ਅੰਬਾਲਾ, 9 ਅਕਤੂਬਰ (ਆਰ. ਸਿੰਘ):- ਸਿਵਲ ਹਸਪਤਾਲ ਅੰਬਾਲਾ ਕੈਂਟ ਦੇ ਨੇਤਰ ਵਿਭਾਗ ਦੀ ਟੀਮ ਡਾ. ਜੁਗਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੁੱਡਾ ਕਲਾਂ ਪਹੁੰਚੀ ਅਤੇ 85 ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਨ੍ਹਾਂ ਵਿੱਚੋਂ 14 ਬੱਚਿਆਂ ਦੀਆਂ ਅੱਖਾਂ ਵਿੱਚ ਕਿਸੇ ਨਾ ਕਿਸੇ ਕਿਸਮ ਦਾ ਨੁਕਸ ਪਾਇਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਪੜ੍ਹਨ ਵਿੱਚ ਦਿੱਕਤ ਆ ਰਹੀ ਸੀ। ਇਨ੍ਹਾਂ ਬੱਚਿਆਂ ਨੂੰ ਅੱਖਾਂ ਵਿੱਚ ਪਾਉਣ ਵਾਲੀਆਂ ਦਵਾਈਆਂ ਦਿੱਤੀਆਂ ਗਈਆਂ ਅਤੇ ਐਨਕਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਮੌਜੂਦ ਡਾ. ਜੁਗਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਵਿੱਚ ਕੌਰਨੀਆ ਨਾਲ ਸਬੰਧਿਤ ਅੰਨ੍ਹੇਪਣ ਦੀ ਸਮੱਸਿਆ ਨੂੰ ਹੱਲ ਕਰਨ ਅਤੇ ਲੰਬਿਤ ਮਾਮਲਿਆਂ ਨੂੰ ਨਿਪਟਾਉਣ ਲਈ ਹਰ ਸਾਲ ਲਗਭਗ ਦੋ ਲੱਖ ਅੱਖਾਂ ਦਾਨ ਕਰਨ ਦੀ ਲੋੜ ਹੈ। ਲਗਭਗ 12 ਤੋਂ 12.5 ਲੱਖ ਲੋਕ ਕੌਰਨੀਆ ਨਾਲ ਸਬੰਧਿਤ ਅੰਨ੍ਹੇਪਣ ਤੋਂ ਪੀੜਤ ਹਨ।
ਕੌਰਨੀਆ ਨਾਲ ਸਬੰਧਿਤ ਅੰਨ੍ਹੇਪਣ ਦੇ ਲਗਭਗ 25,000 ਤੋਂ 30,000 ਨਵੇਂ ਮਾਮਲੇ ਸਾਹਮਣੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਲਗਭਗ 25,000 ਤੋਂ 30,000 ਅੱਖਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ, ਪਰ ਇਨ੍ਹਾਂ ਵਿੱਚੋਂ ਸਿਰਫ਼ 60% ਤੋਂ 70% ਅੱਖਾਂ ਹੀ ਟਰਾਂਸਪਲਾਂਟ ਦੇ ਅਪਰੇਸ਼ਨਾਂ ਲਈ ਵਰਤੋਂਯੋਗ ਹੁੰਦੀਆਂ ਹਨ। ਰਾਸ਼ਟਰੀ ਅੰਨ੍ਹਾਪਣ ਸਰਵੇਖਣ ਦੇ ਅਨੁਮਾਨਾਂ ਅਨੁਸਾਰ ਦੇਸ਼ ਵਿੱਚ ਲਗਭਗ 50 ਲੱਖ ਲੋਕ ਅੰਨ੍ਹੇ ਹਨ ਅਤੇ 3.4 ਕਰੋੜ ਲੋਕ ਨਜ਼ਰ ਦੀ ਕਮਜ਼ੋਰੀ ਤੋਂ ਪੀੜਤ ਹਨ। ਮੋਤੀਆਬਿੰਦ ਕਾਰਨ ਹੋਣ ਵਾਲੇ ਅੰਨ੍ਹੇਪਣ ਨੂੰ ਖ਼ਤਮ ਕਰਨ ਲਈ ਹਰ ਸਾਲ ਲਗਭਗ 67 ਲੱਖ ਤੋਂ 90 ਲੱਖ ਮੋਤੀਆਬਿੰਦ ਦੇ ਅਪਰੇਸ਼ਨਾਂ ਦੀ ਲੋੜ ਹੁੰਦੀ ਹੈ।
ਡਾ. ਜੁਗਿੰਦਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਹਰ ਸਾਲ ਦੋ ਲੱਖ ਅੱਖਾਂ ਦੀ ਲੋੜ ਹੈ, ਜਦਕਿ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੀ ਸਾਲਾਨਾ ਲਗਭਗ ਦੋ ਲੱਖ ਹੈ। ਉਨ੍ਹਾਂ ਕਿਹਾ ਕਿ ਹਾਦਸਿਆਂ ਵਿੱਚ ਮਰਨ ਵਾਲਿਆਂ ਦੇ ਨੇਤਰਦਾਨ ਜਾਂ ਲਾਵਾਰਸ ਮ੍ਰਿਤਕਾਂ ਦੇ ਕਾਨੂੰਨੀ ਵਾਰਸਾਂ ਰਾਹੀਂ ਇਸ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਲਈ ਸਰਕਾਰ ਨੂੰ ਨਿਯਮ ਬਣਾਉਣੇ ਚਾਹੀਦੇ ਹਨ।
