ਨਵਾਂਸ਼ਹਿਰ- ਸਥਾਨਕ ਸ਼੍ਰੀ ਰਾਮ ਸ਼ਰਣਮ ਮੰਦਰ ਲਾਲ ਚੌਂਕ ਵਿਖੇ ਸਿਲਾਈ ਦੀ ਪ੍ਰੀਖਿਆ ਸਫਲਤਾ ਪੂਰਵਕ ਪਾਸ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸੁਆਮੀ ਸੱਤਿਆਨੰਦ ਸਿਲਾਈ ਸੈਂਟਰ ਦੇ ਪ੍ਰਮੁੱਖ ਸੰਸਥਾਪਕ ਡਾ. ਜੇਡੀ ਵਰਮਾ ਨੇ ਦੱਸਿਆ ਕਿ ਇਸ ਸੈਂਟਰ ਵਿਚ ਸਿਲਾਈ ਟੀਚਰ ਗੁਰਵਿੰਦਰ ਕੌਰ ਦੀ ਦੇਖ ਰੇਖ ਹੇਠ ਪਿਛਲੇ ਸਾਲ ਕਰੀਬ 30 ਲੜਕੀਆਂ ਸਿਲਾਈ ਦੀ ਸਿਖਲਾਈ ਲੈ ਰਹੀਆਂ ਸਨ|
 ਜਿਨ੍ਹਾਂ ਵਿਚੋਂ 19 ਲੜਕੀਆਂ ਨੇ 23 ਮਾਰਚ 2025 ਨੂੰ ਪ੍ਰੀਖਿਅਕ ਸੁਸ਼ਮਾ ਅਤੇ ਪ੍ਰੀਤੀ ਅਰੋੜਾ ਦੀ ਨਿਗਰਾਨੀ ਹੇਠ ਪ੍ਰੀਖਿਆ ਦਿੱਤੀ ਸੀ। ਸਫਲ ਹੋਈਆਂ 18 ਲੜਕੀਆਂ ਵਿਚ ਕੋਮਲ ਦੁੱਗਲ , ਨੀਲਮ , ਮਮਤਾ , ਤਨੂੰ , ਪਿੰਕੀ , ਮੁਸਕਾਨ , ਸੀਮਾ , ਬਲਜੀਤ , ਆਰਤੀ , ਰੀਟਾ , ਸੰਗੀਤਾ , ਅੰਜਲੀ , ਪੂਜਾ , ਰਾਖੀ , ਮੀਨੇਸ਼,  ਆਰਤੀ,  ਦਿੱਵਿਆ ਅਤੇ ਮਨੀਸ਼ਾ ਕੁਮਾਰੀ ਸ਼ਾਮਲ ਹਨ ਜਿਨ੍ਹਾਂ ਵਿਚੋਂ ਤਨੂੰ ਨੇ ਪਹਿਲਾ , ਪਿੰਕੀ ਅਤੇ ਬਲਜੀਤ ਨੇ ਦੂਜਾ , ਕੋਮਲ ਦੁੱਗਲ ਅਤੇ ਰੀਤੂ ਨੇ ਤੀਸਰਾ ਸਥਾਨ ਹਾਸਲ ਕੀਤਾ। 
ਸਫ਼ਲ ਹੋਣ ਵਾਲੀਆਂ ਸਾਰੀਆਂ ਲੜਕੀਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਵਰਮਾ ਨੇ ਦੱਸਿਆ ਕਿ ਸੁਆਮੀ ਸੱਤਿਆਨੰਦ ਸਿਲਾਈ ਸੈਂਟਰ ਵਿਖੇ ਪਿਛਲੇ ਕਰੀਬ 28 ਸਾਲਾਂ ਤੋਂ ਲੋੜਵੰਦ ਲੜਕੀਆਂ ਨੂੰ ਸਿਲਾਈ ਦੀ ਸਿੱਖਿਆ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਭਵਿੱਖ ਵਿਚ ਖੁਦ ਕੰਮ ਕਰ ਕੇ ਆਪਣੇ ਘਰਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਲਿਆ ਕੇ ਆਤਮ ਨਿਰਭਰ ਬਣ ਸਕਣ।
 ਉਨ੍ਹਾਂ ਕਿਹਾ ਕਿ ਇਸ ਸੈਂਟਰ ਤੋਂ ਸਿਖਲਾਈ ਪ੍ਰਾਪਤ ਕਰ ਕੇ ਕਈ ਲੜਕੀਆਂ ਦੇਸ਼ ਅਤੇ ਵਿਦੇਸ਼ ਵਿਚ ਵੀ ਆਪਣਾ ਕਾਰੋਬਾਰ ਕਰ ਕੇ ਰੋਟੀ ਰੋਜ਼ੀ ਕਮਾ ਰਹੀਆਂ ਹਨ। ਇਸ ਮੌਕੇ ਸ਼੍ਰੀ ਰਾਮ ਸ਼ਰਣਮ ਸੇਵਾ ਸੰਸਥਾ ਦੇ ਮੈਂਬਰਾਂ ਤੋਂ ਇਲਾਵਾ ਲੜਕੀਆਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।