ਨਵਾਂਸਹਿਰ- ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪਰ ਮਨ ਨੂੰ ਸਮਰਪਿਤ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਜਿਲਾ ਪੱਧਰ ਤੇ 28 ਤੋਂ 30 ਨਵੰਬਰ ਤੱਕ ਵਿਸ਼ਾਲ ਗੁਰਮਤਿ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਨਵਾਂ ਸ਼ਹਿਰ ਵਿਖੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਸਾਂਝੇ ਕਰਦੇ ਹੋਏ ਗੁਰਦੁਆਰਾ ਮੰਜੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਾਰੰਗ ਸਿੰਘ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਖਾਲਸਾ ਸਕੂਲ ਵਿਖੇ ਕਰਵਾਏ ਗਏ ਮਹਾਨ ਕੀਰਤਨ ਦਰਬਾਰ ਦੀ ਸਫਲਤਾਪੂਰਵਕ ਸੰਪੂਰਨਤਾ ਉਪਰੰਤ ਹੁਣ ਵਿਸ਼ਾਲ ਗੁਰਮਤਿ ਸਮਾਗਮ ਕਰਾਉਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ।
 ਜਿਨਾਂ ਵਿੱਚ 28 ਨਵੰਬਰ ਨੂੰ ਨਵਾਂਸ਼ਹਿਰ ਵਿਖੇ ਇਕ ਜਿਲ੍ਹਾ ਪੱਧਰ ਦਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਨਗਰ ਕੀਰਤਨ ਨੂੰ ਸਜਾਉਣ  ਵਿੱਚ ਸਮੁੱਚੇ ਇਲਾਕੇ ਭਰ ਦੀਆਂ ਸੰਗਤਾਂ, ਧਾਰਮਿਕ, ਸਮਾਜ ਸੇਵੀ, ਵਪਾਰਕ, ਵਿਦਿਅਕ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ਲਿਆ ਜਾਵੇਗਾ। 
ਉਹਨਾਂ ਦੱਸਿਆ ਕਿ ਇਸ ਨਗਰ ਕੀਰਤਨ ਨੂੰ ਇਤਿਹਾਸਿਕ ਬਣਾਉਣ ਲਈ ਸ਼ਹਿਰ ਅਤੇ ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਨਾਲ ਸੰਪਰਕ ਕਰਨ ਲਈ ਮੀਟਿੰਗਾਂ ਜਾਰੀ ਹਨ ਅਤੇ ਇਸ ਵਿੱਚ ਸਮਾਜ ਦੇ ਸਭ ਵਰਗਾਂ ਦਾ ਸਹਿਯੋਗ ਅਤੇ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। 
ਨਗਰ ਕੀਰਤਨ ਤੋਂ ਇਲਾਵਾ 29 ਅਤੇ 30 ਨਵੰਬਰ ਨੂੰ ਰਾਤ ਦੇ ਗੁਰਮਤਿ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਰਵਾਏ ਜਾਣਗੇ ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜੱਥੇ, ਕਥਾਵਾਚਕ  ਢਾਡੀ ਅਤੇ ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰਬਾਣੀ, ਗੁਰਮਤਿ ਵਿਚਾਰਾਂ, ਅਤੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਇਤਿਹਾਸ ਨਾਲ ਜੋੜਨਗੇ।
 ਉਹਨਾਂ ਦੱਸਿਆ ਕਿ ਇਹਨਾਂ ਸਮਾਗਮਾਂ ਨੂੰ ਚੜ੍ਹਦੀ ਕਲਾ ਨਾਲ ਕਰਾਉਣ ਲਈ ਹਿੰਦੂ ਭਾਈਚਾਰੇ, ਸ਼ਹਿਰ ਦੀਆਂ ਸਮੂਹ ਮੰਦਰ ਕਮੇਟੀਆਂ ਅਤੇ ਸਨਾਤਨੀ ਸੰਸਥਾਵਾਂ ਵਲੋਂ ਭਰਪੂਰ ਸਹਿਯੋਗ ਅਤੇ ਸਮਰੱਥਨ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਦੀਆਂ ਅਲੱਗ ਅਲੱਗ ਸੰਸਥਾਵਾਂ ਦੀ ਇਕ ਮੀਟਿੰਗ ਬੁੱਧਵਾਰ ਸ਼ਾਮ ਨੂੰ ਬੁਲਾਈ ਗਈ ਹੈ ਜਿਸ ਵਿਚ ਇਨ੍ਹਾਂ ਸਮਾਗਮਾਂ ਦੀ ਰੂਪ ਰੇਖਾ ਉਲੀਕੀ ਜਾਵੇਗੀ।
ਇਸ ਮੌਕੇ ਉਨ੍ਹਾਂ ਨਾਲ ਦੀਦਾਰ ਸਿੰਘ ਗਹੂੰਣ ਉਪ ਮੁੱਖ ਸੇਵਾਦਾਰ, ਤਰਲੋਚਨ ਸਿੰਘ ਖੜਕੜ ਕਲਾਂ,  ਜਗਦੀਪ ਸਿੰਘ ਕੈਸ਼ੀਅਰ,  ਕੁਲਜਿੰਦਰਜੀਤ ਸਿੰਘ ਸੋਢੀ ਬੰਗਾ, ਸੁਖਵਿੰਦਰ ਸਿੰਘ ਗੋਬਿੰਦਪੁਰ, ਮੁਖਵਿੰਦਰਪਾਲ ਸਿੰਘ, ਊਧਮ ਸਿੰਘ ਗੋਬਿੰਦਪੁਰ, ਸੋਹਣ ਸਿੰਘ, ਸਤਬੀਰ ਸਿੰਘ ਗੋਨੀ, ਇਕਬਾਲ ਸਿੰਘ ਅਤੇ ਗਿਆਨੀ ਸੁਖਦੇਵ ਸਿੰਘ ਵੀ ਮੌਜੂਦ ਸਨ।