ਐਸ ਏ ਐਸ ਨਗਰ, 6 ਜੁਲਾਈ - ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਆਰੀਆ ਸਮਾਜ ਮੰਦਿਰ ਫੇਜ਼-6 ਵਿਖੇ ਗੀਤਕਾਰ ਰਣਜੋਧ ਸਿੰਘ ਰਾਣਾ ਦੀਆਂ ਦੋ ਨਵੇਲੀਆਂ ਪੁਸਤਕਾਂ ‘ਮਹਿਕਾਂ’ ਅਤੇ ‘ਯਾਦਾਂ ਪਿੰਡ ਦੀਆਂ’ ਤੇ ਚਰਚਾ ਅਤੇ ਕਵੀ ਦਰਬਾਰ ਦਾ ਆਯੋਜਨ ਮੁਹਾਲੀ ਵਿਖੇ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਨੇ ਕੀਤੀ। ਇਸ ਮੌਕੇ ਸੂਫੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏਜਦੋਂਕਿ ਉੱਘੇ ਗ਼ਜ਼ਲਗੋ ਸਿਰੀ ਰਾਮ ਅਰਸ਼ ਅਤੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।
ਪ੍ਰੋਗਰਾਮ ਦੇ ਆਰੰਭ ਵਿੱਚ ਮਰਹੂਮ ਸ਼ਾਇਰ ਸੁਰਜੀਤ ਪਾਤਰ, ਅਜਮੇਰ ਸਾਗਰ, ਗੁਰਨਾਮ ਕੌਰ ਅਤੇ ਗੁਰਨਾਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੰਚ ਦੇ ਪ੍ਰਧਾਨ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਮਲਕੀਅਤ ਸਿੰਘ ਔਜਲਾ ਨੂੰ ਮੰਚ ਦਾ ਸਲਾਹਕਾਰ ਅਤੇ ਹਰਪ੍ਰੀਤ ਸਿੰਘ ਬਲੱਗਣ ਨੂੰ ਕਾਰਜਕਾਰੀ ਮੈਂਬਰ ਬਣਾਉਣ ਦਾ ਐਲਾਨ ਕੀਤਾ ਅਤੇ ਭਵਿੱਖ ਵਿੱਚ ਔਰਤ ਦੀ ਸਖਸ਼ੀਅਤ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਦੋ ਸਾਂਝੀਆਂ ਪੁਸਤਕਾਂ ਸੰਪਾਦਿਤ ਕਰਨ ਦਾ ਅਹਿਦ ਵੀ ਕੀਤਾ।
ਇਸ ਮੌਕੇ ਡਾ. ਪੰਨਾ ਲਾਲ ਮੁਸਤਫ਼ਾਬਾਦੀ ਅਤੇ ਮਲਕੀਤ ਸਿੰਘ ਔਜਲਾ ਵੱਲੋਂ ਪੁਸਤਕਾਂ ਤੇ ਪਰਚੇ ਪੜ੍ਹੇ ਗਏ ਜਦੋਂ ਕਿ ਧਿਆਨ ਸਿੰਘ ਕਾਹਲੋਂ, ਭਗਤ ਰਾਮ ਰੰਗਾੜਾ, ਜਸਪਾਲ ਸਿੰਘ ਦੇਸੂਵੀ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਸਿਰੀ ਰਾਮ ਅਰਸ਼ ਅਤੇ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਵਿਚਾਰ ਚਰਚਾ ਵਿੱਚ ਭਾਗ ਲਿਆ ਗਿਆ। ਨਰਿੰਦਰ ਕੌਰ ਲੌਂਗੀਆ ਵੱਲੋਂ ਵੀ ਪੁਸਤਕ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਪੁਸਤਕਾਂ ਦੇ ਰਚੇਤਾ ਰਣਜੋਧ ਸਿੰਘ ਰਾਣਾ ਵੱਲੋਂ ਆਪਣੀਆਂ ਪੁਸਤਕਾਂ ਬਾਰੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਭੁਪਿੰਦਰ ਮਟੌਰੀਆ, ਦਰਸ਼ਨ ਤਿਊਣਾ, ਮਲਕੀਤ ਔਜਲਾ, ਹਰਪ੍ਰੀਤ ਸਿੰਘ ਬਲੱਗਣ, ਜਗਤਾਰ ਸਿੰਘ ਜੋਗ, ਤਰਸੇਮ ਰਾਜ ਤੇ ਗੁਰਜੋਧ ਕੌਰ ਨੇ ਚਰਚਿਤ ਗੀਤਾਂ ਨਾਲ ਹਾਜ਼ਰੀ ਲਵਾਈ। ਇਸ ਉਪਰੰਤ ਜਸਪਾਲ ਸਿੰਘ ਕੰਵਲ, ਬਾਬੂ ਰਾਮ ਦੀਵਾਨਾ, ਮਹਿੰਗਾ ਸਿੰਘ ਕਲਸੀ, ਮੰਦਰ ਗਿੱਲ ਸਾਹਿਬਚੰਦੀਆ, ਗੁਰਮੀਤ ਸਿੰਗਲ, ਪਿਆਰਾ ਸਿੰਘ ਰਾਹੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਬਲਵਿੰਦਰ ਸਿੰਘ ਵੱਲੋਂ ਇੱਕ ਧਾਰਮਿਕ ਮਿੰਨੀ ਕਹਾਣੀ ਪੇਸ਼ ਕੀਤੀ ਗਈ। ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਕੀਤਾ ਗਿਆ।
ਇਸ ਮੌਕੇ ਸ਼ਾਇਰ ਬਾਬੂ ਰਾਮ ਦੀਵਾਨਾ ਨੇ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਨੂੰ ‘ਜਾਪੁ ਸਾਹਿਬ ਵਿਚਾਰ’ ਧਾਰਮਿਕ ਪੁਸਤਕ ਭੇਟ ਕੀਤੀ। ਇਸ ਮੌਕੇ ਤੇ ਡਾ: ਏ. ਕੇ. ਸ਼ਰਮਾ, ਡਾ: ਵੀ. ਕੇ. ਸ਼ਰਮਾ, ਜਗਪਾਲ ਸਿੰਘ, ਦਵਿੰਦਰ ਸਿੰਘ, ਅਮਰਜੀਤ ਕੋਰੀ, ਈਸ਼ਵਰ ਚੰਦਰ, ਨੇ ਹਾਜ਼ਰੀ ਭਰੀ
ਗੀਤਕਾਰ ਰਣਜੋਧ ਰਾਣਾ ਦੀਆਂ ਦੋ ਪੁਸਤਕਾਂ ਤੇ ਚਰਚਾ ਅਤੇ ਕਵੀ ਦਰਬਾਰ ਸੰਪੰਨ
