ਫਿਰੋਜਪੁਰ, 06 ਸਤੰਬਰ:- ਨਸ਼ਾ ਵਿਰੋਧੀ ਮੁਹਿੰਮ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਰੇਲਵੇ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਰੇਲਵੇ ਯਾਰਡ ਖੇਤਰ ਨੇੜਿਓਂ ਲਾਵਾਰਿਸ ਹਾਲਤ ਵਿੱਚ ਭਾਰੀ ਮਾਤਰਾ ਵਿੱਚ ਗਾਂਜਾ ਬਰਾਮਦ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਏ.ਐੱਸ.ਆਈ ਸੁਰਜੀਤ ਸਿੰਘ ਸਮੇਤ ਪੁਲਿਸ ਟੀਮ ਵੱਲੋਂ ਰੇਲਵੇ ਯਾਰਡ ਏਰੀਆ ਵਿੱਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਚੈਕਿੰਗ ਦੌਰਾਨ ਰੇਲਵੇ ਲਾਈਨਾਂ ਦੇ ਨਜ਼ਦੀਕ ਝਾੜੀਆਂ ਵਿੱਚ ਇੱਕ ਲਾਵਾਰਿਸ ਹਾਲਤ ਵਿੱਚ ਪਿਆ ਫਿੱਕੇ ਨੀਲੇ ਰੰਗ ਦਾ ਮੋਮੀ ਲਿਫ਼ਾਫ਼ਾ ਦਿਖਾਈ ਦਿੱਤਾ। ਸ਼ੱਕ ਪੈਣ 'ਤੇ ਜਦੋਂ ਲਿਫ਼ਾਫ਼ੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ।
ਕੰਪਿਊਟਰਾਈਜ਼ਡ ਕੰਡੇ 'ਤੇ ਵਜ਼ਨ ਕਰਨ ਉਪਰੰਤ ਕੁੱਲ ਮਾਤਰਾ 10 ਕਿੱਲੋ 64 ਗ੍ਰਾਮ ਗਾਂਜਾ ਪਾਈ ਗਈ। ਪੁਲਿਸ ਵੱਲੋਂ ਨਸ਼ੀਲੇ ਪਦਾਰਥ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 22 ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਅਗਲੇਰੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਫਿਰੋਜਪੁਰ ਜੀਆਰਪੀ ਵੱਲੋਂ ਰੇਲਵੇ ਯਾਰਡ ਨੇੜਿਓਂ 10 ਕਿੱਲੋ 64 ਗ੍ਰਾਮ ਗਾਂਜਾ ਬਰਾਮਦ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ
