ਚੰਡੀਗੜ੍ਹ:- ਸਾਲ ਦੇ ਪਹਿਲੇ ਛੇ ਮਹੀਨੇ ਨਿਵੇਸ਼ਕਾਂ ਲਈ ਵੱਡੇ ਉਤਾਰ-ਚੜ੍ਹਾਅ ਵਾਲੇ ਰਹੇ ਹਨ। ਆਲਮੀ ਪੱਧਰ 'ਤੇ ਚੱਲ ਰਹੀਆਂ ਭੂ-ਰਾਜਨੀਤਿਕ ਹਲਚਲਾਂ ਅਤੇ ਆਰਥਿਕ ਨੀਤੀਆਂ ਕਾਰਨ ਘਰੇਲੂ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਬੀਤੀ 29 ਜਨਵਰੀ ਦੇ ਰਿਕਾਰਡ ਪੱਧਰ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਕਮੀ ਆਈ ਹੈ, ਜਿਸ ਵਿੱਚ ਸੋਨਾ ਕਰੀਬ 20 ਫੀਸਦੀ ਅਤੇ ਚਾਂਦੀ 43 ਫੀਸਦੀ ਤੱਕ ਸਸਤੀ ਹੋ ਗਈ ਹੈ। ਸਿਰਫ਼ ਸਰਾਫ਼ਾ ਬਾਜ਼ਾਰ ਹੀ ਨਹੀਂ, ਸਗੋਂ ਸ਼ੇਅਰ ਬਾਜ਼ਾਰ ਵੀ ਇਸ ਦਬਾਅ ਤੋਂ ਬਚ ਨਹੀਂ ਸਕਿਆ। ਇਸ ਦੌਰਾਨ ਬੀ.ਐੱਸ.ਈ ਦੇ ਸੂਚਕਾਂਕ ਸੈਂਸੈਕਸ ਵਿੱਚ 11 ਫੀਸਦੀ ਅਤੇ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਵਿੱਚ 8.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਮਾਹਰਾਂ ਮੁਤਾਬਕ ਇਸ ਮੰਦਵਾੜੇ ਦੇ ਮੁੱਖ ਤੌਰ 'ਤੇ ਦੋ ਵੱਡੇ ਕਾਰਨ ਸਾਹਮਣੇ ਆਏ ਹਨ। ਪਹਿਲਾ, ਅਮਰੀਕੀ ਫੈਡਰਲ ਰਿਜ਼ਰਵ ਦੇ ਨਵੇਂ ਚੇਅਰਮੈਨ ਕੇਵਿਨ ਵਾਰਸ਼ ਵੱਲੋਂ ਅਪਣਾਏ ਗਏ ਸਖ਼ਤ ਰੁਖ਼ ਕਾਰਨ ਨਿਵੇਸ਼ਕਾਂ ਨੂੰ ਵਿਆਜ ਦਰਾਂ ਵਿੱਚ ਜਲਦੀ ਕਟੌਤੀ ਦੀ ਉਮੀਦ ਖ਼ਤਮ ਹੁੰਦੀ ਜਾਪ ਰਹੀ ਹੈ, ਜਿਸ ਨਾਲ ਡਾਲਰ ਮਜ਼ਬੂਤ ਹੋਇਆ ਹੈ ਅਤੇ ਸੋਨੇ ਦੀ ਮੰਗ 'ਤੇ ਅਸਰ ਪਿਆ। ਦੂਜਾ ਵੱਡਾ ਕਾਰਨ ਅਮਰੀਕਾ-ਇਰਾਨ ਜੰਗ ਕਾਰਨ ਪੈਦਾ ਹੋਇਆ ਤਣਾਅ ਹੈ, ਜਿਸ ਨੇ ਗਲੋਬਲ ਗਰੋਥ ਦੀ ਰਫ਼ਤਾਰ ਨੂੰ ਬਰੇਕਾਂ ਲਗਾ ਦਿੱਤੀਆਂ ਹਨ ਅਤੇ ਵਧਦੀ ਮਹਿੰਗਾਈ ਨੇ ਸ਼ੇਅਰ ਬਾਜ਼ਾਰ ਦਾ ਸੈਂਟੀਮੈਂਟ ਕਮਜ਼ੋਰ ਕਰ ਦਿੱਤਾ ਹੈ।
ਅਗਲੇ 6 ਮਹੀਨਿਆਂ ’ਚ ਸੋਨੇ ਦੀਆਂ ਕੀਮਤਾਂ ’ਚ 12% ਵਾਧੇ ਦੀ ਉਮੀਦ, ਸਮਾਲਕੈਪ ਤੇ ਮਿਡਕੈਪ ਸ਼ੇਅਰ ਦੇਣਗੇ ਮੁਨਾਫ਼ਾ
