ਚੰਡੀਗੜ੍ਹ, 30 ਸਤੰਬਰ:- ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ਼੍ਰੀ ਅਨਿਲ ਵਿਜ ਨੇ ਕਿਹਾ ਕਿ ਕਿਸਾਨ ਸਾਡੀ ਆਨ, ਬਾਨ, ਸ਼ਾਨ, ਮਾਨ ਅਤੇ ਸਨਮਾਨ ਹਨ ਅਤੇ ਅਸੀਂ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿਆਂਗੇ। ਮੰਡੀ ਵਿੱਚ ਝੋਨੇ ਦੀ ਫ਼ਸਲ ਲੈ ਕੇ ਆਏ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ, ਪ੍ਰਸ਼ਾਸਨ ਇਹ ਯਕੀਨੀ ਬਣਾਏ। ਉਨ੍ਹਾਂ ਨੇ ਅੰਬਾਲਾ ਛਾਉਣੀ ਦੀ ਮੰਡੀ ਵਿੱਚ ਪਈ ਝੋਨੇ ਦੀ ਨਮੀ ਦੀ ਜਾਂਚ ਕੀਤੀ ਅਤੇ 17 ਫ਼ੀਸਦੀ ਤੋਂ ਘੱਟ ਨਮੀ ਵਾਲੇ ਝੋਨੇ ਦੀ ਖ਼ਰੀਦ ਕਰਕੇ ਉਸ ਦੀ ਤੁਰੰਤ ਚੁਕਾਈ (ਉਠਾਨ) ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜਿੰਨਾ ਵੀ ਝੋਨਾ ਆਵੇਗਾ, ਅਸੀਂ ਤੁਰੰਤ ਕਾਰਵਾਈ ਕਰਕੇ ਚੁਕਾਈ ਕਰਵਾਵਾਂਗੇ ਤਾਂ ਜੋ ਮੰਡੀ ਵਿੱਚ ਜਗ੍ਹਾ ਵੀ ਖਾਲੀ ਹੁੰਦੀ ਰਹੇ ਅਤੇ ਨਵੇਂ ਆਉਣ ਵਾਲੇ ਕਿਸਾਨਾਂ ਨੂੰ ਆਪਣਾ ਅਨਾਜ ਰੱਖਣ ਲਈ ਜਗ੍ਹਾ ਮਿਲ ਸਕੇ।

ਸ਼੍ਰੀ ਵਿਜ ਅੱਜ ਅੰਬਾਲਾ ਛਾਉਣੀ ਵਿੱਚ ਜੀ.ਟੀ. ਰੋਡ 'ਤੇ ਨਵੀਂ ਅਨਾਜ ਮੰਡੀ ਵਿੱਚ ਝੋਨੇ ਦੀ ਖ਼ਰੀਦ ਦੇ ਕੰਮ ਅਤੇ ਕਿਸਾਨਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਆਯੋਜਿਤ ਪ੍ਰੋਗਰਾਮ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਡੀ.ਸੀ. ਅੰਬਾਲਾ ਸਚਿਨ ਗੁਪਤਾ, ਐੱਸ.ਡੀ.ਐੱਮ. ਕਨਿਕਾ ਗੋਇਲ, ਮਾਰਕੀਟ ਕਮੇਟੀ ਚੇਅਰਮੈਨ ਬਲਵਿੰਦਰ ਸਿੰਘ, ਵਾਈਸ ਚੇਅਰਮੈਨ ਸੁਰੇਂਦਰ ਬਿੰਦਰਾ, ਨਗਰ ਪ੍ਰੀਸ਼ਦ ਪ੍ਰਧਾਨ ਸਵਰਨ ਕੌਰ ਅਤੇ ਹੋਰ ਵੀ ਮੌਜੂਦ ਸਨ।

