ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਰਵੱਈਏ ਖ਼ਿਲਾਫ਼ 21-22 ਅਕਤੂਬਰ ਨੂੰ ਸਮੂਹਿਕ ਛੁੱਟੀ ਲੈਣ ਦੇ ਦੂਜੇ ਦਿਨ ਬਲਾਕ ਗੜ੍ਹਸ਼ੰਕਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਗਾਂਧੀ ਪਾਰਕ ਵਿਖੇ ਰੋਸ ਰੈਲੀ ਕੀਤੀ। ਇਸ ਤੋਂ ਬਾਅਦ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਹ ਪ੍ਰਦਰਸ਼ਨ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ’ਤੇ ਆਧਾਰਿਤ ਤਾਲਮੇਲ ਕਮੇਟੀ ਵੱਲੋਂ ਕੀਤਾ ਗਿਆ। ਰੈਲੀ ਅਤੇ ਮਾਰਚ ਦੀ ਅਗਵਾਈ ਮੱਖਣ ਸਿੰਘ ਵਾਹਿਦਪੁਰੀ, ਮੁਕੇਸ਼ ਕੁਮਾਰ, ਸ਼ਾਮ ਸੁੰਦਰ ਕਪੂਰ, ਅਮਰੀਕ ਸਿੰਘ, ਬਲਬੀਰ ਖਾਨਪੁਰੀ, ਜੀਤ ਬਣਵਾਈ, ਹੰਸ ਰਾਜ ਗੜ੍ਹਸ਼ੰਕਰ ਅਤੇ ਜਸਵਿੰਦਰ ਕੁਮਾਰ ਨੇ ਕੀਤੀ।

ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਤਾਲਮੇਲ ਕਮੇਟੀ ਨਾਲ ਹੋਈ ਮੀਟਿੰਗ ਦੌਰਾਨ ਵਾਅਦਾ ਕੀਤਾ ਸੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੇ ਹੱਲ ਲਈ ਹਰ ਮਹੀਨੇ ਦੇ ਪਹਿਲੇ ਹਫ਼ਤੇ ਤਾਲਮੇਲ ਕਮੇਟੀ ਨਾਲ ਮੀਟਿੰਗ ਕੀਤੀ ਜਾਵੇਗੀ। ਪਰ ਮੁੱਖ ਮੰਤਰੀ ਪਹਿਲਾਂ ਵਾਂਗ ਆਪਣੇ ਇਸ ਵਾਅਦੇ ਤੋਂ ਵੀ ਪਿੱਛੇ ਹਟ ਗਏ। ਇਸ ਕਾਰਨ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਰੋਸ ਤੇ ਗੁੱਸਾ ਵੱਡੇ ਸੰਘਰਸ਼ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਇਸ ਵਿੱਚ 10 ਅਕਤੂਬਰ ਨੂੰ ਸੰਗਰੂਰ ਵਿਖੇ ਕੀਤੀ ਗਈ ਵਿਸ਼ਾਲ ਰੋਸ ਰੈਲੀ ਅਤੇ 21-22 ਅਕਤੂਬਰ ਨੂੰ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਸੂਬੇ ਭਰ ਵਿੱਚ ਰੋਸ ਰੈਲੀਆਂ ਤੇ ਮੁਜ਼ਾਹਰੇ ਕਰਨਾ ਸ਼ਾਮਲ ਹੈ।

ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਬਕਾਏ ਸਮੇਤ ਜਾਰੀ ਕੀਤੀਆਂ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਪੈਨਸ਼ਨਰਾਂ ਦੀ ਪੈਨਸ਼ਨ ਦੁਹਰਾਈ ਲਈ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ, ਸਾਰੇ ਮਾਣ-ਭੱਤਾ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਹੇਠ ਲਿਆਂਦਾ ਜਾਵੇ, ਬੰਦ ਕੀਤੇ ਭੱਤੇ ਬਹਾਲ ਕੀਤੇ ਜਾਣ, 17-07-2020 ਅਤੇ 15-01-2015 ਦੇ ਮੁਲਾਜ਼ਮ ਵਿਰੋਧੀ ਪੱਤਰ ਰੱਦ ਕੀਤੇ ਜਾਣ, ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਖਾਲੀ ਅਸਾਮੀਆਂ ਨਿਯਮਤ ਆਧਾਰ ’ਤੇ ਤੁਰੰਤ ਭਰੀਆਂ ਜਾਣ, ਲੋੜ ਅਨੁਸਾਰ ਢੁਕਵੀਆਂ ਅਸਾਮੀਆਂ ਸਿਰਜੀਆਂ ਜਾਣ ਅਤੇ ਵਧਦੀ ਮਹਿੰਗਾਈ ਨੂੰ ਨੱਥ ਪਾਈ ਜਾਵੇ। ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਸਰਕਾਰ ਦੀ ਬੇਰੁਖ਼ੀ ਉਸ ਨੂੰ ਬਹੁਤ ਮਹਿੰਗੀ ਪਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਤਾਲਮੇਲ ਕਮੇਟੀ ਵੱਲੋਂ ਜੋ ਵੀ ਸੰਘਰਸ਼ ਉਲੀਕਿਆ ਜਾਵੇਗਾ, ਉਸ ਵਿੱਚ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਵੱਧ-ਚੜ੍ਹ ਕੇ ਹਿੱਸਾ ਲੈਣਗੇ।

ਇਸ ਮੌਕੇ ਨਰੇਸ਼ ਕੁਮਾਰ, ਬਲਬੀਰ ਖਾਨਪੁਰੀ, ਪ੍ਰਿੰਸੀਪਲ ਬਿੱਕਰ ਸਿੰਘ, ਗੁਰਨਾਮ ਸਿੰਘ ਹਾਜੀਪੁਰ, ਵਿਨੈ ਕੁਮਾਰ, ਵਿਨੋਦ ਕੁਮਾਰ ਰਾਣਾ, ਨਰਿੰਦਰ ਕੁਮਾਰ, ਮਨਜੀਤ ਸਿੰਘ ਬੰਗਾ, ਪਵਨ ਗੋਇਲ, ਸਤਪਾਲ ਕਲੇਰ, ਪਵਨ ਕੁਮਾਰ ਗੜ੍ਹੀ, ਬਲਵੰਤ ਰਾਮ, ਮੇਜਰ ਸਿੰਘ, ਪਰਮਿੰਦਰ ਪੱਖੋਵਾਲ, ਸ਼ਿੰਗਾਰਾ ਰਾਮ, ਬਿੱਕਰ ਸਿੰਘ, ਗੁਰਨਾਮ ਸਿੰਘ ਹਾਜੀਪੁਰ, ਗੁਰਮੇਲ ਸਿੰਘ, ਜੋਗਿੰਦਰ ਸਿੰਘ ਹੀਰ, ਮਨਜੀਤ ਅਰਮਾਨ, ਜਰਨੈਲ ਡਘਾਮ, ਸੰਦੀਪ ਕੁਮਾਰ, ਗੁਰਨੀਤ ਕੁਮਾਰ, ਬੇਦੀ ਮੋਇਲਾ, ਰਮਨ ਕੁਮਾਰ, ਦਲਵੀਰ ਸਿੰਘ, ਅਨੁਪਮ ਸ਼ਰਮਾ, ਰੇਸ਼ਮ ਕੌਰ, ਕਾਂਤਾ ਰਾਣੀ, ਗੁਰਬਖ਼ਸ਼ ਕੌਰ, ਸਾਰਿਕਾ, ਗੀਤਾਂਜਲੀ, ਕਮਲਜੀਤ ਕੌਰ, ਮਨਜੀਤ ਸਿੰਘ, ਪਰਮਿੰਦਰ ਕੁਮਾਰ, ਜਤਿੰਦਰ ਕੁਮਾਰ, ਅਸ਼ੋਕ ਕੁਮਾਰ, ਰਾਕੇਸ਼ ਕੁਮਾਰ, ਨਰਿੰਦਰ ਕੁਮਾਰ, ਸੰਜੀਵ ਕੁਮਾਰ, ਰਾਕੇਸ਼ ਕੁਮਾਰ, ਜਸਵਿੰਦਰ ਸਿੰਘ, ਰਾਮ ਸਰੂਪ, ਪਰਮਜੀਤ ਸਿੰਘ, ਰਾਮ ਕੁਮਾਰ ਅਤੇ ਮੋਹਨ ਸਿੰਘ ਹਾਜ਼ਰ ਸਨ।