ਗੜ੍ਹਸ਼ੰਕਰ, 21 ਨਵੰਬਰ (ਹਰੀ ਕ੍ਰਿਸ਼ਨ ਗੰਗੜ):- ਜਨਗਣਨਾ ਵਿੱਚ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀਆਂ ਡਿਊਟੀਆਂ ਲਗਾਉਣ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਡਬਲ ਡਿਊਟੀਆਂ ਦੇ ਮੁੱਦੇ ਸਬੰਧੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ), ਪੰਜਾਬ ਦੀ ਗੜ੍ਹਸ਼ੰਕਰ ਇਕਾਈ ਦੇ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ ਦੀ ਅਗਵਾਈ ਹੇਠ ਐਸਡੀਐਮ ਗੜ੍ਹਸ਼ੰਕਰ ਦੇ ਮਾਰਗਦਰਸ਼ਨ ਵਿੱਚ ਨਾਇਬ ਤਹਿਸੀਲਦਾਰ ਅਭਿਸ਼ੇਕ ਵਰਮਾ ਨਾਲ ਮੀਟਿੰਗ ਕੀਤੀ। ਡੀਟੀਐੱਫ ਆਗੂਆਂ ਵਿਨੈ ਕੁਮਾਰ ਅਤੇ ਮਨਜੀਤ ਸਿੰਘ ਬੰਗਾ ਨੇ ਦੱਸਿਆ ਕਿ ਵਫ਼ਦ ਨੇ ਮੰਗ ਕੀਤੀ ਕਿ ਜਿਨ੍ਹਾਂ ਅਧਿਆਪਕਾਂ ਦੀ ਬੀਐੱਲਓ ਅਤੇ ਜਨਗਣਨਾ ਸੁਪਰਵਾਈਜ਼ਰ/ਗਿਣਤੀਕਾਰ ਵਜੋਂ ਡਬਲ ਡਿਊਟੀ ਲਗਾਈ ਗਈ ਹੈ, ਉਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਡਿਊਟੀ ਲਗਾਈ ਜਾਵੇ। ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਘਰ-ਘਰ ਜਾ ਕੇ ਸਵੈ-ਜਨਗਣਨਾ ਕਰਵਾਉਣ ਦਾ ਕੰਮ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਤੋਂ ਨਾ ਲੈਣ ਦੀ ਮੰਗ ਵੀ ਰੱਖੀ ਗਈ, ਜਿਸ ’ਤੇ ਨਾਇਬ ਤਹਿਸੀਲਦਾਰ ਨੇ ਸਹਿਮਤੀ ਦਿੱਤੀ।

ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਤੋਂ ਹਰ ਰੋਜ਼ ਸ਼ਾਮ ਨੂੰ ਰਿਪੋਰਟ ਲੈਣ ਦੀ ਪ੍ਰਕਿਰਿਆ ਬੰਦ ਕੀਤੀ ਜਾਵੇ। ਨਾਇਬ ਤਹਿਸੀਲਦਾਰ ਨੇ ਕਿਹਾ ਕਿ ਅਜਿਹੀ ਰਿਪੋਰਟ ਦੀ ਕੋਈ ਲੋੜ ਨਹੀਂ ਹੈ।

ਵਿਦਿਆਰਥੀਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦਿਆਂ ਅਧਿਆਪਕਾਂ ਨੂੰ 30 ਨਵੰਬਰ ਤੱਕ ਸਕੂਲਾਂ ਵਿੱਚ ਹੀ ਰਹਿਣ ਦੇਣ ਦੀ ਮੰਗ ਵੀ ਕੀਤੀ ਗਈ, ਜਿਸ ’ਤੇ ਉਨ੍ਹਾਂ ਸਹਿਮਤੀ ਜਤਾਈ।

ਸਕੂਲਾਂ ਵਿੱਚ ਦੌਰਿਆਂ ਦੌਰਾਨ ਤਹਿਸੀਲਦਾਰ ਵੱਲੋਂ ਅਧਿਆਪਕਾਂ, ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨਾਲ ਕਥਿਤ ਧਮਕੀ ਭਰੇ ਅਤੇ ਮਾੜੇ ਵਿਹਾਰ ਦਾ ਜਥੇਬੰਦੀ ਨੇ ਡਟਵਾਂ ਵਿਰੋਧ ਦਰਜ ਕਰਵਾਇਆ। ਡੀਟੀਐੱਫ ਨੇ ਸਪੱਸ਼ਟ ਕੀਤਾ ਕਿ ਅਧਿਆਪਕਾਂ ਨਾਲ ਇਸ ਤਰ੍ਹਾਂ ਦਾ ਵਰਤਾਓ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਵਫ਼ਦ ਵਿੱਚ ਸੂਬਾ ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਜ਼ਿਲ੍ਹਾ ਆਗੂ ਰਮੇਸ਼ ਮਲਕੋਵਾਲ, ਜਰਨੈਲ ਡਘਾਮ, ਮਨਜੀਤ ਸਿੰਘ, ਸੁਭਾਸ਼ ਕੁਮਾਰ, ਨਿਰਮਲ ਸਿੰਘ, ਨਰੇਸ਼ ਕੁਮਾਰੀ, ਰਜਨੀ ਕੁਮਾਰੀ, ਜਸਪ੍ਰੀਤ ਕੌਰ ਆਦਿ ਹਾਜ਼ਰ ਸਨ।