ਊਰਜਾ ਮੰਤਰੀ ਅਨਿਲ ਵਿਜ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਅੰਬਾਲਾ ਛਾਉਣੀ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਝੋਨੇ ਦੀ ਫ਼ਸਲ ਦੀ ਖ਼ਰੀਦ ਦੇ ਸਾਰੇ ਪੁਖ਼ਤਾ ਇੰਤਜ਼ਾਮਾਂ ਦੀ ਜਾਣਕਾਰੀ ਲਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਝੋਨੇ ਦੀ ਫ਼ਸਲ ਦੀ ਖ਼ਰੀਦ ਬੀਤੇ ਦਿਨ ਹੀ ਸ਼ੁਰੂ ਹੋ ਚੁੱਕੀ ਹੈ। ਮੰਡੀ ਵਿੱਚ ਫ਼ਸਲ ਸੁਕਾਈ ਜਾ ਰਹੀ ਹੈ ਅਤੇ 17 ਫ਼ੀਸਦੀ ਤੋਂ ਘੱਟ ਨਮੀ ਵਾਲੀ ਫ਼ਸਲ ਨੂੰ ਅਸੀਂ ਖ਼ਰੀਦ ਰਹੇ ਹਾਂ, ਉਨ੍ਹਾਂ ਨੇ ਖ਼ੁਦ ਝੋਨੇ ਦੀਆਂ ਕੁਝ ਢੇਰੀਆਂ 'ਤੇ ਜਾ ਕੇ ਨਮੀ ਦੀ ਜਾਂਚ ਕੀਤੀ।

ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਛਾਉਣੀ ਦੀ ਅਨਾਜ ਮੰਡੀ ਉਨ੍ਹਾਂ ਨੇ ਨਵੀਂ ਬਣਾ ਕੇ ਦਿੱਤੀ ਹੈ, ਇਸ ਵਿੱਚ ਕਿਸਾਨਾਂ ਦੀ ਹਰ ਸਹੂਲਤ ਦਾ ਧਿਆਨ ਰੱਖਿਆ ਗਿਆ ਹੈ ਅਤੇ ਇਸੇ ਲਈ ਇੱਥੇ ਕਿਸਾਨਾਂ ਲਈ ਇੱਕ ਦਫ਼ਤਰ, ਉਨ੍ਹਾਂ ਦੇ ਸੌਣ ਲਈ ਇੱਕ ਵਧੀਆ ਰੈਸਟ ਹਾਊਸ, ਉਨ੍ਹਾਂ ਦੇ ਖਾਣ-ਪੀਣ ਲਈ ਕੈਂਟੀਨ ਵੀ ਖੋਲ੍ਹੀ ਗਈ ਹੈ। ਕੈਂਟੀਨ ਪਹਿਲਾਂ ਦੁਪਹਿਰ ਤੱਕ ਚੱਲਦੀ ਸੀ ਪਰ ਹੁਣ ਰਾਤ ਨੂੰ ਵੀ ਖਾਣਾ ਦੇਣ ਦੀ ਸਹੂਲਤ ਹੈ ਤਾਂ ਜੋ ਜੋ ਕਿਸਾਨ ਆਪਣੀ ਫ਼ਸਲ ਲੈ ਕੇ ਮੰਡੀ ਵਿੱਚ ਆਉਣ, ਉਨ੍ਹਾਂ ਨੂੰ ਰਾਤ ਦਾ ਖਾਣਾ ਵੀ ਮਿਲ ਸਕੇ। ਉਨ੍ਹਾਂ ਕਿਹਾ ਕਿ ਮੇਰੇ ਨਾਲ ਡੀ.ਸੀ. ਅੰਬਾਲਾ ਵੀ ਹਨ, ਜਿਨ੍ਹਾਂ ਨੂੰ ਕਿਹਾ ਗਿਆ ਹੈ ਕਿ ਮੰਡੀ ਵਿੱਚ ਆਉਣ ਵਾਲੀ ਫ਼ਸਲ ਦੀ ਤੁਰੰਤ ਚੁਕਾਈ ਹੋਵੇ ਤਾਂ ਜੋ ਅੱਗੇ ਆਉਣ ਵਾਲੀ ਫ਼ਸਲ ਨੂੰ ਰੱਖਣ ਲਈ ਜਗ੍ਹਾ ਮਿਲ ਸਕੇ।


"ਨਵੀਂ ਅਨਾਜ ਮੰਡੀ ਦੇ ਨਾਂ 'ਤੇ ਅੰਬਾਲਾ ਛਾਉਣੀ ਨੂੰ ਸਿਰਫ਼ ਪੱਥਰ ਨਸੀਬ ਹੋਏ, ਕੰਮ ਸਾਡੀ ਸਰਕਾਰ ਵਿੱਚ ਹੋਇਆ" — ਊਰਜਾ ਮੰਤਰੀ ਅਨਿਲ ਵਿਜ

