ਐਸ.ਏ.ਐਸ. ਨਗਰ, 26 ਮਈ- ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ ਨੇ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੇ ਪਿੰਡਾਂ ਵਿੱਚ ਖੇਤਾਂ ਨੂੰ ਦਿੱਤੀ ਜਾਂਦੀ ਬਿਜਲੀ ਦੀ ਸਪਲਾਈ ਠੱਪ ਹੋਣ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਪਾਲਣੀਆਂ ਮੁਸ਼ਕਿਲ ਹੋ ਰਹੀਆਂ ਹਨ।
ਸੀਨੀਅਰ ਕਾਂਗਰਸੀ ਆਗੂ ਨੇ ਦੱਸਿਆ ਕਿ ਪਿਛਲੇ ਲਗਭਗ ਇੱਕ ਹਫਤੇ ਤੋਂ ਜ਼ਿਆਦਾ ਸਮੇਂ ਤੋਂ ਪਿੰਡਾਂ ਭਾਗੋ ਮਾਜਰਾ, ਬੈਰੋਂਪੁਰ, ਮੌਜਪੁਰ, ਭਾਰਤਪੁਰ, ਸ਼ਾਮਪੁਰ, ਲਾਂਡਰਾਂ, ਰਾਏਪੁਰ ਕਲਾਂ ਅਤੇ ਹੋਰਨਾਂ ਪਿੰਡਾਂ ਅੰਦਰ ਖੇਤਾਂ ਨੂੰ ਦਿੱਤੀ ਜਾਂਦੀ ਬਿਜਲੀ ਸਪਲਾਈ ਬੰਦ ਪਈ ਹੈ, ਜਿਸ ਕਾਰਨ ਕਿਸਾਨਾਂ ਦੀਆਂ ਸਬਜ਼ੀਆਂ ਦੀਆਂ ਵੇਲਾਂ ਅਤੇ ਪਸ਼ੂਆਂ ਲਈ ਬੀਜਿਆ ਹੋਇਆ ਹਰਾ ਚਾਰਾ ਸੁੱਕਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਭਾਰੀ ਗਰਮੀ ਕਾਰਨ ਫਸਲਾਂ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਪਰ ਬਿਜਲੀ ਸਪਲਾਈ ਨਾ ਆਉਣ ਕਾਰਨ ਟਿਊਬਵੈੱਲ ਬੰਦ ਪਏ ਹਨ।
ਉਨ੍ਹਾਂ ਕਿਹਾ ਕਿ ਹੁਣੇ ਤੱਕ ਝੋਨੇ ਦੀ ਬਿਜਾਈ ਨੂੰ ਵੀ ਸਮਾਂ ਰਹਿੰਦਾ ਹੈ ਪਰ ਜੇਕਰ ਹੁਣੇ ਤੋਂ ਹੀ ਬਿਜਲੀ ਦੀ ਸਪਲਾਈ ਸੁਚਾਰੂ ਨਹੀਂ ਚੱਲ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਤਾਂ ਰੱਬ ਹੀ ਰਾਖਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪਿੰਡਾਂ ਦੇ ਕਿਸਾਨ ਬਿਜਲੀ ਦੀ ਸਪਲਾਈ ਜਾਣਨ ਲਈ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਮਿਲਾਉਂਦੇ ਹਨ ਤਾਂ ਅੱਗੋਂ ਸਬੰਧਤ ਅਧਿਕਾਰੀ ਦੁਆਰਾ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਿਆ ਜਾਂਦਾ।
ਬਿਜਲੀ ਸਪਲਾਈ ਠੱਪ ਹੋਣ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਪਾਲਣੀਆਂ ਹੋ ਰਹੀਆਂ ਹਨ ਮੁਸ਼ਕਿਲ - ਮਛਲੀ ਕਲਾਂ
