ਚੰਡੀਗੜ੍ਹ:- ਭਾਰਤੀ ਕ੍ਰਿਕਟ ਦੇ ਮਹਾਨ ਵਿਕਟਕੀਪਰ-ਬੱਲੇਬਾਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਖਿਡਾਰੀ ਵਜੋਂ ਇੰਡੀਅਨ ਪ੍ਰੀਮੀਅਰ ਲੀਗ ਨੂੰ ਅਲਵਿਦਾ ਕਹਿ ਦਿੱਤਾ ਹੈ। ਆਈ.ਪੀ.ਐੱਲ. 2027 ਦੀ ਮਿੰਨੀ ਨਿਲਾਮੀ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਐਲਾਨ ਕੀਤਾ ਕਿ ਧੋਨੀ ਨੂੰ ਟੀਮ ਵਿੱਚੋਂ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਪੰਜ ਵਾਰ ਦੀ ਚੈਂਪੀਅਨ ਟੀਮ ਦੇ ਮੈਂਟਰ (ਸਲਾਹਕਾਰ) ਵਜੋਂ ਨਵੀਂ ਜ਼ਿੰਮੇਵਾਰੀ ਸੰਭਾਲਣਗੇ।
2008 ਵਿੱਚ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਹੀ ਚੇਨਈ ਸੁਪਰ ਕਿੰਗਜ਼ ਨਾਲ ਜੁੜੇ ਰਹੇ ਧੋਨੀ (ਸਿਰਫ਼ ਦੋ ਸੀਜ਼ਨ ਛੱਡ ਕੇ, ਜਦੋਂ ਸੀ.ਐੱਸ.ਕੇ. ’ਤੇ ਪਾਬੰਦੀ ਲੱਗਣ ਕਾਰਨ ਉਨ੍ਹਾਂ ਨੇ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਵੱਲੋਂ ਖੇਡਿਆ ਸੀ) ਦੇ ਭਵਿੱਖ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਸੱਟ ਕਾਰਨ ਉਹ ਪਿਛਲੇ ਸੀਜ਼ਨ ਵਿੱਚ ਵੀ ਨਹੀਂ ਖੇਡ ਸਕੇ ਸਨ, ਜਿਸ ਵਿੱਚ ਟੀਮ ਅੰਕ ਸੂਚੀ ਵਿੱਚ ਅੱਠਵੇਂ ਸਥਾਨ ’ਤੇ ਰਹੀ ਸੀ। ਆਪਣੀ ਕਪਤਾਨੀ ਹੇਠ ਧੋਨੀ ਨੇ ਸੀ.ਐੱਸ.ਕੇ. ਨੂੰ ਰਿਕਾਰਡ ਪੰਜ ਵਾਰ (2010, 2011, 2018, 2021 ਅਤੇ 2023) ਚੈਂਪੀਅਨ ਬਣਾਇਆ, ਜਦਕਿ ਟੀਮ ਪੰਜ ਵਾਰ ਉਪ-ਜੇਤੂ ਰਹੀ।
ਫਰੈਂਚਾਈਜ਼ੀ ਨੇ ਸੋਸ਼ਲ ਮੀਡੀਆ ’ਤੇ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ, “ਮਹਿੰਦਰ ਸਿੰਘ ਧੋਨੀ ਚੇਨਈ ਸੁਪਰ ਕਿੰਗਜ਼ ਦੇ ਟੀਮ ਮੈਂਟਰ ਵਜੋਂ ਅਹੁਦਾ ਸੰਭਾਲ ਰਹੇ ਹਨ! ਅਣਗਿਣਤ ਜਿੱਤਾਂ, ਚੁਣੌਤੀਪੂਰਨ ਸਮਿਆਂ ਅਤੇ ਦਿਲਾਂ ਵਿੱਚ ਹਮੇਸ਼ਾ ਵਸਣ ਵਾਲੀਆਂ ਯਾਦਾਂ ਰਾਹੀਂ ਐੱਮ.ਐੱਸ. ਸ਼ੁਰੂ ਤੋਂ ਹੀ ਸਾਡੇ ਸਫ਼ਰ ਦੀ ਜਾਨ ਰਹੇ ਹਨ। ਸਾਨੂੰ ਸ਼ਾਨਦਾਰ ਜਿੱਤਾਂ ਦਿਵਾਉਣ ਤੋਂ ਲੈ ਕੇ ਸੁਪਰ ਕਿੰਗਜ਼ ਦੀ ਅਗਲੀ ਪੀੜ੍ਹੀ ਦਾ ਮਾਰਗਦਰਸ਼ਨ ਕਰਨ ਤੱਕ, ‘ਥਾਲਾ’ ਹਮੇਸ਼ਾ ਸਾਡੀ ਪਛਾਣ ਦਾ ਹਿੱਸਾ ਰਹਿਣਗੇ ਅਤੇ ਚੇਨਈ ਹਮੇਸ਼ਾ ਉਨ੍ਹਾਂ ਦਾ ਘਰ ਰਹੇਗਾ।”
