ਚੰਡੀਗੜ੍ਹ, 22 ਅਕਤੂਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਹੁਣ ਸਵਰਨ ਜਯੰਤੀ ਗੁਰੂ ਦਰਸ਼ਨ ਯਾਤਰਾ, ਕੈਲਾਸ਼ ਮਾਨਸਰੋਵਰ ਯਾਤਰਾ ਅਤੇ ਸਿੰਧੂ ਦਰਸ਼ਨ ਯਾਤਰਾ ਲਈ 100-100 ਸ਼ਰਧਾਲੂਆਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਹੁਣ ਤੱਕ ਇਨ੍ਹਾਂ ਤਿੰਨਾਂ ਯਾਤਰਾਵਾਂ ਤਹਿਤ ਹਰ ਸਾਲ 50-50 ਸ਼ਰਧਾਲੂਆਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ਯਾਤਰਾਵਾਂ ਲਈ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਹੁਣ ਪੋਰਟਲ ਰਾਹੀਂ ਆਨਲਾਈਨ ਕੀਤੀ ਜਾਵੇਗੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਨਿਰਦੇਸ਼ ਵੀਰਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿਖੇ ਹਰਿਆਣਾ ਵਿਜ਼ਨ-2047 ਤਹਿਤ ਸੈਰ-ਸਪਾਟਾ ਵਿਭਾਗ ਦੀ ਅਗਲੇ ਪੰਜ ਸਾਲਾਂ ਦੀ ਕਾਰਜ ਯੋਜਨਾ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ। ਉਨ੍ਹਾਂ ਨੇ ਸੈਰ-ਸਪਾਟਾ ਵਿਭਾਗ ਦੀ ਕਾਰਜਪ੍ਰਣਾਲੀ ਵਿੱਚ ਹੋਰ ਸੁਧਾਰ ਕਰਨ ਅਤੇ ਹਰਿਆਣਾ ਨੂੰ ਸੈਰ-ਸਪਾਟਾ ਹੱਬ ਬਣਾਉਣ ਸਬੰਧੀ ਅਧਿਕਾਰੀਆਂ ਨੂੰ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਦਿੱਤੇ।
ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਸਵਰਨ ਜਯੰਤੀ ਗੁਰੂ ਦਰਸ਼ਨ ਯਾਤਰਾ ਲਈ ਪ੍ਰਤੀ ਸ਼ਰਧਾਲੂ 20 ਹਜ਼ਾਰ ਰੁਪਏ, ਕੈਲਾਸ਼ ਮਾਨਸਰੋਵਰ ਯਾਤਰਾ ਲਈ ਪ੍ਰਤੀ ਸ਼ਰਧਾਲੂ 50 ਹਜ਼ਾਰ ਰੁਪਏ ਅਤੇ ਸਿੰਧੂ ਦਰਸ਼ਨ ਯਾਤਰਾ ਲਈ ਪ੍ਰਤੀ ਸ਼ਰਧਾਲੂ 20 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਇਨ੍ਹਾਂ ਤਿੰਨਾਂ ਯਾਤਰਾਵਾਂ ਤਹਿਤ ਹਰ ਸਾਲ 50-50 