ਅੰਬਾਲਾ, 17 ਨਵੰਬਰ (ਆਰ. ਸਿੰਘ):- ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਦੇ ਯਤਨਾਂ ਸਦਕਾ ਸ਼ਹੀਦ ਸਮਾਰਕ ਦੇ ਸਾਹਮਣੇ ਜਲਦੀ ਹੀ ਇੱਕ ਐਸਕੇਲੇਟਰ ਲਗਾਇਆ ਜਾਵੇਗਾ। ਇਸ ਲਈ ਪ੍ਰਵਾਨਗੀ ਮਿਲ ਗਈ ਹੈ। ਐਸਕੇਲੇਟਰ ਲੱਗਣ ਨਾਲ ਪੈਦਲ ਯਾਤਰੀਆਂ ਲਈ ਜੀਟੀ ਰੋਡ ਪਾਰ ਕਰਨਾ ਆਸਾਨ ਹੋ ਜਾਵੇਗਾ।
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਸ਼ਹੀਦ ਸਮਾਰਕ ਦੇ ਸਾਹਮਣੇ ਰਾਸ਼ਟਰੀ ਰਾਜ ਮਾਰਗ (ਜੀਟੀ ਰੋਡ) ਸਥਿਤ ਹੈ। ਆਮ ਲੋਕਾਂ ਨੂੰ ਸੜਕ ਪਾਰ ਕਰਨ ਵਿੱਚ ਕੋਈ ਮੁਸ਼ਕਲ ਨਾ ਆਵੇ, ਇਸ ਲਈ ਇੱਥੇ ਐਸਕੇਲੇਟਰ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰਿਆਣਾ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸ਼ਹੀਦ ਸਮਾਰਕ ਦਾ ਦੌਰਾ ਕਰਵਾਉਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸ਼ਹੀਦ ਸਮਾਰਕ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਨੂੰ ਖੋਲ੍ਹਣ ਤੋਂ ਪਹਿਲਾਂ ਉਨ੍ਹਾਂ ਜਾਣੇ-ਅਣਜਾਣੇ ਕ੍ਰਾਂਤੀਕਾਰੀਆਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਹਵਨ ਯੱਗ ਕੀਤਾ ਗਿਆ, ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਗੋਲੀਆਂ ਮਾਰੀਆਂ ਸਨ, ਦਰੱਖਤਾਂ ਨਾਲ ਲਟਕਾ ਕੇ ਫਾਂਸੀ ਦਿੱਤੀ ਸੀ, ਜਿਨ੍ਹਾਂ ’ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਜਿਨ੍ਹਾਂ ਦੇ ਪਿੰਡ ਸਾੜ ਦਿੱਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਸ਼ਹੀਦ ਸਮਾਰਕ 15 ਨਵੰਬਰ ਤੋਂ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ। ਸਮਾਰਕ ਦੇਖਣ ਲਈ ਆਨਲਾਈਨ ਬੁਕਿੰਗ ਦੀ ਸਹੂਲਤ ਉਪਲਬਧ ਹੈ ਅਤੇ ਪਹਿਲੇ ਮਹੀਨੇ ਦੀਆਂ ਸਾਰੀਆਂ ਬੁਕਿੰਗਾਂ ਹੋ ਚੁੱਕੀਆਂ ਹਨ। ਪਹਿਲੇ ਦਿਨ ਹੀ ਛੱਤੀਸਗੜ੍ਹ, ਪੰਜਾਬ ਅਤੇ ਜੀਂਦ ਤੋਂ ਲੋਕ ਸ਼ਹੀਦ ਸਮਾਰਕ ਦੇਖਣ ਲਈ ਇੱਥੇ ਪਹੁੰਚੇ ਸਨ।
ਜ਼ਿਕਰਯੋਗ ਹੈ ਕਿ ਸ਼ਹੀਦ ਸਮਾਰਕ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 5 ਨਵੰਬਰ ਨੂੰ ਕੀਤਾ ਸੀ। ਇਸ ਤੋਂ ਬਾਅਦ 15 ਨਵੰਬਰ ਨੂੰ ਹਵਨ ਯੱਗ ਉਪਰੰਤ ਇਸ ਨੂੰ ਜਨਤਾ ਲਈ ਖੋਲ੍ਹ ਦਿੱਤਾ ਗਿਆ।
