ਹੁਸ਼ਿਆਰਪੁਰ, 06 ਸਤੰਬਰ, 2026:- ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਵਿੱਚ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.)-2026 ਦੇ ਤਹਿਤ ਐਤਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਲਗਾਏ ਗਏ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਆਸ਼ਿਕਾ ਜੈਨ ਨੇ ਖੁਦ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਕੈਂਪਾਂ ਦੇ ਪ੍ਰਬੰਧਾਂ ਅਤੇ ਵੋਟਰ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਕਰੀਬ ਇੱਕ ਦਰਜਨ ਪੋਲਿੰਗ ਬੂਥਾਂ ਦਾ ਨਿਰੀਖਣ ਕੀਤਾ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਮੁੱਖ ਉਦੇਸ਼ ਹਰੇਕ ਯੋਗ ਨਾਗਰਿਕ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣਾ ਅਤੇ ਵੋਟਰਾਂ ਨੂੰ ਚੋਣਾਂ ਸਬੰਧੀ ਵੱਖ-ਵੱਖ ਸੇਵਾਵਾਂ ਇੱਕੋ ਥਾਂ 'ਤੇ ਉਪਲਬਧ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਹਰੇਕ ਯੋਗ ਨਾਗਰਿਕ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾਏ।
ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਬੂਥ ਲੈਵਲ ਅਧਿਕਾਰੀ (ਬੀ.ਐਲ.ਓ.) ਆਪੋ-ਆਪਣੇ ਪੋਲਿੰਗ ਬੂਥਾਂ 'ਤੇ ਮੌਜੂਦ ਰਹੇ ਅਤੇ ਯੋਗ ਨਾਗਰਿਕਾਂ ਤੋਂ ਫਾਰਮ ਨੰਬਰ 6, 6-ਏ ਅਤੇ 8 ਸਮੇਤ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕੀਤੇ ਗਏ। ਆਸ਼ਿਕਾ ਜੈਨ ਨੇ ਦੱਸਿਆ ਕਿ 18 ਤੋਂ 19 ਸਾਲ ਉਮਰ ਵਰਗ ਦੇ ਨੌਜਵਾਨਾਂ ਨੇ ਵੀ ਵੋਟਰ ਰਜਿਸਟ੍ਰੇਸ਼ਨ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ। ਇਸ ਤੋਂ ਇਲਾਵਾ ਦਿਵਿਆਂਗ (ਪੀ.ਡਬਲਿਊ.ਡੀ.) ਵੋਟਰਾਂ ਦੀ ਪਛਾਣ ਕਰਕੇ ਲੋੜੀਂਦੀ ਮਾਰਕਿੰਗ ਲਈ ਫਾਰਮ 8 ਭਰਵਾਏ ਗਏ। ਜ਼ਿਲ੍ਹਾ ਚੋਣ ਅਧਿਕਾਰੀ ਨੇ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਐਸ.ਡੀ.ਐਮ. ਪਰਮਪ੍ਰੀਤ ਸਿੰਘ, ਚੋਣ ਤਹਿਸੀਲਦਾਰ ਰਮਨਦੀਪ ਕੌਰ ਅਤੇ ਚੋਣ ਕਾਨੂੰਗੋ ਲਖਬੀਰ ਸਿੰਘ ਵੀ ਹਾਜ਼ਰ ਸਨ।