹਤ ਸਹੂਲਤਾਂ ਪਿੰਡ ਵਿੱਚ ਹੀ ਮਿਲਣਗੀਆਂ। ਉਨ੍ਹਾਂ ਕਿਹਾ ਕਿ 9 ਕਰੋੜ ਰੁਪਏ ਦੀ ਲਾਗਤ ਨਾਲ ਕੇ.ਡੀ.ਬੀ. ਰੋਡ ਦਾ ਨਵੀਨੀਕਰਨ ਅਤੇ ਸੁੰਦਰੀਕਰਨ ਕੀਤਾ ਜਾਵੇਗਾ। ਧਰਮ ਨਗਰੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦਾ ਸਵਾਗਤ ਹੁਣ ਭਵਿੱਖ ਵਿੱਚ ਬਣਨ ਵਾਲੇ ਕੁਰੂਕਸ਼ੇਤਰ ਦੁਆਰ ਅਤੇ ਉਮਰੀ ਦੁਆਰ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਵਿਕਾਸ ਅਤੇ ਵਿਰਾਸਤ, ਦੋਵਾਂ ਨੂੰ ਨਾਲ ਲੈ ਕੇ ਚੱਲਿਆ ਜਾ ਰਿਹਾ ਹੈ। ਲਾਡਵਾ ਵਿੱਚ 50 ਬਿਸਤਰਿਆਂ ਵਾਲਾ ਨਾਗਰਿਕ ਹਸਪਤਾਲ ਬਣਾਇਆ ਗਿਆ ਹੈ। ਲਗਭਗ 400 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਕੁਰੂਕਸ਼ੇਤਰ ਦਾ ਐਲੀਵੇਟਿਡ ਰੇਲਵੇ ਟਰੈਕ ਲੋਕਾਂ ਨੂੰ ਸਮਰਪਿਤ ਕੀਤਾ ਜਾ ਚੁੱਕਾ ਹੈ। ਰੋਹਤਕ ਤੋਂ ਬਾਅਦ ਇਹ ਦੇਸ਼ ਦਾ ਦੂਜਾ ਅਜਿਹਾ ਟਰੈਕ ਹੈ। ਖੇੜੀ ਰਾਮਨਗਰ ਵਿੱਚ ਨਰਸਿੰਗ ਕਾਲਜ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੁਰੂਕਸ਼ੇਤਰ ਵਿੱਚ 164 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਿੱਖ ਅਜਾਇਬ ਘਰ ਦਾ ਨੀਂਹ ਪੱਥਰ ਰੱਖਿਆ ਅਤੇ ਪੰਜਜਨਯ ਦੀ ਪ੍ਰਤੀਕ੍ਰਿਤੀ ਦਾ ਉਦਘਾਟਨ ਕੀਤਾ।

ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ, ਉਹ ਵੀ ਵਿਕਸਿਤ ਹਰਿਆਣਾ ਵੱਲ ਠੋਸ ਕਦਮ ਹਨ। ਜਨ-ਪ੍ਰਤੀਨਿਧੀਆਂ ਅਤੇ ਨਾਗਰਿਕਾਂ ਦੀ ਭੂਮਿਕਾ ਵੀ ਉਨੀ ਹੀ ਮਹੱਤਵਪੂਰਨ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰ ਦੀਆਂ ਲੋੜਾਂ ਅਤੇ ਨਿਰਮਾਣ ਕਾਰਜਾਂ ਦੀ ਸਥਿਤੀ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਰਹਿਣ, ਤਾਂ ਜੋ ਹਰ ਸਮੱਸਿਆ ਦਾ ਸਮੇਂ ਸਿਰ ਹੱਲ ਹੋ ਸਕੇ। ਪਿਪਲੀ, ਲਾਡਵਾ, ਥਾਨੇਸਰ ਅਤੇ ਪੂਰੇ ਕੁਰੂਕਸ਼ੇਤਰ ਦੇ ਨਾਗਰਿਕਾਂ ਨੂੰ ਭਰੋਸਾ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਵਿਕਾਸ ਦੇ ਕੰਮ ਲਗਾਤਾਰ ਜਾਰੀ ਰਹਿਣਗੇ। ਅਸੀਂ ਸਾਰੇ ਮਿਲ ਕੇ ਅਜਿਹਾ ਕੁਰੂਕਸ਼ੇਤਰ ਬਣਾਵਾਂਗੇ ਜਿੱਥੇ ਆਧੁਨਿਕ ਸਹੂਲਤਾਂ ਵੀ ਹੋਣ ਅਤੇ ਸਾਡੀ ਸੱਭਿਆਚਾਰਕ ਪਛਾਣ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਵੇ।


ਸਾਲ 2035 ਤੱਕ ਵਿਕਸਿਤ ਭਾਰਤ ਦੇ ਟੀਚੇ ਤਹਿਤ ਵਿਕਸਿਤ ਰਾਜ ਬਣ ਕੇ ਉੱਭਰੇਗਾ ਹਰਿਆਣਾ: ਨਵੀਨ ਜਿੰਦਲ

ਸੰਸਦ ਮੈਂਬਰ ਸ੍ਰੀ ਨਵੀਨ ਜਿੰਦਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪੂਰੇ ਸੂਬੇ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ। ਇਸੇ ਗਤੀ ਨਾਲ ਸੂਬਾ ਸਾਲ 2035 ਤੱਕ ਵਿਕਸਿਤ ਭਾਰਤ ਦੇ ਟੀਚੇ ਤਹਿਤ ਵਿਕਸਿਤ ਰਾਜ ਬਣ ਕੇ ਉੱਭਰੇਗਾ ਅਤੇ ਦੂਜੇ ਸੂਬੇ ਹਰਿਆਣਾ ਤੋਂ ਪ੍ਰੇਰਨਾ ਲੈਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹਰ ਵਰਗ ਦੇ ਵਿਕਾਸ ਲਈ ਯੋਜਨਾਵਾਂ ਲਿਆ ਕੇ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰ ਰਹੇ ਹਨ। ਅੱਜ ਸੂਬੇ ਦਾ ਹਰ ਵਰਗ ਖੁਸ਼ਹਾਲ ਹੈ ਅਤੇ ਹਰਿਆਣਾ ਲਗਾਤਾਰ ਵਿਕਸਿਤ ਸੂਬਾ ਬਣਨ ਦੇ ਟੀਚੇ ਵੱਲ ਅੱਗੇ ਵਧ ਰਿਹਾ ਹੈ।


ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ 10 ਗੁਣਾ ਤੇਜ਼ੀ ਨਾਲ ਹੋ ਰਹੇ ਹਨ ਵਿਕਾਸ ਕਾਰਜ: ਸੁਭਾਸ਼ ਸੁਧਾ

ਸਾਬਕਾ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪਿਪਲੀ ਵਿਕਾਸ ਦੇ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ। ਸੂਬੇ ਵਿੱਚ 10 ਗੁਣਾ ਤੇਜ਼ੀ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 25 ਨਵੰਬਰ ਨੂੰ ਉਮਰੀ ਵਿੱਚ ਸੰਤ ਸ਼ਿਰੋਮਣੀ ਰਵਿਦਾਸ ਦੀ ਯਾਤਰਾ ਪਹੁੰਚ ਰਹੀ ਹੈ। ਇਸ ਯਾਤਰਾ ਦਾ ਉਮਰੀ ਵਿੱਚ ਸਭ ਤੋਂ ਵੱਡਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਨਾਗਰਿਕਾਂ ਨੂੰ ਯਾਤਰਾ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।