ਬਾਜ਼ਾਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਮੌਜੂਦਾ ਮੰਦੀ ਦੇ ਬਾਵਜੂਦ ਆਉਣ ਵਾਲਾ ਸਮਾਂ ਨਿਵੇਸ਼ਕਾਂ ਲਈ ਚੰਗਾ ਹੋ ਸਕਦਾ ਹੈ। ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਅਨੁਸਾਰ, ਸ਼ਾਰਟ ਟਰਮ ਵਿੱਚ ਈ.ਟੀ.ਐਫ. ਵਿੱਚੋਂ ਪੈਸਾ ਨਿਕਲਣ ਕਾਰਨ ਸੋਨੇ ਵਿੱਚ 2 ਤੋਂ 5 ਫੀਸਦੀ ਤੱਕ ਹੋਰ ਗਿਰਾਵਟ ਆ ਸਕਦੀ ਹੈ, ਪਰ ਸਾਲ ਦੇ ਅੰਤ ਤੱਕ ਇਸ ਵਿੱਚ 12% ਤੋਂ 15% ਦੀ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਦੂਜੇ ਪਾਸੇ, ਇਕੁਇਨੌਮਿਕਸ ਰਿਸਰਚ ਦੇ ਸੰਸਥਾਪਕ ਜੀ. ਚੋਕਾਲਿੰਗਮ ਦਾ ਕਹਿਣਾ ਹੈ ਕਿ ਅਗਲੇ ਛੇ ਮਹੀਨਿਆਂ ਵਿੱਚ ਸਮਾਲਕੈਪ ਅਤੇ ਮਿਡਕੈਪ ਸ਼ੇਅਰ, ਲਾਰਜਕੈਪ ਸ਼ੇਅਰਾਂ (ਸੈਂਸੈਕਸ-ਨਿਫਟੀ) ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਨ ਕਿਉਂਕਿ ਕਈ ਸਮਾਲਕੈਪ ਸ਼ੇਅਰ ਆਪਣੇ ਸਤੰਬਰ 2024 ਦੇ ਉੱਚੇ ਪੱਧਰ ਤੋਂ ਕਾਫੀ ਹੇਠਾਂ ਆ ਚੁੱਕੇ ਹਨ ਅਤੇ ਹੁਣ ਬਿਹਤਰ ਵੈਲਯੂਏਸ਼ਨ ’ਤੇ ਉਪਲਬਧ ਹਨ।
ਐਸ.ਬੀ.ਆਈ. ਸਿਕਿਉਰਿਟੀਜ਼ ਦੇ ਸੁਦੀਪ ਸ਼ਾਹ ਮੁਤਾਬਕ ਨਿਫਟੀ ਇਸ ਸਮੇਂ ਕੰਸੋਲੀਡੇਸ਼ਨ (ਸਥਿਰਤਾ) ਦੇ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਇਸ ਲਈ 23,730 ਤੋਂ 23,700 ਦਾ ਪੱਧਰ ਇੱਕ ਮਹੱਤਵਪੂਰਨ ਸਪੋਰਟ ਵਜੋਂ ਕੰਮ ਕਰੇਗਾ। ਹਾਲਾਂਕਿ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਭਾਰਤੀ ਬਾਜ਼ਾਰ ਵਿੱਚ ਪੂਰੀ ਤਰ੍ਹਾਂ ਵਾਪਸੀ ਲਈ ਅਜੇ 1 ਤੋਂ 2 ਤਿਮਾਹੀਆਂ ਦਾ ਸਮਾਂ ਲੱਗ ਸਕਦਾ ਹੈ, ਕਿਉਂਕਿ ਉਹ ਰੁਪਏ ਦੀ ਵਟਾਂਦਰਾ ਦਰ (ਐਕਸਚੇਂਜ ਰੇਟ) ਵਿੱਚ ਸਥਿਰਤਾ ਆਉਣ ਦੀ ਉਡੀਕ ਕਰ ਰਹੇ ਹਨ।