ਪਟਿਆਲਾ, 30 ਜੁਲਾਈ:- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1406/22ਬੀ), ਚੰਡੀਗੜ੍ਹ ਨਾਲ ਸੰਬੰਧਤ ਜੰਗਲਾਤ ਕਾਮਿਆਂ ਦੀ ਪ੍ਰਮੁੱਖ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 27 ਤੋਂ 30 ਜੁਲਾਈ ਤੱਕ ਸਰਕਾਰ ਨੂੰ ਮੰਗ ਪੱਤਰ ਸੌਂਪਣ ਦੀ ਲੜੀ ਤਹਿਤ ਅੱਜ ਵਣ ਮੰਡਲ ਪਟਿਆਲਾ ਅਤੇ ਜੰਗਲੀ ਜੀਵ ਮੰਡਲ ਪਟਿਆਲਾ ਦੇ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।
ਇਹ ਧਰਨਾ ਮੰਡਲ ਪ੍ਰਧਾਨ ਜਸਵਿੰਦਰ ਸਿੰਘ ਸੌਜਾ, ਸ਼ੇਰ ਸਿੰਘ ਸਰਹਿੰਦ, ਜਗਤਾਰ ਸਿੰਘ ਸਾਹਪੁਰ, ਭੁਪਿੰਦਰ ਸਿੰਘ ਸਾਧੋਹੇੜੀ ਅਤੇ ਜੋਗਾ ਸਿੰਘ ਵਜੀਦਪੁਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਭਾਰੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਝੰਡਿਆਂ, ਬੈਨਰਾਂ ਅਤੇ ਨਾਅਰੇਬਾਜ਼ੀ ਨਾਲ ਧਰਨੇ ਵਿੱਚ ਸ਼ਾਮਲ ਹੋਏ।
ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਦਰਸ਼ਨ ਸਿੰਘ ਬੇਲੂਮਾਜਰਾ, ਲਖਵਿੰਦਰ ਸਿੰਘ ਖਾਨਪੁਰ, ਜਸਵੀਰ ਸਿੰਘ ਖੋਖਰ, ਧਰਮਪਾਲ ਸਿੰਘ ਲੌਟ ਅਤੇ ਰਾਜਪਾਲ ਸਿੰਘ ਲਸੋਈ ਨੇ ਕਿਹਾ ਕਿ ਪੰਜਾਬ ਸਰਕਾਰ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ 30-30 ਸਾਲਾਂ ਤੋਂ ਸੇਵਾ ਨਿਭਾ ਰਹੇ ਕਾਮਿਆਂ ਨੂੰ ਪੱਕਾ ਨਹੀਂ ਕਰ ਰਹੀ। ਉਨ੍ਹਾਂ ਦੋਸ਼ ਲਗਾਇਆ ਕਿ ਸਿਰਫ਼ ਪਲੇਸਮੈਂਟ ਨੀਤੀ ਬਣਾਕੇ 58 ਸਾਲ ਦੀ ਉਮਰ ਤੱਕ ਸਿਰਫ਼ 15 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ 'ਤੇ ਕੰਮ ਕਰਵਾਉਣਾ ਜੰਗਲਾਤ ਕਾਮਿਆਂ ਨਾਲ ਕੋਝਾ ਮਜ਼ਾਕ ਹੈ।
ਆਗੂਆਂ ਨੇ ਕਿਹਾ ਕਿ ਵਿਭਾਗ ਦੇ ਡੇਲੀਵੇਜ ਕਾਮਿਆਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਆਰਥਿਕ ਸੰਕਟ ਵਿੱਚ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਨ ਵਾਲੀ ਸਰਕਾਰ ਆਪਣੇ ਕਰੀਬ ਚਾਰ ਸਾਲ ਦੇ ਕਾਰਜਕਾਲ ਦੌਰਾਨ ਜੰਗਲਾਤ ਵਿਭਾਗ ਦਾ ਇੱਕ ਵੀ ਕਾਮਾ ਪੱਕਾ ਨਹੀਂ ਕਰ ਸਕੀ, ਜਿਸ ਨਾਲ ਕਾਮਿਆਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਹੈ।