ਉੱਥੇ ਹੀ, ਮੰਡੀ ਪਰਿਸਰ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਹੋਰਨਾਂ ਨੂੰ ਸੰਬੋਧਨ ਕਰਦਿਆਂ ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਮੇਰਾ ਜਨਮ ਇਸੇ ਸ਼ਹਿਰ ਵਿੱਚ ਹੋਇਆ ਹੈ। ਸ਼ਹਿਰ ਨੂੰ ਮੈਂ ਸਾਹ ਲੈਂਦਿਆਂ ਦੇਖਿਆ ਹੈ, ਇਹ ਸ਼ਹਿਰ 1835-36 ਵਿੱਚ ਅੰਗਰੇਜ਼ਾਂ ਨੇ ਵਸਾਇਆ ਸੀ ਅਤੇ ਇੱਥੇ ਸਾਰੇ ਤਰ੍ਹਾਂ ਦੇ ਕਾਰੋਬਾਰ ਲਈ ਜਗ੍ਹਾ ਬਣਾਈ ਗਈ ਸੀ ਪਰ ਮੰਡੀ ਲਈ ਕੋਈ ਜਗ੍ਹਾ ਨਹੀਂ ਸੀ। ਮਾਤਰ ਅੰਬਾਲਾ ਛਾਉਣੀ ਦਾ ਇੱਕ ਛੋਟਾ ਜਿਹਾ ਚੌਂਕ ਸੀ, ਜਿੱਥੇ ਨਾ ਤਾਂ ਟਰਾਲੀ ਜਾਂਦੀ ਸੀ, ਨਾ ਫ਼ਸਲਾਂ ਨੂੰ ਸੁਕਾਉਣ ਲਈ ਕੋਈ ਜਗ੍ਹਾ ਸੀ ਅਤੇ ਨਾ ਹੀ ਫ਼ਸਲਾਂ ਨੂੰ ਖ਼ਰੀਦਣ-ਵੇਚਣ ਲਈ ਕੋਈ ਢੁਕਵਾਂ ਤਰੀਕਾ ਸੀ। ਕੋਈ ਵੀ.ਆਈ.ਪੀ. ਅੰਬਾਲਾ ਆਉਂਦਾ ਸੀ ਤਾਂ ਲੋਕਾਂ ਦੀ ਸਭ ਤੋਂ ਪਹਿਲੀ ਮੰਗ ਅਨਾਜ ਮੰਡੀ ਬਣਾਉਣ ਦੀ ਹੁੰਦੀ ਸੀ। ਪਰ ਸਾਨੂੰ ਸਿਰਫ਼ ਭਰੋਸੇ ਹੀ ਮਿਲਦੇ ਰਹੇ। ਤਿੰਨ ਮੁੱਖ ਮੰਤਰੀਆਂ ਨੇ ਮੰਡੀ ਬਣਾਉਣ ਦੇ ਪੱਥਰ ਲਗਾਏ ਪਰ ਮੰਡੀ ਅੱਜ ਤੱਕ ਨਹੀਂ ਬਣੀ। ਅੰਬਾਲਾ ਛਾਉਣੀ ਨੂੰ ਸਿਰਫ਼ ਪੱਥਰ ਹੀ ਨਸੀਬ ਹੋਏ, ਕੰਮ ਨਸੀਬ ਨਹੀਂ ਹੋਇਆ। ਕੰਮ ਹੋਣੇ ਤਦ ਸ਼ੁਰੂ ਹੋਏ ਜਦੋਂ ਸਾਡੀ ਸਰਕਾਰ ਆਈ।


ਨਵੀਂ ਅਨਾਜ ਮੰਡੀ ਵਿੱਚ ਹੁਣ ਇੱਕ ਦਿਨ ਵਿੱਚ ਇੰਨਾ ਅਨਾਜ ਆ ਰਿਹਾ ਹੈ ਜਿੰਨਾ ਪੁਰਾਣੀ ਅਨਾਜ ਮੰਡੀ ਵਿੱਚ ਮਹਿਜ਼ ਇੱਕ ਮਹੀਨੇ ਵਿੱਚ ਆਉਂਦਾ ਸੀ