ਸ਼ਰਧਾਲੂਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਮੁੱਖ ਮੰਤਰੀ ਨੇ ਇਨ੍ਹਾਂ ਤਿੰਨਾਂ ਯਾਤਰਾਵਾਂ ਲਈ ਹਰ ਸਾਲ ਸ਼ਰਧਾਲੂਆਂ ਦੀ ਗਿਣਤੀ 50-50 ਤੋਂ ਵਧਾ ਕੇ 100-100 ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ ਬਣਾਇਆ ਜਾਵੇ ਅਤੇ ਰਜਿਸਟ੍ਰੇਸ਼ਨ ਇਸੇ ਰਾਹੀਂ ਕੀਤੀ ਜਾਵੇ। ਸਿਰਫ਼ ਰਜਿਸਟਰਡ ਸ਼ਰਧਾਲੂਆਂ ਨੂੰ ਹੀ ਵਿੱਤੀ ਸਹਾਇਤਾ ਦਾ ਲਾਭ ਮਿਲੇਗਾ।
ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਹਰਿਆਣਾ ਵਿੱਚ ਮੌਜੂਦਾ ਸਮੇਂ ਸੈਰ-ਸਪਾਟਾ ਵਿਭਾਗ ਕੋਲ 42 ਸੈਰ-ਸਪਾਟਾ ਕੰਪਲੈਕਸ, 21 ਬੈਂਕੁਇਟ ਅਤੇ ਕਨਵੈਨਸ਼ਨ ਹਾਲ, 35 ਕਾਨਫਰੰਸ ਹਾਲ, 842 ਏਅਰ ਕੰਡੀਸ਼ਨਡ ਕਮਰੇ, 8 ਡੌਰਮਿਟਰੀਆਂ, 243 ਦੁਕਾਨਾਂ ਅਤੇ 1,192 ਏਕੜ ਜ਼ਮੀਨ ਦੇ ਰੂਪ ਵਿੱਚ ਸੈਰ-ਸਪਾਟੇ ਨਾਲ ਸਬੰਧਤ ਬੁਨਿਆਦੀ ਢਾਂਚਾ ਮੌਜੂਦ ਹੈ। ਸੂਬੇ ਵਿੱਚ ਹੋਟਲ ਪ੍ਰਬੰਧਨ ਦੇ ਪੰਜ ਸੰਸਥਾਨ ਅਤੇ 15 ਪੈਟਰੋਲ ਪੰਪ ਵੀ ਚਲਾਏ ਜਾ ਰਹੇ ਹਨ।
ਸੈਰ-ਸਪਾਟਾ ਵਿਭਾਗ ਦੇ ਮਹੱਤਵਪੂਰਨ ਸਥਾਨਾਂ ਦੇ ਪੁਨਰ-ਵਿਕਾਸ ਦੇ ਨਿਰਦੇਸ਼
ਮੁੱਖ ਮੰਤਰੀ ਨੇ ਕਿਹਾ ਕਿ ਸੈਰ-ਸਪਾਟਾ ਵਿਭਾਗ ਦੇ ਮਹੱਤਵਪੂਰਨ ਸਥਾਨਾਂ ਦਾ ਲੋੜ ਅਨੁਸਾਰ ਪੁਨਰ-ਵਿਕਾਸ ਕੀਤਾ ਜਾਵੇ ਅਤੇ ਵਿਆਪਕ ਜਨਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਜਿਹੜੇ ਸਥਾਨ ਲੀਜ਼ ਜਾਂ ਪੀਪੀਪੀ ਮੋਡ ਰਾਹੀਂ ਚਲਾਏ ਜਾ ਸਕਦੇ ਹਨ, ਉਨ੍ਹਾਂ ਨੂੰ ਨਿੱਜੀ ਕੰਪਨੀਆਂ ਰਾਹੀਂ ਵਿਕਸਤ ਕਰਵਾਇਆ ਜਾਵੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਵੈਡ ਇਨ ਇੰਡੀਆ’ ਵਿਜ਼ਨ ਤਹਿਤ ਪਿੰਜੌਰ ਵਿੱਚ ਵੈਡਿੰਗ ਸਿਟੀ ਸਥਾਪਤ ਕਰਨ, ਯਮੁਨਾਨਗਰ ਵਿੱਚ ਸੂਰਜ ਮੰਦਰ ਦਾ ਨਵੀਨੀਕਰਨ ਕਰਨ, ਫਰੀਦਾਬਾਦ ਵਿੱਚ ਗੋਲਫ ਕੋਰਸ ਵਿਕਸਤ ਕਰਨ ਅਤੇ ਵਾਟਰ ਸਪੋਰਟਸ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਸਬੰਧੀ ਵੀ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਦਿੱਤੇ।
