ਮੋਹਾਲੀ:- ਮਾਤ-ਪਿਤਾ ਗਊਧਾਮ ਮਹਾਤੀਰਥ, ਬਨੂੜ-ਅੰਬਾਲਾ ਰੋਡ, ਪਿੰਡ ਖੱਲੌਰ, ਜ਼ਿਲ੍ਹਾ ਮੋਹਾਲੀ ਵੱਲੋਂ ਗੋਪਾਸ਼ਟਮੀ ਦੇ ਪਾਵਨ ਮੌਕੇ ’ਤੇ ਮੰਗਲਵਾਰ ਨੂੰ ਵਿਸ਼ਾਲ ਗੋਪਾਸ਼ਟਮੀ ਮਹੋਤਸਵ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਗਊ ਸੇਵਾ, ਮਾਤਾ-ਪਿਤਾ ਦੇ ਸਨਮਾਨ ਅਤੇ ਭਾਰਤੀ ਸੰਸਕ੍ਰਿਤੀ ਦੀ ਸੰਭਾਲ ਤੇ ਪ੍ਰਫੁੱਲਤਾ ਦੇ ਉਦੇਸ਼ ਨਾਲ ਵੱਖ-ਵੱਖ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ।

ਮਹੋਤਸਵ ਦਾ ਮੁੱਖ ਆਕਰਸ਼ਣ 1008 ਦੇਸੀ ਘਿਓ ਦੇ ਦੀਵਿਆਂ ਨਾਲ ਗਊਮਾਤਾ ਦੀ ਦਿਵਯ ਅਤੇ ਵਿਸ਼ਾਲ ਆਰਤੀ ਹੋਵੇਗੀ। ਇਸ ਸਮਾਗਮ ਵਿੱਚ ਸੰਤ-ਮਹਾਤਮਾ, ਧਾਰਮਿਕ ਅਤੇ ਸਮਾਜਿਕ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਪਦਮਸ਼੍ਰੀ ਨਾਲ ਸਨਮਾਨਿਤ ਪ੍ਰਸਿੱਧ ਭਜਨ ਗਾਇਕ ਅਨੂਪ ਜਲੋਟਾ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਸੰਤ ਸ਼੍ਰੀ ਤ੍ਰਿਲੋਚਨ ਦਾਸ ਜੀ ਮਹਾਰਾਜ, ਯੋਗ ਮਨੀਸ਼ੀ ਆਚਾਰੀਆ ਸ਼੍ਰੀ ਵਿਵੇਕ ਮੁਨੀ ਜੀ ਮਹਾਰਾਜ ਅਤੇ ਡਾ. ਸ਼੍ਰੀ ਸਰਿਤਾ ਜੀ ਸਮੇਤ ਕਈ ਸੰਤ-ਮਹਾਤਮਾਵਾਂ ਦਾ ਸਾਨਿਧ ਅਤੇ ਮਾਰਗਦਰਸ਼ਨ ਪ੍ਰਾਪਤ ਹੋਵੇਗਾ।

ਮਹੋਤਸਵ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਫ਼ਿਲਮ ਨਿਰਮਾਤਾ ਵਿਨੋਦ ਬੱਚਨ, ਬਾਲੀਵੁੱਡ ਸੰਗੀਤ ਨਿਰਦੇਸ਼ਕ ਉਸਮਾਨ ਖ਼ਾਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਸੰਘ ਦੇ ਪ੍ਰਧਾਨ ਅੰਕਿਤ ਬਿਢਾਨ ਅਤੇ ਸੋਸ਼ਲ ਸਰਵਿਸ ਅੰਬੈਸਡਰ ਕੁ. ਸਿਆਜ਼ ਪੁਨੀਆ ਵੀ ਸ਼ਾਮਲ ਹੋਣਗੇ। ਇਸ ਮੌਕੇ ਅਖਿਲ ਭਾਰਤੀ ਗਊ ਕਥਾ ਵਾਚਕ ਸ਼੍ਰੀ ਚੰਦਰਕਾਂਤ ਜੀ ਅਤੇ ਪ੍ਰਸਿੱਧ ਭਜਨ ਗਾਇਕ ਸ਼੍ਰੀ ਹਿਤ ਸ਼ਰਨ ਸਿੱਧੂ ਭਈਆ ਵੱਲੋਂ ਵਿਸ਼ੇਸ਼ ਭਜਨ ਪੇਸ਼ ਕੀਤੇ ਜਾਣਗੇ।

