ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਮਰਪਿਤ ਦੂਜੇ ਬੀਤ ਕਬੱਡੀ ਕੱਪ ਵਿੱਚ ਹੈਬੋਵਾਲ ਕੰਬਾਲਾਂ ਕਲੱਬ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕੇਸ਼ੀ ਕਟਵਾਰਾ ਕਲੱਬ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੀਆਂ 16 ਕਬੱਡੀ ਕਲੱਬਾਂ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ। ਮੁਕਾਬਲਿਆਂ ਦੌਰਾਨ ਸੈਂਕੜੇ ਕਬੱਡੀ ਪ੍ਰੇਮੀਆਂ ਨੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਆਨੰਦ ਮਾਣਿਆ।

ਬੀਤ ਕਬੱਡੀ ਕੱਪ ਦਾ ਉਦਘਾਟਨ ਬਾਰਾਪੁਰ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਸੰਘਾ ਨੇ ਕੀਤਾ। ਟੂਰਨਾਮੈਂਟ ਦਾ ਪ੍ਰਬੰਧ ਤਲਵਿੰਦਰ ਸਿੰਘ ਕੰਬਾਲਾਂ, ਬਿੰਦਰ ਕੋਟ, ਰਣਜੀਤ ਡੰਗੋਰੀ, ਸ਼ੇਰ ਸਿੰਘ ਭਾਟੀਆ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਂਝੇ ਤੌਰ ’ਤੇ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਪ੍ਰਬੰਧਕਾਂ ਦੀ ਮਿਹਨਤ ਅਤੇ ਸੁਚੱਜੇ ਪ੍ਰਬੰਧਾਂ ਸਦਕਾ ਇਸ ਖੇਡ ਮੇਲੇ ਨੇ ਇਲਾਕੇ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਅਤੇ ਖੇਡ ਪ੍ਰੇਮੀਆਂ ਨੂੰ ਕਬੱਡੀ ਦੇ ਰੌਚਕ ਮੁਕਾਬਲੇ ਦੇਖਣ ਦਾ ਮੌਕਾ ਮਿਲਿਆ।


ਹੈਬੋਵਾਲ ਕੰਬਾਲਾਂ ਨੇ ਜਿੱਤਿਆ ਇੱਕ ਲੱਖ ਰੁਪਏ ਦਾ ਇਨਾਮ

ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਹੈਬੋਵਾਲ ਕੰਬਾਲਾਂ ਕਲੱਬ ਅਤੇ ਕੇਸ਼ੀ ਕਟਵਾਰਾ ਕਲੱਬ ਵਿਚਕਾਰ ਖੇਡਿਆ ਗਿਆ। ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਫਸਵੇਂ ਮੁਕਾਬਲੇ ਤੋਂ ਬਾਅਦ ਹੈਬੋਵਾਲ ਕੰਬਾਲਾਂ ਕਲੱਬ ਨੇ ਜਿੱਤ ਦਰਜ ਕਰਦਿਆਂ ਬੀਤ ਕਬੱਡੀ ਕੱਪ ਦੀ ਟਰਾਫੀ ਅਤੇ ਇੱਕ ਲੱਖ ਰੁਪਏ ਦਾ ਪਹਿਲਾ ਇਨਾਮ ਹਾਸਲ ਕੀਤਾ। ਦੂਜੇ ਸਥਾਨ ’ਤੇ ਰਹੀ ਕੇਸ਼ੀ ਕਟਵਾਰਾ ਕਲੱਬ ਦੀ ਟੀਮ ਨੂੰ 75 ਹਜ਼ਾਰ ਰੁਪਏ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।