ਉਨ੍ਹਾਂ ਕਿਹਾ ਕਿ 2014 ਵਿੱਚ ਜਦੋਂ ਸਾਡੀ ਸਰਕਾਰ ਆਈ ਤਾਂ ਸਭ ਤੋਂ ਪਹਿਲਾ ਕੰਮ ਜੋ ਮੈਂ ਕੀਤਾ, ਉਹ ਅੰਬਾਲਾ ਛਾਉਣੀ ਵਿੱਚ ਅਨਾਜ ਮੰਡੀ ਬਣਾ ਕੇ ਦਿੱਤੀ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਇੱਥੇ ਬਣਨ ਨਾਲ ਵਿਰੋਧੀ ਧਿਰ ਦੇ ਇੱਕ ਵਿਅਕਤੀ, ਜੋ ਕਿ ਇੱਕ ਆੜ੍ਹਤੀ ਸੀ, ਨੇ ਵੀ ਇਸ ਦੀ ਸ਼ਲਾਘਾ ਕਰਦਿਆਂ ਮੈਨੂੰ ਕਿਹਾ ਸੀ ਕਿ ਅਨਾਜ ਮੰਡੀ ਇੱਥੇ ਸ਼ਿਫਟ ਹੋਣ ਨਾਲ ਨਵੀਂ ਅਨਾਜ ਮੰਡੀ ਵਿੱਚ ਹੁਣ ਇੱਕ ਦਿਨ ਵਿੱਚ ਇੰਨਾ ਅਨਾਜ ਆ ਰਿਹਾ ਹੈ ਜਿੰਨਾ ਪੁਰਾਣੀ ਅਨਾਜ ਮੰਡੀ ਵਿੱਚ ਮਹਿਜ਼ ਇੱਕ ਮਹੀਨੇ ਵਿੱਚ ਆਉਂਦਾ ਸੀ। ਅਨਾਜ ਮੰਡੀ ਇੱਥੇ ਆਉਣ ਨਾਲ ਸਾਡੀ ਜ਼ਿੰਦਗੀ ਬਣ ਗਈ।


ਸ਼ਹੀਦ ਸਮਾਰਕ ਵਿੱਚ 1857 ਦੇ ਸੰਘਰਸ਼ ਦਾ ਇਤਿਹਾਸ 21 ਗੈਲਰੀਆਂ ਵਾਲੇ ਭਵਾਨੀ ਸਮਾਰਕ ਵਿੱਚ ਦਿਸੇਗਾ : ਅਨਿਲ ਵਿਜ