17 ਨਵੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਤਾਰ ਜਲ-ਪਾਨ ਦੀ ਵਿਵਸਥਾ ਰਹੇਗੀ। ਦੁਪਹਿਰ 2:30 ਵਜੇ ਤੋਂ ਸ਼ਾਮ 4 ਵਜੇ ਤੱਕ ਹਵਨ, ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤੱਕ ਭਜਨ-ਕੀਰਤਨ, ਸ਼ਾਮ 7 ਵਜੇ ਗਊਮਾਤਾ ਦੀ ਵਿਸ਼ਾਲ ਆਰਤੀ ਅਤੇ ਸ਼ਾਮ 7:30 ਵਜੇ ਤੋਂ ਪ੍ਰਭੂ ਦੀ ਇੱਛਾ ਤੱਕ ਭੰਡਾਰੇ ਦਾ ਪ੍ਰਬੰਧ ਕੀਤਾ ਜਾਵੇਗਾ।

ਮਾਤ-ਪਿਤਾ ਗਊਧਾਮ ਮਹਾਤੀਰਥ ਦੇ ਸੰਸਥਾਪਕ ਗੌਚਰ ਦਾਸ ਗਿਆਨ ਨੇ ਕਿਹਾ ਕਿ ਮਾਤਾ-ਪਿਤਾ ਅਤੇ ਗਊਮਾਤਾ ਇਸ ਧਰਤੀ ’ਤੇ ਖ਼ੁਦ ਪਰਮਾਤਮਾ ਦੇ ਸਾਕਾਰ ਪ੍ਰਤੀਨਿਧ ਹਨ। ਉਨ੍ਹਾਂ ਦੀ ਸੇਵਾ ਕਰਨਾ ਸਿਰਫ਼ ਸਾਡਾ ਫ਼ਰਜ਼ ਹੀ ਨਹੀਂ, ਸਗੋਂ ਸਾਡਾ ਸੁਭਾਗ ਵੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਮਾਤਾ-ਪਿਤਾ ਦੇ ਸਨਮਾਨ ਅਤੇ ਗਊਮਾਤਾ ਪ੍ਰਤੀ ਪਿਆਰ ਦੀ ਭਾਵਨਾ ਜਿੰਨੀ ਮਜ਼ਬੂਤ ਹੋਵੇਗੀ, ਉਨਾ ਹੀ ਸਮਾਜ ਭਾਰਤੀ ਸੰਸਕ੍ਰਿਤੀ ਅਤੇ ਉਸ ਦੀਆਂ ਕਦਰਾਂ-ਕੀਮਤਾਂ ਨਾਲ ਜੁੜਿਆ ਰਹੇਗਾ।

ਇਹ ਸਮਾਗਮ ਗਊ ਸੇਵਾ, ਮਾਤਾ-ਪਿਤਾ ਦੇ ਸਨਮਾਨ ਅਤੇ ਭਾਰਤੀ ਸੱਭਿਆਚਾਰਕ ਵਿਰਾਸਤ ਨੂੰ ਸਮਰਪਿਤ ਇੱਕ ਵਿਸ਼ਾਲ ਅਧਿਆਤਮਿਕ ਅਤੇ ਧਾਰਮਿਕ ਉਤਸਵ ਹੋਵੇਗਾ।