ਹਾਂਸੀ (ਦਿਨਕਰ ਗਾਵੜੀ):- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਰਾਖੀਗੜ੍ਹੀ ਸਥਿਤ ਇਤਿਹਾਸਕ ਅਤੇ ਪੁਰਾਤੱਤਵ ਸਥਾਨ ਦੇ ਪ੍ਰਸਤਾਵਿਤ ਦੌਰੇ ਨੂੰ ਲੈ ਕੇ ਹਾਂਸੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਦੌਰੇ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਸਾਰੀਆਂ ਡਿਊਟੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਦੇ ਉਦੇਸ਼ ਨਾਲ ਹਾਂਸੀ ਪੁਲਿਸ ਵੱਲੋਂ ਸੁਰੱਖਿਆ ਡਿਊਟੀਆਂ ਦੀ ਰਿਹਰਸਲ ਕੀਤੀ ਗਈ। ਹਾਂਸੀ ਦੇ ਪੁਲਿਸ ਸੁਪਰਡੈਂਟ ਵਿਨੋਦ ਕੁਮਾਰ ਨੇ ਖ਼ੁਦ ਮੌਕੇ ’ਤੇ ਪਹੁੰਚ ਕੇ ਸੁਰੱਖਿਆ ਅਤੇ ਆਵਾਜਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਰਿਹਰਸਲ ਦੌਰਾਨ ਮੁੱਖ ਮੰਤਰੀ ਦੇ ਪ੍ਰਸਤਾਵਿਤ ਪ੍ਰੋਗਰਾਮ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਡਿਊਟੀਆਂ, ਆਵਾਜਾਈ ਪ੍ਰਬੰਧਨ, ਵਾਹਨਾਂ ਦੀ ਪਾਰਕਿੰਗ, ਨਿਰਧਾਰਤ ਰੂਟ ਪਲਾਨ ਅਤੇ ਹੈਲੀਪੈਡ ’ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਪੁਲਿਸ ਸੁਪਰਡੈਂਟ ਨੇ ਪ੍ਰੋਗਰਾਮ ਵਾਲੀ ਥਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦਾ ਨਿਰੀਖਣ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਸੁਰੱਖਿਆ ਪ੍ਰਬੰਧ ਨਿਰਧਾਰਤ ਯੋਜਨਾ ਅਨੁਸਾਰ ਯਕੀਨੀ ਬਣਾਏ ਜਾਣ ਅਤੇ ਹਰ ਅਧਿਕਾਰੀ ਤੇ ਕਰਮਚਾਰੀ ਆਪਣੀ ਡਿਊਟੀ ਅਤੇ ਜ਼ਿੰਮੇਵਾਰੀਆਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹੇ।
ਐੱਸ.ਪੀ. ਵਿਨੋਦ ਕੁਮਾਰ ਨੇ ਕਿਹਾ ਕਿ ਵੀ.ਵੀ.ਆਈ.ਪੀ. ਦੌਰੇ ਦੌਰਾਨ ਸੁਰੱਖਿਆ ਪ੍ਰਬੰਧਾਂ ਲਈ ਆਪਸੀ ਤਾਲਮੇਲ, ਚੌਕਸੀ ਅਤੇ ਸਮੇਂ ਸਿਰ ਤਿਆਰੀ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਆਵਾਜਾਈ ਸੁਚਾਰੂ ਰੱਖੀ ਜਾਵੇ, ਨਿਰਧਾਰਤ ਰੂਟ ਪਲਾਨ ਦੀ ਪ੍ਰਭਾਵਸ਼ਾਲੀ ਢੰਗ ਨਾਲ ਪਾਲਣਾ ਕਰਵਾਈ ਜਾਵੇ ਅਤੇ ਪਾਰਕਿੰਗ ਦਾ ਪ੍ਰਬੰਧ ਇਸ ਤਰ੍ਹਾਂ ਕੀਤਾ ਜਾਵੇ ਕਿ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ।
ਪੁਲਿਸ ਸੁਪਰਡੈਂਟ ਨੇ ਹੈਲੀਪੈਡ ਅਤੇ ਪ੍ਰੋਗਰਾਮ ਵਾਲੀ ਥਾਂ ਨਾਲ ਸਬੰਧਤ ਪ੍ਰਬੰਧਾਂ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਸਾਰੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਬਣਾ ਕੇ ਕੰਮ ਕਰਨ ਅਤੇ ਸੁਰੱਖਿਆ ਪ੍ਰਬੰਧਾਂ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਡਿਊਟੀ ’ਤੇ ਤਾਇਨਾਤ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੂਰੀ ਮੁਸਤੈਦੀ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਕਿਹਾ ਗਿਆ।
ਨਿਰੀਖਣ ਦੌਰਾਨ ਐੱਸ.ਪੀ. ਵਿਨੋਦ ਕੁਮਾਰ ਨੇ ਰਾਖੀਗੜ੍ਹੀ ਦੇ ਇਤਿਹਾਸਕ ਕਿਲ੍ਹੇ ਦਾ ਵੀ ਦੌਰਾ ਕੀਤਾ ਅਤੇ ਪ੍ਰਸਤਾਵਿਤ ਪ੍ਰੋਗਰਾਮ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਹਾਂਸੀ ਪੁਲਿਸ ਵੱਲੋਂ ਮੁੱਖ ਮੰਤਰੀ ਦੇ ਪ੍ਰਸਤਾਵਿਤ ਦੌਰੇ ਨੂੰ ਸ਼ਾਂਤੀਪੂਰਨ, ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ।