ਊਰਜਾ ਮੰਤਰੀ ਅਨਿਲ ਵਿਜ ਨੇ ਇਸ ਮੌਕੇ ਇਹ ਵੀ ਕਿਹਾ ਕਿ ਇੱਥੇ ਨਜ਼ਦੀਕ ਹਾਈਵੇਅ 'ਤੇ ਆਜ਼ਾਦੀ ਦੀ ਪਹਿਲੀ ਲੜਾਈ ਦਾ ਭਵਾਨੀ ਸ਼ਹੀਦੀ ਸਮਾਰਕ ਬਣਾਉਣ ਦਾ ਕੰਮ ਕੀਤਾ ਗਿਆ ਹੈ। ਇਹ ਸਮਾਰਕ ਬਣ ਕੇ ਤਿਆਰ ਹੋ ਚੁੱਕਾ ਹੈ, ਜਲਦ ਹੀ ਇਸ ਦਾ ਉਦਘਾਟਨ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਤਾਬਾਂ ਵਿੱਚ ਸਾਨੂੰ ਇਹੋ ਪੜ੍ਹਾਇਆ ਗਿਆ ਕਿ ਆਜ਼ਾਦੀ ਦੀ ਲੜਾਈ ਕਾਂਗਰਸ ਨੇ ਲੜੀ, ਪਰ ਕਾਂਗਰਸ ਦਾ ਜਨਮ 1885 ਵਿੱਚ ਹੋਇਆ ਸੀ, ਜਿਸ ਨੂੰ ਇੱਕ ਅੰਗਰੇਜ਼ ਏ.ਓ. ਹਿਊਮ ਨੇ ਬਣਾਇਆ ਸੀ। ਉਸੇ ਨੇ ਅੰਗਰੇਜ਼ੀ ਸ਼ਬਦ ਕਾਂਗਰਸ ਦੇ ਨਾਂ 'ਤੇ ਪਾਰਟੀ ਬਣਾਈ ਅਤੇ ਕਾਂਗਰਸ ਅੰਗਰੇਜ਼ੀ ਦਾ ਸ਼ਬਦ ਹੈ। ਉਨ੍ਹਾਂ ਕਿਹਾ ਕਿ ਹਿੰਦੀ ਦਾ ਸ਼ਬਦ ਭਾਰਤੀ ਜਨਤਾ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਜਨਮ ਤੋਂ 28 ਸਾਲ ਪਹਿਲਾਂ ਵੀ ਦੇਸ਼ ਦੀ ਆਜ਼ਾਦੀ ਲਈ 1857 ਵਿੱਚ ਹਥਿਆਰਬੰਦ ਲੜਾਈ ਲੜੀ ਗਈ ਸੀ ਅਤੇ ਹਜ਼ਾਰਾਂ ਲੋਕ ਗੋਲੀਆਂ ਨਾਲ ਮਾਰੇ ਗਏ ਤੇ ਹਜ਼ਾਰਾਂ ਨੂੰ ਜੇਲ੍ਹ ਵਿੱਚ ਡੱਕਿਆ ਗਿਆ। ਉਨ੍ਹਾਂ ਨੇ ਜਦੋਂ ਖੋਜ ਕੀਤੀ ਤਾਂ ਪਤਾ ਲੱਗਾ ਕਿ 1857 ਵਿੱਚ ਆਜ਼ਾਦੀ ਦੀ ਲੜਾਈ ਦੀ ਸ਼ੁਰੂਆਤ ਅੰਬਾਲਾ ਛਾਉਣੀ ਤੋਂ ਹੋਈ ਸੀ, ਯਾਨੀ ਮੇਰਠ ਤੋਂ 9 ਘੰਟੇ ਪਹਿਲਾਂ ਇੱਥੇ ਹਥਿਆਰਬੰਦ ਸੰਘਰਸ਼ ਸ਼ੁਰੂ ਹੋ ਚੁੱਕਾ ਸੀ। ਇਸੇ ਲਈ ਉਹ ਲੰਬੇ ਸਮੇਂ ਤੋਂ ਇੱਥੇ ਸਮਾਰਕ ਬਣਾਉਣ ਦੀ ਮੰਗ ਕਰ ਰਹੇ ਸਨ। ਉਹ ਸੱਤ ਵਾਰ ਵਿਧਾਇਕ ਰਹੇ ਹਨ, ਚਾਹੇ ਉਹ ਸੱਤਾ ਵਿੱਚ ਰਹੇ ਜਾਂ ਵਿਰੋਧੀ ਧਿਰ ਵਿੱਚ, ਉਹ ਬੋਲਣ ਤੋਂ ਕਦੇ ਨਹੀਂ ਖੁੰਝੇ। ਉਨ੍ਹਾਂ ਨੇ ਇੱਥੇ ਸ਼ਹੀਦ ਸਮਾਰਕ ਬਣਾਉਣ ਦੀ ਮੰਗ ਨੂੰ ਲਗਾਤਾਰ ਚੁੱਕਿਆ। ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਲਈ ਜੇਕਰ ਕਿਸੇ ਨੇ ਇੱਕ ਕਦਮ ਵੀ ਬਾਹਰ ਕੱਢਿਆ ਤਾਂ ਉਹ ਉਸ ਦੇ ਚਰਨ ਛੂਹਣਾ ਚਾਹੁੰਦੇ ਹਨ। 1857 ਦੇ ਸ਼ਹੀਦਾਂ ਨੂੰ ਕਦੇ ਸ਼ਰਧਾਂਜਲੀਆਂ ਨਹੀਂ ਦਿੱਤੀਆਂ ਗਈਆਂ, ਨਾ ਹੀ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਲਈ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅੱਜ ਸ਼ਹੀਦਾਂ ਦੀ ਯਾਦ ਵਿੱਚ 800 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦੀ ਸਮਾਰਕ ਬਣ ਕੇ ਤਿਆਰ ਹੈ। ਸਾਡੇ ਕੋਲ 1857 ਦੇ ਪੁਖ਼ਤਾ ਦਸਤਾਵੇਜ਼ ਹਨ ਕਿ ਕਿਵੇਂ-ਕਿਵੇਂ ਅਤੇ ਕਿੱਥੇ-ਕਿੱਥੇ ਉਸ ਸਮੇਂ ਸੰਘਰਸ਼ ਹੋਇਆ। ਅੰਗਰੇਜ਼ ਅਫ਼ਸਰ ਦੁਆਰਾ ਲਿਖੇ ਇੱਕ ਦਸਤਾਵੇਜ਼ ਤੋਂ ਵੀ ਸਪੱਸ਼ਟ ਹੁੰਦਾ ਹੈ ਕਿ ਮੇਰਠ ਤੋਂ ਨੌਂ ਘੰਟੇ ਪਹਿਲਾਂ ਅੰਬਾਲਾ ਵਿੱਚ ਸੰਘਰਸ਼ ਸ਼ੁਰੂ ਹੋਇਆ ਸੀ। ਸਮਾਰਕ ਵਿੱਚ ਅਸੀਂ 21 ਗੈਲਰੀਆਂ ਬਣਾਈਆਂ ਹਨ ਅਤੇ ਦੇਸ਼ ਵਿੱਚ ਜਿੱਥੇ-ਜਿੱਥੇ 1857 ਵਿੱਚ ਸੰਘਰਸ਼ ਹੋਇਆ, ਉਹ ਬਹੁਤ ਹੀ ਆਕਰਸ਼ਕ ਤਰੀਕੇ ਨਾਲ ਇੱਥੇ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸੇ ਦੇ ਨਾਲ ਸਾਇੰਸ ਮਿਊਜ਼ੀਅਮ ਵੀ ਜਲਦ ਬਣ ਕੇ ਤਿਆਰ ਹੋ ਰਿਹਾ ਹੈ।


ਸੱਤਾ ਸਾਡੇ ਲਈ ਸੁੱਖ ਭੋਗਣ ਦਾ ਸਾਧਨ ਨਹੀਂ, ਬਲਕਿ ਸੇਵਾ ਕਰਨ ਦਾ ਸਾਧਨ ਹੈ - ਵਿਜ

ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ 1952 ਤੋਂ ਮੇਰੇ ਮੰਤਰੀ ਬਣਨ ਤੋਂ ਪਹਿਲਾਂ ਤੱਕ ਜਿੰਨੇ ਵੀ ਵਿਧਾਇਕ ਅਤੇ ਸੰਸਦ ਮੈਂਬਰ ਰਹੇ, ਉਨ੍ਹਾਂ ਸਾਰਿਆਂ ਦੇ ਵਿਕਾਸ ਕਾਰਜਾਂ ਨੂੰ ਜੋੜ ਲਿਆ ਜਾਵੇ ਤਾਂ ਮੇਰੇ ਦੁਆਰਾ ਕਰਵਾਏ ਗਏ ਵਿਕਾਸ ਕਾਰਜਾਂ ਦੇ ਅੱਗੇ ਉਹ ਇੱਕ ਫ਼ੀਸਦੀ ਵੀ ਨਹੀਂ ਹੋਣਗੇ। ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਦੀ ਮਿਹਰਬਾਨੀ ਹੈ, ਸਾਡੀ ਪਾਰਟੀ ਦਾ ਸੰਦੇਸ਼ ਅਤੇ ਭਾਰਤੀ ਜਨਤਾ ਪਾਰਟੀ ਦਾ ਸੱਭਿਆਚਾਰ ਹੈ ਕਿ ਸੱਤਾ ਸਾਡੇ ਲਈ ਸੁੱਖ ਭੋਗਣ ਦਾ ਸਾਧਨ ਨਹੀਂ, ਬਲਕਿ ਸੇਵਾ ਕਰਨ ਦਾ ਸਾਧਨ ਹੈ। ਉਨ੍ਹਾਂ ਕਿਹਾ ਕਿ ਮੈਂ ਦਿਨ-ਰਾਤ ਇੱਕ ਕਰਕੇ ਅੰਬਾਲਾ ਛਾਉਣੀ ਨੂੰ ਜਿਸ ਦੀ ਲੋੜ ਸੀ, ਸਬ-ਡਿਵੀਜ਼ਨ ਬਣਾ ਦਿੱਤਾ, ਸੁਭਾਸ਼ ਪਾਰਕ ਬਣਾ ਦਿੱਤਾ ਅਤੇ ਹੋਰ ਕਈ ਵਿਕਾਸ ਕਾਰਜ ਕਰਵਾਏ, ਜਿਨ੍ਹਾਂ ਦੀ ਅੰਬਾਲਾ ਛਾਉਣੀ ਮੰਗ ਕਰ ਰਹੀ ਸੀ, "ਮੈਂ ਵਿਆਜ ਸਮੇਤ ਸਰਕਾਰਾਂ ਤੋਂ ਖੋਹ-ਖੋਹ ਕੇ ਇੱਥੇ ਲਿਆ ਕੇ ਬਣਾ ਦਿੱਤੇ ਹਨ"।


