ਅੰਬਾਲਾ, 17 ਅਕਤੂਬਰ (ਆਰ. ਸਿੰਘ):- ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ’ਤੇ 26 ਕੁਇੰਟਲ ਪ੍ਰਤੀ ਏਕੜ ਦੀ ਕੈਪਿੰਗ ਲਾਉਣ ਦੇ ਵਿਰੋਧ ਵਿੱਚ ਅੱਜ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਬੈਨਰ ਹੇਠ ਅੰਬਾਲਾ ਸ਼ਹਿਰ ਦੀ ਅਨਾਜ ਮੰਡੀ ਦੇ ਬਾਹਰ ਹਿਸਾਰ ਰੋਡ ’ਤੇ ਜਾਮ ਲਾ ਦਿੱਤਾ ਅਤੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਕਿਸਾਨਾਂ ਦਾ ਕਹਿਣਾ ਸੀ ਕਿ ਇਸ ਵਾਰ ਫ਼ਸਲ ਵਧੀਆ ਹੋਈ ਹੈ, ਪਰ ਸਰਕਾਰ ਨੇ 26 ਕੁਇੰਟਲ ਪ੍ਰਤੀ ਏਕੜ ਖ਼ਰੀਦ ਦੀ ਕੈਪਿੰਗ ਲਾ ਕੇ ਕਿਸਾਨਾਂ ਦਾ ਗਲਾ ਘੁੱਟਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਰਜ਼ੀਆਂ ਦਿੱਤੀਆਂ ਸਨ ਅਤੇ 10 ਤੇ 11 ਅਕਤੂਬਰ ਨੂੰ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਵੀ ਹੋਈਆਂ ਸਨ, ਪਰ ਉਨ੍ਹਾਂ ਕੋਲ ਭਰੋਸਿਆਂ ਤੋਂ ਇਲਾਵਾ ਹੋਰ ਕੋਈ ਜਵਾਬ ਨਹੀਂ ਸੀ। ਕਿਸਾਨਾਂ ਨੂੰ ਸ਼ੱਕ ਸੀ ਕਿ ਸ਼ਾਇਦ ਨੁਮਾਇੰਦਿਆਂ ਕੋਲ ਫ਼ੈਸਲਾ ਲੈਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਦੀ ਮੰਗ ਹੈ ਕਿ ਝੋਨਾ 35 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਖ਼ਰੀਦਿਆ ਜਾਵੇ ਅਤੇ ਬੇਲੋੜੀ ਕਟੌਤੀ ਬੰਦ ਕੀਤੀ ਜਾਵੇ।

ਸਵੇਰੇ ਸਭ ਤੋਂ ਪਹਿਲਾਂ ਕਿਸਾਨ ਸ਼ਹਿਰ ਦੀ ਅਨਾਜ ਮੰਡੀ ਵਿੱਚ ਇਕੱਠੇ ਹੋਏ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਉਨ੍ਹਾਂ ਨੇ ਹਿਸਾਰ ਹਾਈਵੇਅ ਜਾਮ ਕਰ ਦਿੱਤਾ। ਕਿਸਾਨਾਂ ਨੇ ਪਹਿਲਾਂ ਆਪਣੀਆਂ ਮੰਗਾਂ ਦੇ ਹੱਲ ਲਈ ਪ੍ਰਸ਼ਾਸਨ ਨੂੰ 15 ਅਤੇ 16 ਅਕਤੂਬਰ ਤੱਕ ਦਾ ਸਮਾਂ ਦਿੱਤਾ ਸੀ ਅਤੇ 17 ਅਕਤੂਬਰ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਸਿਰਫ਼ ਭਰੋਸੇ ਦੇ ਰਹੀ ਹੈ, ਪਰ ਜ਼ਮੀਨੀ ਪੱਧਰ ’ਤੇ ਕੋਈ ਹੱਲ ਨਹੀਂ ਲੱਭਿਆ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਆੜ੍ਹਤੀ ਅਤੇ ਸ਼ੈਲਰ ਮਾਲਕ ਕਿਸਾਨਾਂ ਦਾ ਸ਼ੋਸ਼ਣ ਕਰਨ ਦਾ ਮੌਕਾ ਤੱਕ ਰਹੇ ਹਨ ਅਤੇ 2,461 ਰੁਪਏ ਦੀ ਥਾਂ 2,012 ਰੁਪਏ ਵਿੱਚ ਝੋਨਾ ਖ਼ਰੀਦ ਰਹੇ ਹਨ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਖ਼ਰੀਦ ਦੀ ਕੈਪਿੰਗ ਨਾ ਹਟਾਈ ਤਾਂ ਉਨ੍ਹਾਂ ਦਾ ਵੱਡਾ ਨੁਕਸਾਨ ਹੋਵੇਗਾ। ਇਸ ਲੁੱਟ ਨੂੰ ਰੋਕਣ ਲਈ ਹੀ ਇਹ ਧਰਨਾ ਲਾਇਆ ਗਿਆ ਹੈ। ਕਿਸਾਨ ਆਗੂ ਨੇ ਪੋਰਟਲ ਵਿੱਚ ਵੀ ਕਈ ਗੜਬੜਾਂ ਹੋਣ ਦੀ ਗੱਲ ਕਹੀ। ਧਰਨੇ ਦੌਰਾਨ ਕਿਸਾਨਾਂ ਨੇ ਇਕੱਠੇ ਬੈਠ ਕੇ ਲੰਗਰ ਵੀ ਛਕਿਆ।

ਵਿਰੋਧ ਪ੍ਰਦਰਸ਼ਨ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ। ਅਧਿਕਾਰੀਆਂ ਨੇ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਦੇ ਪ੍ਰਦਰਸ਼ਨ ਬਾਰੇ ਸਰਕਾਰ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਉਨ੍ਹਾਂ ਨੂੰ ਅੰਬਾਲਾ-ਹਿਸਾਰ ਸੜਕ ਜਾਮ ਕਰਨ ਲਈ ਮਜਬੂਰ ਹੋਣਾ ਪਿਆ।

ਦੁਪਹਿਰ ਕਰੀਬ ਢਾਈ ਵਜੇ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਮੀਟਿੰਗ ਹੋਈ। ਇਸ ਵਿੱਚ ਐਸਡੀਐਮ ਨੇ ਸਮੱਸਿਆ ਦੇ ਹੱਲ ਲਈ ਦੋ ਦਿਨਾਂ ਦਾ ਸਮਾਂ ਮੰਗਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਖ਼ਤਮ ਕਰ ਦਿੱਤਾ।