ਫਾਰਮ ਸਟੇਅ ਅਤੇ ਹੋਮਸਟੇ ਨਾਲ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਵਧਣਗੇ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਜ਼ਨ-2030 ਤਹਿਤ ਖੇਤੀਬਾੜੀ-ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਫਾਰਮ ਸਟੇਅ ਅਤੇ ਹੋਮਸਟੇ ਇਕਾਈਆਂ ਦੀ ਰਜਿਸਟ੍ਰੇਸ਼ਨ, ਮਾਰਕੀਟਿੰਗ ਅਤੇ ਪ੍ਰਚਾਰ-ਪ੍ਰਸਾਰ ਦੀ ਯੋਜਨਾ ਵਿੱਚ ਲੋੜ ਅਨੁਸਾਰ ਸੋਧ ਕੀਤੀ ਜਾਵੇ। ਉਨ੍ਹਾਂ ਨੇ ਸੂਬੇ ਵਿੱਚ ਮੌਜੂਦਾ 38 ਰਜਿਸਟਰਡ ਫਾਰਮ ਸਟੇਅ ਅਤੇ 11 ਹੋਮਸਟੇ ਦੀ ਗਿਣਤੀ ਵਧਾ ਕੇ 100 ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸੈਰ-ਸਪਾਟੇ ਨਾਲ ਜੁੜੀਆਂ ਇਕਾਈਆਂ ਨੂੰ ਆਨਲਾਈਨ ਪਲੇਟਫਾਰਮ ਨਾਲ ਜੋੜਨ ਅਤੇ ਸੈਲਾਨੀਆਂ ਲਈ ਪੇਂਡੂ ਜੀਵਨ, ਸਥਾਨਕ ਖਾਣ-ਪੀਣ ਅਤੇ ਰਵਾਇਤੀ ਤਜਰਬਿਆਂ ਨੂੰ ਆਕਰਸ਼ਕ ਢੰਗ ਨਾਲ ਪੇਸ਼ ਕਰਨ ਦੀ ਯੋਜਨਾ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।
ਸਥਾਨਕ ਉਤਪਾਦਾਂ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਮਿਲੇਗਾ ਉਤਸ਼ਾਹ
ਮੁੱਖ ਮੰਤਰੀ ਨੇ ਕਿਹਾ ਕਿ ਪੇਂਡੂ ਸੈਰ-ਸਪਾਟੇ ਨੂੰ ਸਥਾਨਕ ਅਰਥਵਿਵਸਥਾ ਨਾਲ ਜੋੜਨ ਲਈ ਸੈਰ-ਸਪਾਟਾ ਸੂਚਨਾ ਕੇਂਦਰਾਂ ’ਤੇ ਸਵੈ-ਸਹਾਇਤਾ ਸਮੂਹਾਂ ਦੇ ਉਤਪਾਦਾਂ, ਹੈਂਡੀਕ੍ਰਾਫਟ ਅਤੇ ਸਥਾਨਕ ਖਾਣ-ਪੀਣ ਦੀਆਂ ਵਸਤਾਂ ਨੂੰ ਪ੍ਰਦਰਸ਼ਿਤ ਕਰਨ ਦੀ ਯੋਜਨਾ ਬਣਾਈ ਜਾਵੇ। ਇਸ ਨਾਲ ਪੇਂਡੂ ਉੱਦਮੀਆਂ, ਮਹਿਲਾਵਾਂ ਅਤੇ ਸਥਾਨਕ ਕਾਰੀਗਰਾਂ ਨੂੰ ਆਪਣੇ ਉਤਪਾਦਾਂ ਦੇ ਪ੍ਰਚਾਰ ਅਤੇ ਵਿਕਰੀ ਦੇ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਅਤੇ ਹੋਰ ਸੈਰ-ਸਪਾਟਾ ਸਥਾਨਾਂ ’ਤੇ ਇਸ ਮਾਡਲ ਨੂੰ ਪੜਾਅਵਾਰ ਢੰਗ ਨਾਲ ਵਿਕਸਤ ਕੀਤਾ ਜਾਵੇ।
