ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਪਿੰਡਾਂ ਨੂੰ ਬਿਹਤਰ ਸੜਕੀ ਸੰਪਰਕ ਅਤੇ ਆਧੁਨਿਕ ਬੁਨਿਆਦੀ ਸਹੂਲਤਾਂ ਨਾਲ ਜੋੜਨਾ ਪੰਜਾਬ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ ਅਤੇ ਮੈਂ ਆਪਣੇ ਹਲਕੇ ਵਿੱਚ ਬਿਹਤਰ ਸੜਕਾਂ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹਾਂ। ਇਹ ਵਿਚਾਰ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਪ੍ਰਗਟ ਕੀਤੇ। ਇਸੇ ਦਿਸ਼ਾ ਵਿੱਚ ਭਾਮ ਤੋਂ ਜਾਂਗਲੀਆਣਾ, ਮੋਤੀਆਂ ਅਤੇ ਮੱਖਣਗੜ੍ਹ ਰਾਹੀਂ ਬਾਹੋਵਾਲ ਤੱਕ ਬਣਾਈ ਜਾ ਰਹੀ 18 ਫੁੱਟ ਚੌੜੀ ਕੰਕਰੀਟ (ਸੀਸੀ) ਸੜਕ ਦਾ ਉਦਘਾਟਨ ਵਿਧਾਇਕ ਡਾ. ਇਸ਼ਾਂਕ ਕੁਮਾਰ ਵੱਲੋਂ ਪਿੰਡ ਜਾਂਗਲੀਆਣਾ ਵਿਖੇ ਕੀਤਾ ਗਿਆ। ਲਗਭਗ 10.5 ਕਿਲੋਮੀਟਰ ਲੰਬੀ ਇਸ 18 ਫੁੱਟ ਚੌੜੀ ਕੰਕਰੀਟ ਸੜਕ 'ਤੇ ਕਰੀਬ 8 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਸੜਕ ਦੇ ਬਣਨ ਨਾਲ ਇਲਾਕੇ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੇਗੀ ਅਤੇ ਆਪਸੀ ਸੰਪਰਕ ਹੋਰ ਮਜ਼ਬੂਤ ਹੋਵੇਗਾ।

ਇਸ ਮੌਕੇ ਸੰਬੋਧਨ ਕਰਦਿਆਂ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਪਿੰਡਾਂ ਵਿੱਚ ਸੜਕਾਂ, ਸੀਵਰੇਜ, ਗਲੀਆਂ-ਨਾਲੀਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਵਿਕਾਸ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸੜਕਾਂ ਸਿਰਫ਼ ਆਵਾਜਾਈ ਦਾ ਸਾਧਨ ਨਹੀਂ ਹੁੰਦੀਆਂ, ਸਗੋਂ ਇਹ ਪਿੰਡਾਂ ਦੀ ਤਰੱਕੀ, ਵਪਾਰ ਅਤੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਵੀ ਸੁਖਾਲਾ ਬਣਾਉਂਦੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਹਲਕੇ ਦੇ ਹਰ ਪਿੰਡ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਕਰਵਾਉਣ ਦੇ ਯਤਨ ਲਗਾਤਾਰ ਜਾਰੀ ਰਹਿਣਗੇ।

ਵਿਧਾਇਕ ਨੇ ਦੱਸਿਆ ਕਿ ਇਸ ਸੜਕ ਤੋਂ ਇਲਾਵਾ ਜਾਂਗਲੀਆਣਾ ਨੂੰ ਆਸ-ਪਾਸ ਦੇ ਪਿੰਡਾਂ ਨਾਲ ਜੋੜਨ ਵਾਲੀਆਂ ਕਈ ਹੋਰ ਸੜਕਾਂ ਦੇ ਕੰਮ ਵੀ ਕਰਵਾਏ ਗਏ ਹਨ। ਗੋਂਦਪੁਰ ਤੋਂ ਜਾਂਗਲੀਆਣਾ ਤੱਕ 2.38 ਕਿਲੋਮੀਟਰ ਸੜਕ 'ਤੇ 46.27 ਲੱਖ ਰੁਪਏ, ਸਰਹਾਲਾ ਕਲਾਂ ਤੋਂ ਜਾਂਗਲੀਆਣਾ ਤੱਕ 1.50 ਕਿਲੋਮੀਟਰ ਸੜਕ 'ਤੇ 38.60 ਲੱਖ ਰੁਪਏ, ਜਾਂਗਲੀਆਣਾ ਦੀ ਇੱਕ ਕਿਲੋਮੀਟਰ ਲੰਬੀ ਫਿਰਨੀ 'ਤੇ 70.54 ਲੱਖ ਰੁਪਏ ਅਤੇ ਰਸੂਲਪੁਰ ਤੋਂ ਜਾਂਗਲੀਆਣਾ ਤੱਕ 600 ਮੀਟਰ ਸੜਕ 'ਤੇ 12.34 ਲੱਖ ਰੁਪਏ ਖਰਚ ਕਰਕੇ ਕੰਮ ਮੁਕੰਮਲ ਕਰਵਾਏ ਗਏ ਹਨ। ਜਾਂਗਲੀਆਣਾ ਤੋਂ ਬਲੀਮ ਤੱਕ 1.85 ਕਿਲੋਮੀਟਰ ਸੜਕ ਦਾ ਕੰਮ ਵੀ ਜਾਰੀ ਹੈ, ਜਿਸ 'ਤੇ ਅਜੇ ਲੁੱਕ ਪੈਣੀ ਬਾਕੀ ਹੈ। ਇਸ ਤੋਂ ਇਲਾਵਾ ਭਾਮ-ਜਾਂਗਲੀਆਣਾ ਸੜਕ ਤੋਂ ਬਾਜ਼ੀਗਰ ਬਸਤੀ ਤੱਕ ਸੜਕ ਦਾ ਕੰਮ ਵੀ ਬਾਕੀ ਹੈ, ਜਿਸ ਲਈ 7.94 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਹੋ ਚੁੱਕੀ ਹੈ।

