ਮੁੱਲਾਂਪੁਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 18 ਨਵੰਬਰ:- ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਪਰਮਿੰਦਰ ਸਿੰਘ ਗੋਲਡੀ ਵੱਲੋਂ ਮੁੱਲਾਂਪੁਰ ਗਰੀਬਦਾਸ ਤੋਂ ਖਰੜ ਅਤੇ ਆਸ-ਪਾਸ ਦੇ ਪਿੰਡਾਂ ਨੂੰ ਜੋੜਨ ਵਾਲੀ ਨਵੀਂ ਪੀਆਰਟੀਸੀ ਮਿੰਨੀ ਬੱਸ ਸੇਵਾ ਸ਼ੁਰੂ ਕੀਤੀ ਗਈ। ਇਸ ਬੱਸ ਸੇਵਾ ਨਾਲ ਕਈ ਪਿੰਡਾਂ ਦੇ ਵਸਨੀਕਾਂ, ਵਿਦਿਆਰਥੀਆਂ ਅਤੇ ਰੋਜ਼ਾਨਾ ਕੰਮਕਾਜ ਲਈ ਆਉਣ-ਜਾਣ ਵਾਲੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ।

ਬੱਸ ਸੇਵਾ ਦੀ ਸ਼ੁਰੂਆਤ ਮੌਕੇ ਸ. ਪਰਮਿੰਦਰ ਸਿੰਘ ਗੋਲਡੀ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਨੂੰ ਛੋਟੇ-ਛੋਟੇ ਬੱਸ ਰੂਟਾਂ ਰਾਹੀਂ ਜੋੜ ਕੇ ਪੇਂਡੂ ਪਰਿਵਾਰਾਂ ਨੂੰ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨ ਦਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਟਰਾਂਸਪੋਰਟ ਮੰਤਰੀ ਸ. ਹਰਪਾਲ ਸਿੰਘ ਚੀਮਾ, ਪੀਆਰਟੀਸੀ ਦੇ ਚੇਅਰਮੈਨ ਸ. ਹਰਪਾਲ ਜਨੇਜਾ, ਪੀਆਰਟੀਸੀ ਦੀ ਐਮਡੀ ਮੈਡਮ ਜਸ਼ਨਪ੍ਰੀਤ ਕੌਰ ਗਿੱਲ, ਜਨਰਲ ਮੈਨੇਜਰ ਸ. ਅਮਨਵੀਰ ਸਿੰਘ ਟਵਾਣਾ ਅਤੇ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੀ ਮਿਹਨਤ ਨਾਲ ਇਸ ਰੂਟ ਦੀ ਯੋਜਨਾ ਤਿਆਰ ਕਰਕੇ ਬੱਸ ਸੇਵਾ ਸ਼ੁਰੂ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਬੱਸ ਸਵੇਰੇ 7:30 ਵਜੇ ਮੁੱਲਾਂਪੁਰ ਗਰੀਬਦਾਸ ਤੋਂ ਰਵਾਨਾ ਹੋ ਕੇ ਲਗਭਗ 9 ਵਜੇ ਖਰੜ ਪਹੁੰਚੇਗੀ। ਇਹ ਬੱਸ ਰਤਵਾੜਾ ਸਾਹਿਬ, ਸੈਣੀ ਮਾਜਰਾ, ਰਾਣੀ ਮਾਜਰਾ, ਪਲਹੇੜੀ, ਰੁੜਕੀ, ਤਿਊੜ, ਜਕੜ ਮਾਜਰਾ, ਹਲਾਲਪੁਰ, ਜੰਡਪੁਰ, ਖਰੜ ਝੁੰਗੀਆਂ ਅਤੇ ਦਸ਼ਮੇਸ਼ ਨਗਰ ਸਮੇਤ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਰਾਹੀਂ ਖਰੜ ਬੱਸ ਅੱਡੇ ਤੱਕ ਪਹੁੰਚੇਗੀ। ਇਸ ਰੂਟ ’ਤੇ ਦਿਨ ਭਰ ਆਉਣ-ਜਾਣ ਦੇ ਤਿੰਨ ਚੱਕਰ ਚਲਾਏ ਜਾਣਗੇ ਅਤੇ ਸ਼ਾਮ ਕਰੀਬ 5:30 ਵਜੇ ਬੱਸ ਸੇਵਾ ਸਮਾਪਤ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਹਲਕਾ ਖਰੜ ਵਿੱਚ ਆਉਣ ਵਾਲੇ ਸਮੇਂ ਦੌਰਾਨ ਹੋਰ ਬੱਸ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਹੈ, ਜਿਸ ਨਾਲ ਹੋਰ ਪਿੰਡਾਂ ਨੂੰ ਵੀ ਬੱਸ ਸਹੂਲਤ ਨਾਲ ਜੋੜਿਆ ਜਾਵੇਗਾ।

ਇਸ ਮੌਕੇ ਹਾਜ਼ਰ ਪਤਵੰਤੇ ਸੱਜਣਾਂ ਵਿੱਚ ਸ. ਜਸਵਿੰਦਰ ਸਿੰਘ ਜੱਸਾ, ਸ. ਜਸਪਾਲ ਸਿੰਘ ਮੁੱਲਾਂਪੁਰ, ਸ. ਸਤਵਿੰਦਰ ਸਿੰਘ ਸੂੰਕ, ਸ. ਦਲਵਾਗ ਸਿੰਘ, ਸ. ਤੇਜਵੀਰ ਸਿੰਘ ਸਰਪੰਚ ਫਤਿਹ ਰੁੜਕੀ, ਸ. ਜਤਿੰਦਰ ਸਿੰਘ ਸਰਪੰਚ, ਸ. ਬਲਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਸ. ਜੁਝਾਰ ਸਿੰਘ ਸਰਪੰਚ, ਸ. ਗੁਰਮੇਲ ਸਿੰਘ ਸਰਪੰਚ ਸੁੱਖੀ ਮਾਜਰੀ, ਸ. ਗੁਰਸ਼ਰਨ ਸਿੰਘ ਅਤੇ ਹੋਰ ਕਈ ਆਗੂ ਤੇ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।