ਮਿਲੇਟ ਮਹੋਤਸਵ ਅਤੇ ਜੈਵਿਕ ਫਾਰਮ ਸਟੇਅ ਨਾਲ ਵਧੇਗਾ ਸੈਰ-ਸਪਾਟੇ ਦਾ ਆਕਰਸ਼ਣ
ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ-ਸੈਰ-ਸਪਾਟੇ ਨੂੰ ਨਵੇਂ ਤਜਰਬਿਆਂ ਨਾਲ ਜੋੜਨ ਲਈ ਇਸੇ ਸਾਲ ਗੁਰੂਗ੍ਰਾਮ ਵਿੱਚ ਮਿਲੇਟ ਮਹੋਤਸਵ ਕਰਵਾਉਣ ਦੀ ਤਿਆਰੀ ਕੀਤੀ ਜਾਵੇ। ਇਸ ਰਾਹੀਂ ਮੋਟੇ ਅਨਾਜ, ਰਵਾਇਤੀ ਖਾਣ-ਪੀਣ ਅਤੇ ਖੇਤੀਬਾੜੀ-ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਪੱਕ ਕੇ ਤਿਆਰ ਹੋਈ ਸਰ੍ਹੋਂ ਅਤੇ ਕਣਕ, ਨਾਰਨੌਲ ਵੱਲ ਲਿਲੀ ਫਲਾਵਰ ਅਤੇ ਸ਼ਾਹਬਾਦ ਦੇ ਆਸ-ਪਾਸ ਸੂਰਜਮੁਖੀ ਦੀ ਖੇਤੀ ਵਾਲੇ ਸਥਾਨਾਂ ’ਤੇ ਵਿਸ਼ੇਸ਼ ਮੇਲੇ ਲਗਾਉਣ ਦੀ ਯੋਜਨਾ ਬਣਾਈ ਜਾਵੇ, ਤਾਂ ਜੋ ਇਨ੍ਹਾਂ ਸਥਾਨਾਂ ਨੂੰ ਵੀ ਸੈਰ-ਸਪਾਟਾ ਸਥਾਨਾਂ ਵਜੋਂ ਵਿਕਸਤ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਵਿਭਾਗ ਨਾਲ ਸਬੰਧਤ ਮੁੱਖ ਮੰਤਰੀ ਦੀਆਂ ਘੋਸ਼ਣਾਵਾਂ, ਬਜਟ ਘੋਸ਼ਣਾਵਾਂ, ਸੰਕਲਪ ਪੱਤਰ ਵਿੱਚ ਕੀਤੇ ਵਾਅਦਿਆਂ ਅਤੇ ਸੀਐੱਮ ਗ੍ਰੀਵੈਂਸ ਪੋਰਟਲ ’ਤੇ ਪ੍ਰਾਪਤ ਸ਼ਿਕਾਇਤਾਂ ਦੀ ਵੀ ਸਮੀਖਿਆ ਕੀਤੀ ਅਤੇ ਇਨ੍ਹਾਂ ਸਬੰਧੀ ਅਧਿਕਾਰੀਆਂ ਨੂੰ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਸ੍ਰੀ ਯਸ਼ਪਾਲ ਯਾਦਵ, ਮੁੱਖ ਮੰਤਰੀ ਦੇ ਓਐੱਸਡੀ ਅਤੇ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਡਾਇਰੈਕਟਰ ਜਨਰਲ ਡਾ. ਰਾਜ ਨੇਹਰੂ ਅਤੇ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਸ੍ਰੀ ਪਾਰਥ ਗੁਪਤਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
