ਐਸ. ਏ. ਐਸ. ਨਗਰ, 8 ਸਤੰਬਰ- ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਬੇਹਾਲ ਹਾਲਤ ਨੂੰ ਸੁਧਾਰਨ ਲਈ ਜੇਕਰ ਤੁਰੰਤ ਵੱਡੇ ਪੱਧਰ ’ਤੇ ਕਦਮ ਨਾ ਚੁੱਕੇ ਗਏ ਤਾਂ ਮੁਹਾਲੀ ਦਾ ਇੰਫਰਾਸਟ੍ਰਕਚਰ ਪੂਰੀ ਤਰ੍ਹਾਂ ਢਹਿ ਜਾਵੇਗਾ ਅਤੇ ਸ਼ਹਿਰ ਦੇ ਵਾਸੀਆਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। 
ਉਨ੍ਹਾਂ ਇਸ ਸੰਬੰਧੀ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਮੁਖ ਪ੍ਰਸ਼ਾਸਕ ਨੂੰ ਪੱਤਰ ਲਿਖ ਮੰਗ ਕੀਤੀ ਹੈ ਕਿ ਗਮਾਡਾ ਵੱਲੋਂ ਨਗਰ ਨਿਗਮ ਨੂੰ ਤੁਰੰਤ 10 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾਵੇ। ਉਨ੍ਹਾਂ ਲਿਖਿਆ ਹੈ ਕਿ ਇਹ ਫੰਡ ਜੰਗੀ ਪੱਧਰ ’ਤੇ ਸੜਕਾਂ ਦੀ ਮੁਰੰਮਤ, ਸੀਵਰੇਜ ਲਾਈਨਾਂ ਦੀ ਬਦਲੀ ਅਤੇ ਪਾਣੀ ਦੀ ਨਿਕਾਸੀ ਲਈ ਖਰਚ ਕੀਤੇ ਜਾਣੇ ਜ਼ਰੂਰੀ ਹਨ। ਉਨ੍ਹਾਂ ਲਿਖਿਆ ਹੈ ਕਿ ਜੇਕਰ ਫੌਰੀ ਵਿੱਤੀ ਸਹਾਇਤਾ ਨਾ ਮਿਲੀ ਤਾਂ ਹਾਲਾਤ ਹੋਰ ਬੇਕਾਬੂ ਹੋ ਜਾਣਗੇ।
ਸ੍ਰੀ ਬੇਦੀ ਨੇ ਲਿਖਿਆ ਹੈ ਕਿ ਬੀਤੇ ਦਿਨਾਂ ਦੌਰਾਨ ਹੋਈ ਭਾਰੀ ਬਾਰਿਸ਼ ਨੇ ਮੁਹਾਲੀ ਦੀਆਂ ਮੁੱਖ ਸੜਕਾਂ ਨੂੰ ਵੱਡੇ ਖੱਡਾਂ ਵਿੱਚ ਬਦਲ ਦਿੱਤਾ ਹੈ। ਲਗਭਗ ਹਰ ਸੜਕ ’ਤੇ ਖਤਰਨਾਕ ਖੱਡੇ ਬਣ ਗਏ ਹਨ। ਇਸ ਨਾਲ ਨਾ ਸਿਰਫ਼ ਟ੍ਰੈਫਿਕ ਪ੍ਰਭਾਵਿਤ ਹੋਇਆ ਹੈ, ਬਲਕਿ ਲੋਕਾਂ ਦੀ ਜਾਨ-ਮਾਲ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। 
ਉਨ੍ਹਾਂ ਕਿਹਾ ਕਿ ਸਿਰਫ਼ ਸੜਕਾਂ ਹੀ ਨਹੀਂ, ਬਲਕਿ ਸੀਵਰੇਜ ਅਤੇ ਡ੍ਰੇਨੇਜ ਸਿਸਟਮ ਵੀ ਕਈ ਥਾਵਾਂ ’ਤੇ ਪੂਰੀ ਤਰ੍ਹਾਂ ਢਹਿ ਗਏ ਹਨ। ਪਾਣੀ ਦੀ ਨਿਕਾਸੀ ਰੁਕ ਜਾਣ ਕਾਰਨ ਵੱਡੇ ਪੱਧਰ ’ਤੇ ਪਾਣੀ ਖੜ੍ਹਾ ਹੋ ਰਿਹਾ ਹੈ, ਜਿਸ ਨਾਲ ਬਿਮਾਰੀਆਂ ਦਾ ਖਤਰਾ ਵੱਧ ਗਿਆ ਹੈ ਅਤੇ ਲੋਕਾਂ ਦੀ ਰੋਜ਼ਮਰਾ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ।
ਸ੍ਰੀ ਬੇਦੀ ਨੇ ਆਪਣੀ ਚਿੱਠੀ ਵਿੱਚ ਏਅਰਪੋਰਟ ਰੋਡ ’ਤੇ ਲੱਗਦੇ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਇਸ ਸਮੇਂ ਪੰਜਾਬ ਪਾਸੇ ਤੋਂ ਏਅਰਪੋਰਟ ਤੱਕ ਪਹੁੰਚਣ ਲਈ ਲੋਕਾਂ ਨੂੰ ਇੱਕ ਘੰਟੇ ਤੋਂ ਵੱਧ ਸਮਾਂ ਲੱਗਦਾ ਹੈ, ਜਿਸ ਦਾ ਕਾਰਨ ਬੇਹਿਸਾਬ ਟ੍ਰੈਫਿਕ ਲਾਈਟਾਂ ਅਤੇ ਬੇਹਿਸਾਬ ਟ੍ਰੈਫਿਕ ਹੈ। 
ਉਨ੍ਹਾਂ ਸੁਝਾਅ ਦਿੱਤਾ ਕਿ ਜੇਕਰ ਮਹੱਤਵਪੂਰਨ ਕਟਾਂ ’ਤੇ ਫਲਾਈਓਵਰ ਜਾਂ ਅੰਡਰਪਾਸ ਬਣਾਏ ਜਾਣ ਤਾਂ ਜਾਮ ਦੀ ਸਮੱਸਿਆ ਵੱਡੇ ਪੱਧਰ ’ਤੇ ਹੱਲ ਹੋ ਸਕਦੀ ਹੈ। ਇਸ ਨਾਲ ਨਾ ਸਿਰਫ਼ ਲੋਕਾਂ ਦਾ ਸਮਾਂ ਅਤੇ ਪੈਸਾ ਬਚੇਗਾ, ਬਲਕਿ ਮੁਹਾਲੀ ਦੀ ਛਵੀ ਵੀ ਇੱਕ ਆਧੁਨਿਕ ਤੇ ਯੋਜਨਾਬੱਧ ਸ਼ਹਿਰ ਵਜੋਂ ਉਭਰੇਗੀ।
ਉਨ੍ਹਾਂ ਗਮਾਡਾ ਮੁਖੀ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਮੁੱਦਿਆਂ ਨੂੰ ਤਰਜੀਹੀ ਅਧਾਰ ’ਤੇ ਹੱਲ ਕੀਤਾ ਜਾਵੇ ਅਤੇ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾਵੇ।