ਨਵੀਂ ਦਿੱਲੀ:- ਭਾਰਤੀ ਹਥਿਆਰਬੰਦ ਫੌਜਾਂ ਵਿੱਚ ਜਵਾਨਾਂ ਦੀ ਭਰਤੀ ਲਈ ਚੱਲ ਰਹੀ 'ਅਗਨੀਪਥ' ਯੋਜਨਾ ਵਿੱਚ ਵੱਡਾ ਬਦਲਾਅ ਕਰਦਿਆਂ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਐੱਨ.ਐੱਸ. ਰਾਜਾ ਸੁਬਰਾਮਣੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇਸੇ ਸਾਲ ਦਸੰਬਰ ਵਿੱਚ ਆਪਣਾ ਚਾਰ ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਸਾਰੇ ਅਗਨੀਵੀਰਾਂ ਦੀ ਸੇਵਾ ਮਿਆਦ ਵਿੱਚ ਦੋ ਸਾਲ ਦਾ ਵਾਧਾ ਕੀਤਾ ਜਾਵੇਗਾ।

ਸੀਡੀਐੱਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਲਏ ਗਏ ਫੈਸਲੇ ਦੀ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਦੱਸਿਆ ਕਿ ਮੌਜੂਦਾ ਨੀਤੀ ਅਨੁਸਾਰ ਚਾਰ ਸਾਲ ਪਹਿਲਾਂ ਠੇਕੇ ਦੇ ਆਧਾਰ 'ਤੇ ਭਰਤੀ ਕੀਤੇ ਗਏ ਜਵਾਨਾਂ ਵਿੱਚੋਂ 25 ਫ਼ੀਸਦੀ ਨੂੰ ਹਥਿਆਰਬੰਦ ਫੌਜਾਂ ਵਿੱਚ ਪੱਕੇ ਤੌਰ 'ਤੇ ਰੈਗੂਲਰ ਸੇਵਾ ਲਈ ਸ਼ਾਮਲ ਕੀਤਾ ਜਾਣਾ ਸੀ।

ਜਨਰਲ ਸੁਬਰਾਮਣੀ ਨੇ ਦੱਸਿਆ ਕਿ ਅੱਜ ਐਲਾਨੇ ਗਏ ਬਦਲਾਅ ਬਾਕੀ ਰਹਿੰਦੇ 75 ਫ਼ੀਸਦੀ ਜਵਾਨਾਂ 'ਤੇ ਲਾਗੂ ਹੋਣਗੇ, ਜਿਨ੍ਹਾਂ ਨੇ ਦਸੰਬਰ ਵਿੱਚ ਫੌਜ ਤੋਂ ਬਾਹਰ ਹੋਣਾ ਸੀ। ਇਨ੍ਹਾਂ ਜਵਾਨਾਂ ਨੂੰ ਹੁਣ ਦੋ ਸਾਲ ਦੀ ਦੂਜੀ ਸੇਵਾ ਮਿਆਦ ਦਿੱਤੀ ਜਾਵੇਗੀ। ਜਨਰਲ ਸੁਬਰਾਮਣੀ ਨੇ ਅੱਗੇ ਕਿਹਾ, "ਜਿਵੇਂ ਹੀ ਇਹ ਦੋ ਸਾਲਾਂ ਦੀ ਮਿਆਦ ਪੂਰੀ ਹੋਵੇਗੀ, ਇਨ੍ਹਾਂ ਸਾਰੇ ਜਵਾਨਾਂ ਨੂੰ ਦੋ ਸ਼ਰਤਾਂ—ਉਨ੍ਹਾਂ ਦੀ ਆਪਣੀ ਇੱਛਾ ਅਤੇ ਸਰੀਰਕ ਯੋਗਤਾ (ਫਿਜ਼ੀਕਲ ਫਿਟਨੈੱਸ)—ਦੇ ਆਧਾਰ 'ਤੇ ਰੈਗੂਲਰ ਫੌਜੀ ਬਣਨ ਦਾ ਵਿਕਲਪ ਦਿੱਤਾ ਜਾਵੇਗਾ। ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਫੌਜ ਵਿੱਚ ਪੱਕੇ ਤੌਰ 'ਤੇ ਸ਼ਾਮਲ ਕੀਤਾ ਜਾਵੇਗਾ।"

ਮੌਜੂਦਾ ਯੋਜਨਾ ਅਨੁਸਾਰ ਅਗਨੀਵੀਰਾਂ ਨੂੰ ਚਾਰ ਸਾਲ ਦੇ ਠੇਕੇ 'ਤੇ ਭਰਤੀ ਕੀਤਾ ਜਾਂਦਾ ਹੈ। ਸੇਵਾ ਮਿਆਦ ਵਿੱਚ ਦੋ ਸਾਲ ਦਾ ਇਹ ਵਾਧਾ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ 31 ਦਸੰਬਰ ਤੱਕ 18,300 ਤੋਂ ਵੱਧ ਜਵਾਨ ਆਪਣਾ ਚਾਰ ਸਾਲ ਦਾ ਠੇਕਾ ਪੂਰਾ ਕਰਕੇ ਸੇਵਾ ਤੋਂ ਬਾਹਰ ਹੋਣ ਵਾਲੇ ਸਨ। ਸੀਡੀਐੱਸ ਨੇ ਕਿਹਾ ਕਿ ਕੈਬਨਿਟ ਨੇ ਅਗਨੀਵੀਰਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਪੱਕੇ ਤੌਰ 'ਤੇ ਸ਼ਾਮਲ ਕਰਨ ਲਈ ਰਾਹ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਅਗਨੀਵੀਰਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ।