ਕਪੂਰਥਲਾ (ਜੱਸਪ੍ਰੀਤ ਸਿੰਘ ਧਿੰਜਣ):- ਭਾਸ਼ਾ ਵਿਭਾਗ, ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਅਤੇ ਕਾਵਿ-ਗਾਇਨ ਮੁਕਾਬਲੇ-2026 ਦਾ ਆਯੋਜਨ ਗੁਰੂ ਨਾਨਕ ਬੀ.ਐੱਡ. ਕਾਲਜ, ਕਪੂਰਥਲਾ ਵਿਖੇ ਬੜੇ ਉਤਸ਼ਾਹ ਨਾਲ ਕੀਤਾ ਗਿਆ।
ਇਸ ਸਮਾਗਮ ਵਿੱਚ ਕੌਮਾਂਤਰੀ ਸ਼ਾਇਰ ਸ. ਕੰਵਰ ਇਕਬਾਲ ਸਿੰਘ, ਜ਼ਿਲ੍ਹਾ ਇੰਚਾਰਜ, ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਅਤੇ ਪੰਜਾਬ ਸਟੇਟ ਕਾਊਂਸਿਲ ਫ਼ਾਰ ਸਾਇੰਸ ਐਂਡ ਤਕਨਾਲੋਜੀ ਦੀ ਕੈਬਨਿਟ ਕਮੇਟੀ ਦੇ ਮੈਂਬਰ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਡਾ. ਹਰਭਜਨ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਇਹ ਮੁਕਾਬਲੇ ਚਾਰ ਮੁੱਖ ਵਿਧਾਵਾਂ—ਕਵਿਤਾ ਲਿਖਣ, ਲੇਖ ਰਚਨਾ, ਕਹਾਣੀ ਰਚਨਾ ਅਤੇ ਕਾਵਿ-ਗਾਇਨ—ਵਿੱਚ ਕਰਵਾਏ ਗਏ, ਜਿਨ੍ਹਾਂ ਵਿੱਚ ਜ਼ਿਲ੍ਹੇ ਦੀਆਂ ਲਗਭਗ 25 ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਇਨ੍ਹਾਂ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਡਾ. ਸਰਦੂਲ ਸਿੰਘ ਔਜਲਾ, ਡਿਪਸ ਕਾਲਜ, ਢਿੱਲਵਾਂ; ਡਾ. ਜਸਦੀਪ ਕੌਰ, ਹਿੰਦੂ ਕੰਨਿਆ ਕਾਲਜ, ਕਪੂਰਥਲਾ; ਡਾ. ਕੁਲਦੀਪ ਚੌਹਾਨ, ਪੰਜਾਬੀ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਗਤਪੁਰ ਜੱਟਾਂ; ਅਤੇ ਸ. ਅਰਜਨਜੀਤ ਸਿੰਘ, ਮੈਥ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਗਤਪੁਰ ਜੱਟਾਂ ਨੇ ਨਿਰਪੱਖ ਅਤੇ ਸੁਚੱਜੇ ਢੰਗ ਨਾਲ ਨਿਭਾਈ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਸੇਵਾ ਕਵਿੱਤਰੀ, ਸਪੀਕਰ ਅਤੇ ਹੀਲਰ ਸ਼੍ਰੀਮਤੀ ਨੀਤ ਨਰਿੰਦਰ ਕੌਰ ਨੇ ਕੁਸ਼ਲਤਾਪੂਰਵਕ ਨਿਭਾਈ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ. ਕੰਵਰ ਇਕਬਾਲ ਸਿੰਘ ਨੇ ਕਿਹਾ, “ਵਿੱਦਿਆ ਹੀ ਮਨੁੱਖ ਦਾ ਤੀਜਾ ਨੇਤਰ ਹੈ। ਅਜਿਹੇ ਸਾਹਿਤਕ ਮੁਕਾਬਲਿਆਂ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਦਾ ਨਾ ਸਿਰਫ਼ ਬੌਧਿਕ ਵਿਕਾਸ ਹੁੰਦਾ ਹੈ, ਸਗੋਂ ਉਹ ਸਾਹਿਤ ਅਤੇ ਉੱਚ-ਪੱਧਰੀ ਸਾਹਿਤਕ ਸ਼ਖ਼ਸੀਅਤਾਂ ਨਾਲ ਵੀ ਜੁੜਦੇ ਹਨ।”
ਵਿਸ਼ੇਸ਼ ਮਹਿਮਾਨ ਡਾ. ਹਰਭਜਨ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਜ਼ਿਲ੍ਹਾ ਭਾਸ਼ਾ ਵਿਭਾਗ, ਕਪੂਰਥਲਾ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਲਗਾਤਾਰ ਪੰਜਾਬੀ ਸਾਹਿਤ, ਕਲਾ, ਸੱਭਿਆਚਾਰ ਅਤੇ ਪੁਸਤਕ ਸੱਭਿਆਚਾਰ ਨੂੰ ਉੱਚ ਬੁਲੰਦੀਆਂ ’ਤੇ ਲੈ ਕੇ ਜਾਣ ਲਈ ਵਚਨਬੱਧ ਹੈ।
ਸਮਾਗਮ ਦੇ ਅੰਤ ਵਿੱਚ ਸ਼੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਨੇ ਆਏ ਹੋਏ ਸਾਰੇ ਮਹਿਮਾਨਾਂ, ਨਿਰਣਾਇਕਾਂ, ਵੱਖ-ਵੱਖ ਸੰਸਥਾਵਾਂ ਤੋਂ ਆਏ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਦਾ ਪੰਜਾਬੀ ਸਾਹਿਤ ਅਤੇ ਕਲਾ ਪ੍ਰਤੀ ਉਤਸ਼ਾਹ ਦੇਖ ਕੇ ਬਹੁਤ ਖੁਸ਼ੀ ਅਤੇ ਤਸੱਲੀ ਹੁੰਦੀ ਹੈ।
ਇਨ੍ਹਾਂ ਮੁਕਾਬਲਿਆਂ ਦੀਆਂ ਚਾਰ ਵੱਖ-ਵੱਖ ਵਿਧਾਵਾਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੇਖ ਲਿਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਭਨੂਰ ਕੌਰ, ਗਿਆਰਵੀਂ ਜਮਾਤ, ਬਾਵਾ ਲਾਲਵਾਨੀ ਸਕੂਲ, ਕਪੂਰਥਲਾ ਨੇ ਹਾਸਲ ਕੀਤਾ; ਦੂਜਾ ਸਥਾਨ ਕਿਰਨਦੀਪ ਗਿੱਲ, ਬਾਰ੍ਹਵੀਂ ਜਮਾਤ, ਕੈਂਬਰਿਜ ਇੰਟਰਨੈਸ਼ਨਲ ਸਕੂਲ, ਸੁਲਤਾਨਪੁਰ ਲੋਧੀ ਨੇ ਪ੍ਰਾਪਤ ਕੀਤਾ; ਜਦਕਿ ਤੀਜਾ ਸਥਾਨ ਸਿਮਰਨਜੀਤ ਕੌਰ, ਗਿਆਰਵੀਂ ਜਮਾਤ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੈਦਪੁਰ, ਕਪੂਰਥਲਾ ਨੇ ਹਾਸਲ ਕੀਤਾ।
ਕਾਵਿ-ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਸਿਮਰਨ, ਗਿਆਰਵੀਂ ਜਮਾਤ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੈਦਪੁਰ, ਕਪੂਰਥਲਾ ਨੇ ਹਾਸਲ ਕੀਤਾ। ਦੂਜਾ ਸਥਾਨ ਮਨਜੋਤ ਕੌਰ, ਗਿਆਰਵੀਂ ਜਮਾਤ, ਸਵਾਮੀ ਸੰਤ ਦਾਸ ਪਬਲਿਕ ਸਕੂਲ, ਫਗਵਾੜਾ ਨੇ ਪ੍ਰਾਪਤ ਕੀਤਾ, ਜਦਕਿ ਤੀਜਾ ਸਥਾਨ ਰਜਨੀਤ ਕੌਰ, ਨੌਵੀਂ ਜਮਾਤ, ਡੀ.ਏ.ਵੀ. ਮਾਡਲ ਹਾਈ ਸਕੂਲ, ਕਪੂਰਥਲਾ ਨੇ ਹਾਸਲ ਕੀਤਾ।
ਕਵਿਤਾ ਲਿਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰਨੂਰ ਕੌਰ, ਅੱਠਵੀਂ ਜਮਾਤ, ਬਾਵਾ ਲਾਲਵਾਨੀ ਪਬਲਿਕ ਸਕੂਲ, ਕਪੂਰਥਲਾ ਨੇ ਹਾਸਲ ਕੀਤਾ; ਦੂਜਾ ਸਥਾਨ ਅਨੰਤ ਬੀਰ ਸਿੰਘ, ਨੌਵੀਂ ਜਮਾਤ, ਬਾਬਾ ਲਾਲਵਾਨੀ ਪਬਲਿਕ ਸਕੂਲ, ਕਪੂਰਥਲਾ ਨੇ ਪ੍ਰਾਪਤ ਕੀਤਾ; ਜਦਕਿ ਤੀਜਾ ਸਥਾਨ ਗੁਰਲੀਨ ਕੌਰ, ਦਸਵੀਂ ਜਮਾਤ, ਗੁਰੂ ਅਮਰਦਾਸ ਪਬਲਿਕ ਸਕੂਲ, ਉੱਚਾ ਬੇਟ, ਕਪੂਰਥਲਾ ਨੇ ਹਾਸਲ ਕੀਤਾ।
ਕਹਾਣੀ ਲਿਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਪਰਮਪ੍ਰੀਤ ਕੌਰ, ਨੌਵੀਂ ਜਮਾਤ, ਬਾਵਾ ਲਾਲਵਾਨੀ ਸਕੂਲ, ਕਪੂਰਥਲਾ ਨੇ ਪ੍ਰਾਪਤ ਕੀਤਾ; ਦੂਜਾ ਸਥਾਨ ਸਿਮਰਪ੍ਰੀਤ ਕੌਰ, ਸੱਤਵੀਂ ਜਮਾਤ, ਸਵਾਮੀ ਸੰਤ ਦਾਸ ਪਬਲਿਕ ਸਕੂਲ, ਫਗਵਾੜਾ ਨੇ ਹਾਸਲ ਕੀਤਾ; ਜਦਕਿ ਤੀਜਾ ਸਥਾਨ ਖੁਸ਼ਮਨਜੋਤ ਸਿੰਘ, ਦਸਵੀਂ ਜਮਾਤ, ਐਮ.ਜੀ.ਐਨ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਪੂਰਥਲਾ ਨੇ ਪ੍ਰਾਪਤ ਕੀਤਾ।
ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸ. ਕੰਵਰ ਇਕਬਾਲ ਸਿੰਘ, ਵਿਸ਼ੇਸ਼ ਮਹਿਮਾਨ ਡਾ. ਹਰਭਜਨ ਸਿੰਘ ਅਤੇ ਸ਼੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਨਾਨਕ ਬੀ.ਐੱਡ. ਕਾਲਜ, ਕਪੂਰਥਲਾ ਦੀ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਇਸ ਮੌਕੇ ਸ਼੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਅਤੇ ਉਨ੍ਹਾਂ ਦੇ ਸਟਾਫ਼ ਨੇ ਮਹਿਮਾਨਾਂ, ਜੱਜਮੈਂਟ ਪੈਨਲ, ਮੰਚ ਸੰਚਾਲਕ, ਪ੍ਰੀਖਿਆ ਸਹਾਇਕਾਂ ਅਤੇ ਪ੍ਰਬੰਧਕੀ ਟੀਮ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ।
ਇਸ ਮੁਕਾਬਲੇ ਵਿੱਚ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਗੁਰੂ ਨਾਨਕ ਬੀ.ਐੱਡ. ਕਾਲਜ, ਕਪੂਰਥਲਾ ਦੀ ਪ੍ਰਿੰਸੀਪਲ, ਜੱਜਮੈਂਟ ਪੈਨਲ, ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕ ਤੇ ਵਿਦਿਆਰਥੀ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਦਾ ਸਮੂਹ ਸਟਾਫ਼ ਹਾਜ਼ਰ ਸੀ।