ਵਿਅਕਤੀਗਤ ਪ੍ਰਦਰਸ਼ਨ ਦੇ ਆਧਾਰ ’ਤੇ ਨੰਨੂ ਧਨੌਰੀ ਨੂੰ ਬੈਸਟ ਜਾਫੀ ਅਤੇ ਕੁਲਵਿੰਦਰ ਧਰਮਪੁਰਾ ਨੂੰ ਬੈਸਟ ਰੇਡਰ ਚੁਣਿਆ ਗਿਆ। ਦੋਵਾਂ ਖਿਡਾਰੀਆਂ ਨੂੰ ਇਨਾਮ ਵਜੋਂ ਮੋਟਰਸਾਈਕਲ ਦਿੱਤੇ ਗਏ। ਇਸ ਤੋਂ ਇਲਾਵਾ ਸਾਈਕਲਿਸਟ ਬਲਰਾਜ ਚੌਹਾਨ ਨੇ ਸਾਈਕਲ ’ਤੇ ਹੈਰਾਨੀਜਨਕ ਕਰਤੱਬ ਦਿਖਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।

ਸਮਾਗਮ ਦੌਰਾਨ ਮੰਚ ਸੰਚਾਲਨ ਸਰਪੰਚ ਸੰਜੇ ਪਿੱਪਲੀਵਾਲ ਨੇ ਕੀਤਾ।


ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ

ਇਸ ਮੌਕੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਸਾਬਕਾ ਸਰਪੰਚ ਬਲਦੇਵ ਸਿੰਘ ਸੰਘਾ, ਯਸ਼ਪਾਲ ਚੌਧਰੀ ਬਾਰਾਪੁਰ, ਅਜਾਇਬ ਸਿੰਘ ਬੋਪਾਰਾਏ, ਕਾਂਗਰਸੀ ਆਗੂ ਜਸਵੀਰ ਸਿੰਘ ਪੁਰਖੋਵਾਲ, ਹਰਵੈਲ ਸਿੰਘ ਸੈਣੀ, ਅਨੂਪ ਸਿੰਘ ਭਦਰੂ, ਪੰਚਾਇਤ ਸੰਮਤੀ ਮੈਂਬਰ ਕਮਲ ਕਟਾਰੀਆ, ਗੁਲਜਿੰਦਰ ਸਿੰਘ ਗੱਦੀਵਾਲ, ਐਡਵੋਕੇਟ ਪੰਕਜ ਕਿਰਪਾਲ, ਆਮ ਆਦਮੀ ਪਾਰਟੀ ਦੇ ਸੰਯੁਕਤ ਸਕੱਤਰ ਲਖਵਿੰਦਰ ਸਿੰਘ ਲੱਖੀ, ਅਕਾਲੀ ਦਲ ਵਾਰਿਸ ਦੇ ਹਲਕਾ ਇੰਚਾਰਜ ਰਾਜਿੰਦਰ ਸਿੰਘ ਚੱਕ ਸਿੰਘਾ, ਕਾਂਗਰਸ ਦੇ ਹਲਕਾ ਇੰਚਾਰਜ ਅਮਨਪ੍ਰੀਤ ਸਿੰਘ ਲਾਲੀ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਡਾ. ਨਰੇਸ਼ ਕੰਬਾਲਾਂ, ਭਾਜਪਾ ਆਗੂ ਬਿੱਲਾ ਕੰਬਾਲਾ, ਸਾਬਕਾ ਸਰਪੰਚ ਪ੍ਰਦੀਪ ਰੰਗੀਲਾ, ਰਾਣਾ ਰਾਜ ਕੁਮਾਰ, ਸਾਬਕਾ ਸਰਪੰਚ ਪੰਮੀ ਮੀਲੂ ਪੰਡੋਰੀ, ਨੰਬਰਦਾਰ ਬੈਜ ਨਾਥ ਚੌਧਰੀ, ਮਾਸਟਰ ਪਵਨ ਸ਼ਰਮਾ, ਅਕਾਲੀ ਆਗੂ ਅਤੇ ਸਾਬਕਾ ਸਰਪੰਚ ਅਵਤਾਰ ਸਿੰਘ ਨਾਨੋਵਾਲ, ਸਰਪੰਚ ਪਰਮਜੀਤ ਸਿੰਘ, ਸਰਪੰਚ ਬਲਵਿੰਦਰ ਸਿੰਘ ਸੋਢੀ ਅਤੇ ਸਰਪੰਚ ਸੁਰਿੰਦਰ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।