ਊਰਜਾ ਮੰਤਰੀ ਅਨਿਲ ਵਿਜ ਨੇ ਦਿੱਤੀ ਚੁਣੌਤੀ, ਕਿਹਾ "ਮੇਰੇ ਦੁਆਰਾ ਕੀਤੇ ਵਿਕਾਸ ਕਾਰਜ ਗਿਣਾ ਦੇਵੇ ਤਾਂ ਮੈਂ ਉਸ ਨੂੰ 31 ਹਜ਼ਾਰ ਰੁਪਏ ਦਾ ਇਨਾਮ ਦਿਆਂਗਾ"

ਇਸ ਦੌਰਾਨ ਊਰਜਾ ਮੰਤਰੀ ਅਨਿਲ ਵਿਜ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਕੋਈ ਇੱਥੇ ਆ ਕੇ ਮੇਰੇ ਦੁਆਰਾ ਕੀਤੇ ਵਿਕਾਸ ਕਾਰਜ ਗਿਣਾ ਦੇਵੇ ਤਾਂ ਮੈਂ ਉਸ ਨੂੰ 31 ਹਜ਼ਾਰ ਰੁਪਏ ਦਾ ਇਨਾਮ ਦਿਆਂਗਾ। ਉਨ੍ਹਾਂ ਇਹ ਵੀ ਕਿਹਾ ਕਿ ਮੇਰੇ ਦੁਆਰਾ ਕਰਵਾਏ ਗਏ ਕੰਮ ਜਿਉਂਦੇ ਹਨ, ਉਹ ਖ਼ੁਦ ਆਪਣੀ ਕਹਾਣੀ ਬੋਲਦੇ ਹਨ ਕਿ ਇਹ ਕਿਸ ਨੇ ਬਣਾ ਕੇ ਦਿੱਤੇ ਹਨ। ਨਾਮੁਮਕਿਨ ਕੰਮਾਂ ਨੂੰ ਮੈਂ ਮੁਮਕਿਨ ਕਰਕੇ ਦਿਖਾਇਆ ਹੈ, ਜੋ ਹੋ ਸਕਦਾ ਸੀ ਅਤੇ ਇਹ ਸਭ ਤੁਹਾਡੇ ਲੋਕਾਂ ਦੁਆਰਾ ਦਿੱਤੀ ਗਈ ਤਾਕਤ ਅਤੇ ਵਿਸ਼ਵਾਸ ਨਾਲ ਹੋਇਆ ਹੈ।

ਇਸ ਮੌਕੇ ਮੰਡੀ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਸੁਸ਼ੀਲ ਗੋਇਲ ਨੇ ਮੁੱਖ ਮਹਿਮਾਨ ਨੂੰ ਸ਼ਾਲ ਅਤੇ ਵਾਤਾਵਰਨ ਦਾ ਪ੍ਰਤੀਕ (ਪੌਦਾ) ਭੇਟ ਕਰਕੇ ਉਨ੍ਹਾਂ ਦਾ ਸਵਾਗਤ ਵੀ ਕੀਤਾ।