ਸੜਕਾਂ ਦੇ ਨਾਲ-ਨਾਲ ਹੋਰ ਵਿਕਾਸ ਕਾਰਜਾਂ ਲਈ ਵੀ ਪੰਚਾਇਤ ਨੂੰ ਗ੍ਰਾਂਟ ਦਿੱਤੀ ਗਈ ਹੈ। ਇਨ੍ਹਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਦੇ ਕੰਮ 'ਤੇ 7.50 ਲੱਖ ਰੁਪਏ, ਰਵਿਦਾਸ ਧਰਮਸ਼ਾਲਾ ਦੀ ਉਸਾਰੀ ਲਈ 5 ਲੱਖ ਰੁਪਏ ਅਤੇ ਗਲੀਆਂ ਤੇ ਨਾਲੀਆਂ ਦੇ ਨਿਰਮਾਣ ਲਈ 15 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਨ੍ਹਾਂ ਕੰਮਾਂ ਦਾ ਅੱਧਾ ਹਿੱਸਾ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਨਿਰਮਾਣ ਅਧੀਨ ਹੈ। ਪਿੰਡ ਦੇ ਖੇਡ ਮੈਦਾਨ/ਸਟੇਡੀਅਮ ਲਈ 5 ਲੱਖ ਰੁਪਏ ਅਤੇ ਜਿਮ ਲਈ 2 ਲੱਖ ਰੁਪਏ ਦੀ ਗ੍ਰਾਂਟ ਵੀ ਮਨਜ਼ੂਰ ਕੀਤੀ ਗਈ ਹੈ।

ਇਸ ਮੌਕੇ ਸਰਪੰਚ ਮਨਜੀਤ ਕੌਰ, ਸਤਨਾਮ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ, ਗੁਰਦੀਪ ਸਿੰਘ, ਲਹੰਬਰ ਸਿੰਘ ਪੰਚ, ਕੁਲਜੀਤ ਸਿੰਘ ਪੰਚ, ਓਂਕਾਰ ਸਿੰਘ ਪੰਚ, ਪਿੰਡ ਠੱਕਰਵਾਲ ਦੇ ਸਰਪੰਚ ਜਸਵਿੰਦਰ ਸਿੰਘ, ਰਸੂਲਪੁਰ ਦੇ ਸਰਪੰਚ ਅਮਰਜੀਤ ਸਿੰਘ, ਗੋਪਾਲੀਆਂ ਦੇ ਸਰਪੰਚ ਨਰਿੰਦਰ ਸਿੰਘ, ਮਰੂਲਾ ਦੇ ਸਰਪੰਚ ਬਲਬੀਰ ਸਿੰਘ, ਸੁਭਾਨਪੁਰ ਦੀ ਸਰਪੰਚ ਗੁਰਦਿਆਲ ਕੌਰ, ਮਾਖਨਗੜ੍ਹ ਦੀ ਸਰਪੰਚ ਕਮਲਜੀਤ ਕੌਰ, ਭਾਮ ਦੇ ਸਰਪੰਚ ਪਰਵਿੰਦਰ ਸਿੰਘ, ਰੌਣਕੀ ਰਾਮ, ਬਲਾਕ ਸੰਮਤੀ ਚੇਅਰਮੈਨ ਰਣਜੀਤ ਕੌਰ, ਗੋਪੀ ਭਾਮ, ਗੋਪਾਲੀਆਂ ਦੀ ਸਰਪੰਚ ਸੁਰਿੰਦਰ ਕੌਰ, ਕੁੱਕੜਾਂ ਦੇ ਸਰਪੰਚ ਕੁਲਵਰਨ ਸਿੰਘ, ਰਣਜੀਤ ਅਤੇ ਪਿੰਡ ਵਾਸੀ ਹਾਜ਼ਰ ਸਨ।