ਧਰਨੇ ਤੋਂ ਬਾਅਦ ਵਣ ਪਾਲ (ਆਈਐੱਫਐੱਸ) ਸਾਊਥ ਸਰਕਲ ਪਟਿਆਲਾ, ਡਿਪਟੀ ਕਮਿਸ਼ਨਰ ਪਟਿਆਲਾ, ਵਣ ਮੰਡਲ ਅਫ਼ਸਰ ਜੰਗਲੀ ਜੀਵ ਪਟਿਆਲਾ ਅਤੇ ਵਣ ਮੰਡਲ ਅਫ਼ਸਰ ਪਟਿਆਲਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ।
ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਕਾਮਿਆਂ ਦੀਆਂ ਬਕਾਇਆ ਤਨਖਾਹਾਂ ਜਲਦ ਜਾਰੀ ਨਾ ਕੀਤੀਆਂ ਗਈਆਂ, ਲੰਬੇ ਸਮੇਂ ਤੋਂ ਸੇਵਾ ਕਰ ਰਹੇ ਕੱਚੇ ਕਾਮਿਆਂ ਨੂੰ ਪੱਕਾ ਨਾ ਕੀਤਾ ਗਿਆ, ਲਗਾਤਾਰ 10 ਸਾਲ ਦੀ ਸੇਵਾ ਵਾਲੇ ਕਾਮਿਆਂ ਨੂੰ ਰੈਗੂਲਰ ਨਾ ਕੀਤਾ ਗਿਆ, ਸਾਲ 2026 ਤੱਕ ਸੀਨੀਅਰਤਾ ਸੂਚੀ ਜਾਰੀ ਨਾ ਕੀਤੀ ਗਈ ਅਤੇ ਹੋਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 10 ਅਗਸਤ ਨੂੰ ਵਣ ਭਵਨ, ਮੋਹਾਲੀ ਵਿਖੇ ਰੋਸ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ।
ਉਨ੍ਹਾਂ ਐਲਾਨ ਕੀਤਾ ਕਿ ਇਸ ਤੋਂ ਬਾਅਦ 17 ਅਗਸਤ ਨੂੰ ਵਿੱਤ ਮੰਤਰੀ ਪੰਜਾਬ ਦੇ ਹਲਕਾ ਦਿੜਬਾ ਵਿੱਚ ਸੂਬਾ ਪੱਧਰੀ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਉੱਥੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਜੰਗਲਾਤ ਕਾਮਿਆਂ ਦੀਆਂ ਜਾਇਜ਼ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ।
ਇਸ ਧਰਨੇ ਵਿੱਚ ਨਰੇਸ਼ ਕੁਮਾਰ ਬੋਸਰ, ਭਿੰਦਰ ਘੱਗਾ, ਗੁਰਮੇਲ ਬੰਮਣਾ, ਅਮਰਜੀਤ ਸਿੰਘ ਲਾਛੜੂ ਕਲਾਂ, ਜਸਵੰਤ ਸਿੰਘ, ਰਣਵੀਰ ਮੁਲੇਪੁਰ, ਗੁਰਦੇਵ ਕੌਰ, ਗੁਰਮੇਲ ਸਿੰਘ ਬਿਸ਼ਨਪੁਰਾ, ਸ਼ਮਸ਼ੇਰ ਅਸਮਾਨਪੁਰ, ਇੰਦਰਜੀਤ ਕੌਰ ਚੁਪਕੀ, ਜਸਵੀਰ ਕੌਰ, ਕੁਲਦੀਪ ਸਿੰਘ, ਹਾਕਮ ਖਾਨ, ਸਦੀਕ ਖਾਨ, ਜਗਪਾਲ ਸਿੰਘ, ਬੁੱਧ ਸਿੰਘ, ਜਗਤਾਰ ਸੁਧੇਵਾਲ, ਸਤਨਾਮ ਸਿੰਘ ਸੌਜਾ, ਸਬਦਿਲ ਸਿੰਘ ਕੂਕੀ, ਕਰਨੈਲ ਕਾਠਮੱਠੀ, ਗੁਰਜੀਤ ਸਿੰਘ ਪਟਿਆਲਾ, ਸਿੰਗਾਰਾ ਸਿੰਘ ਕਾਠਮੱਠੀ, ਕੁਲਦੀਪ ਕੌਰ, ਪਰਮਜੀਤ ਕੌਰ, ਮਾਂਗੇਵਾਲ, ਪਾਲੀ ਦੇਵੀ, ਮਨਜੀਤ ਕੌਰ ਸਮਾਣਾ ਸਮੇਤ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਹਾਜ਼ਰ ਸਨ।
ਤਨਖਾਹਾਂ ਨਾ ਮਿਲਣ ਕਾਰਨ ਭੜਕੇ ਜੰਗਲਾਤ ਕਾਮੇ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ
