ਪਟਿਆਲਾ:- ਫਸਟ ਏਡ, ਸੇਫਟੀ ਅਤੇ ਸਿਹਤ ਜਾਗਰੂਕਤਾ ਮਿਸ਼ਨ ਦੇ ਮੁੱਖ ਟ੍ਰੇਨਰ ਅਤੇ ਰੈੱਡ ਕਰਾਸ ਦੇ ਸੇਵਾਮੁਕਤ ਟ੍ਰੇਨਿੰਗ ਸੁਪਰਵਾਈਜ਼ਰ **ਸ਼੍ਰੀ ਕਾਕਾ ਰਾਮ ਵਰਮਾ** ਵੱਲੋਂ ਪੰਜਾਬ ਭਰ ਵਿੱਚ ਜਾਨਾਂ ਅਤੇ ਸੰਪਤੀ ਦੀ ਸੁਰੱਖਿਆ ਲਈ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀਪੀਆਰ (ਕਾਰਡੀਓ ਪਲਮੋਨਰੀ ਰੀਸਸਿਟੇਸ਼ਨ), ਬਣਾਉਟੀ ਸਾਹ (ਵੈਂਟੀਲੇਸ਼ਨ), ਫਾਇਰ ਸੇਫਟੀ, ਗੈਸ ਸਿਲੰਡਰਾਂ ਦੀ ਸੁਰੱਖਿਅਤ ਵਰਤੋਂ, ਜ਼ਖ਼ਮੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਂ ਤੱਕ ਪਹੁੰਚਾਉਣ, ਸੜਕ ਹਾਦਸਿਆਂ ਤੋਂ ਬਚਾਅ ਅਤੇ ਸਾਈਬਰ ਧੋਖਾਧੜੀ ਤੋਂ ਸੁਰੱਖਿਆ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
ਇਸੇ ਕੜੀ ਤਹਿਤ ਮਾਲਟੈਕਸ ਮਾਲਸਟਰਜ਼ ਫੈਕਟਰੀ ਦੇ ਅਧਿਕਾਰੀਆਂ, ਸੁਰੱਖਿਆ ਕਰਮਚਾਰੀਆਂ ਅਤੇ ਹੋਰ ਕਰਮਚਾਰੀਆਂ ਨੂੰ ਵਿਸਥਾਰਪੂਰਵਕ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਦੌਰਾਨ ਐਮਰਜੈਂਸੀ ਸਥਿਤੀਆਂ ਵਿੱਚ ਤੁਰੰਤ ਬਚਾਅ ਕਾਰਜ ਕਰਨ, ਅੱਗ 'ਤੇ ਕਾਬੂ ਪਾਉਣ, ਦਿਲ ਦਾ ਦੌਰਾ, ਕਾਰਡੀਅਕ ਅਰੈਸਟ, ਬੇਹੋਸ਼ੀ, ਮਿਰਗੀ ਦੇ ਦੌਰੇ, ਅੰਦਰੂਨੀ ਖੂਨ ਵਗਣਾ, ਹੱਡੀਆਂ ਟੁੱਟਣ ਅਤੇ ਹੋਰ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਫੈਕਟਰੀ ਦੇ ਸੀਈਓ-ਕਮ-ਡਾਇਰੈਕਟਰ **ਵਿਕਾਸ ਕੋਂਸਲ** ਅਤੇ ਐਚਆਰ ਮੁਖੀ **ਸੁਰਿੰਦਰ ਸਿੰਘ** ਨੇ ਸ਼੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰੈਕਟੀਕਲ ਟ੍ਰੇਨਿੰਗ ਨਾਲ ਕਰਮਚਾਰੀਆਂ ਵਿੱਚ ਹਾਦਸਿਆਂ ਦੌਰਾਨ ਆਪਣੇ ਬਚਾਅ, ਦੂਜਿਆਂ ਦੀ ਮਦਦ ਕਰਨ ਅਤੇ ਕੀਮਤੀ ਜਾਨਾਂ ਬਚਾਉਣ ਲਈ ਆਤਮ-ਵਿਸ਼ਵਾਸ ਅਤੇ ਹੌਂਸਲਾ ਵਧਿਆ ਹੈ।
ਉਨ੍ਹਾਂ ਦੱਸਿਆ ਕਿ ਫੈਕਟਰੀ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਸ਼੍ਰੀ ਕਾਕਾ ਰਾਮ ਵਰਮਾ ਦੀ ਅਗਵਾਈ ਹੇਠ ਪਿੰਡਾਂ ਅਤੇ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਵੀ ਮੌਕ ਡਰਿੱਲਾਂ ਕਰਵਾਈਆਂ ਜਾਣਗੀਆਂ, ਤਾਂ ਜੋ ਆਮ ਲੋਕਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਦੁਕਾਨਦਾਰਾਂ ਨੂੰ ਵੀ ਆਫ਼ਤਾਂ ਅਤੇ ਐਮਰਜੈਂਸੀ ਸਥਿਤੀਆਂ ਦੌਰਾਨ ਸੁਰੱਖਿਆ, ਬਚਾਅ ਅਤੇ ਮੁੱਢਲੀ ਸਹਾਇਤਾ ਦੇਣ ਲਈ ਤਿਆਰ ਕੀਤਾ ਜਾ ਸਕੇ।
